ਮਾਨਸਾ, 22 ਜੂਨ (ਰਾਵਿੰਦਰ ਸਿੰਘ ਰਵੀ)-ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਅਦਾਰਾ ਜਨਰੇਸ਼ਨ ਆਫ਼ ਫਾਰਮਿੰਗ ਵਲੋਂ ਇੱਥੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਮਾਨਸਾ ਦੇ 350 ਉੱਦਮੀ ਕਿਸਾਨਾਂ ਨੇ ਭਾਗ ਲਿਆ | ਸੰਸਥਾ ਦੇ ਚੀਫ਼ ਮੈਨੇਜਿੰਗ ਡਾਇਰੈਕਟਰ ਬਿਕਰਮਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਪੂਰੇ ਦੇਸ਼ ਨੂੰ ਜ਼ਹਿਰ ਮੁਕਤ ਕਰਨ ਲਈ 'ਘਰ-ਘਰ ਥਾਲ਼ੀ, ਬਿਨਾਂ ਜ਼ਹਿਰ ਵਾਲੀ' ਦੇ ਨਾਅਰੇ ਹੇਠ ਖੇਤਾਂ ਵਿਚ ਕੀਟਨਾਸ਼ਕ, ਨਦੀਨ ਨਾਸ਼ਕ ਅਤੇ ਰਸਾਇਣਿਕ ਖਾਦਾਂ ਦੀ ਹੋ ਰਹੀ ਵਰਤੋ ਨੂੰ ਰੋਕਣ ਦੇ ਉਪਰਾਲੇ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਗੰਡੋਆ ਖਾਂਦਾ ਦੇ ਉਤਪਾਦਨ ਲਈ ਵੱਡੀ ਪੱਧਰ 'ਤੇ ਕੰਟਰੈਕਟ ਫਾਰਮਿੰਗ ਸ਼ੁਰੂ ਕੀਤੀ ਹੈ ਅਤੇ ਸੂਬੇ 'ਚ ਤਕਰੀਬਨ 8 ਹਜ਼ਾਰ ਏਕੜ ਰਕਬਾ ਆਰਗੈਨਿਕ ਖੇਤੀ ਅਧੀਨ ਲਿਆਂਦਾ ਗਿਆ ਹੈ, ਜਿਸ ਵਿਚ ਰਵਾਇਤੀ ਫ਼ਸਲਾਂ ਤੋਂ ਪਰੇ ਹੱਟ ਕੇ ਫ਼ਸਲੀ ਵਿਭਿੰਨਤਾ ਅਪਣਾਉਂਦੇ ਹੋਏ ਬਾਗ਼ਬਾਨੀ ਅਤੇ ਹੋਰ ਘੱਟ ਪਾਣੀ ਵਾਲੀਆਂ ਫ਼ਸਲਾਂ, ਸਬਜ਼ੀਆਂ ਆਦਿ ਉਗਾਈਆਂ ਜਾਂਦੀਆਂ ਹਨ | ਐਮ.ਡੀ. ਜਸਮੀਤ ਸਿੰਘ ਜੱਸੀ ਨੇ ਦੱਸਿਆ ਕਿ ਅਦਾਰਾ ਮਨੁੱਖੀ ਸਿਹਤ ਨੂੰ ਲੋੜੀਂਦੇ ਤੱਤਾ ਦੀ ਪੂਰਤੀ ਲਈ ਵੱਖ-ਵੱਖ 12 ਆਰਗੈਨਿਕ ਪ੍ਰੋਜੈਕਟਾਂ 'ਤੇ ਕੰਮ ਕਰ ਰਿਹਾ ਹੈ ਅਤੇ ਲਗਾਤਾਰ ਕੰਟਰੈਨਿੰਗ ਫਾਰਮ ਵਿਚ ਵਾਧਾ ਕਰ ਰਿਹਾ ਹੈ | ਆਰਗੈਨਿਕ ਖੇਤੀ ਕਰਨ ਲਈ ਕਿਸਾਨਾਂ ਨੂੰ ਸਿਖਲਾਈ ਵੀ ਦਿੱਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸਾਨਾਂ ਨੂੰ ਪੰਜਾਬ ਸਰਕਾਰ ਦੇ ਅਦਾਰੇ ਪੰਜਾਬ ਐਗਰੋ ਤੋਂ 4 ਹਜ਼ਾਰ ਏਕੜ ਨੂੰ ਜ਼ਹਿਰ ਮੁਕਤ ਏਕੜ ਘੋਸ਼ਿਤ ਦੇ ਸਰਟੀਫਿਕੇਟ ਵੀ ਦਿੱਤੇ ਜਾ ਚੁੱਕੇ ਹਨ | ਅਦਾਰੇ ਵਲੋਂ ਆਪਣੇ ਮੈਂਬਰਾਂ ਲਈ ਕੱਢੇ ਲੱਕੀ ਡਰਾਅ 'ਚੋਂ ਧੰਨਾ ਸਿੰਘ ਅਕਲੀਆ ਨੂੰ ਕਾਰ ਨਿਕਲੀ | ਇਸ ਮੌਕੇ ਨਰਾਇਣ ਵਰਮਾ, ਕਰਮਜੀਤ ਵਰਮਾ, ਪਿ੍ਥੀ ਸਿੰਘ ਮਾਨ, ਜਗਤਵੀਰ ਸ਼ਰਮਾ, ਗੁਰਮੀਤ ਸਿੰਘ ਮੱਤੀ, ਮਿੱਠੂ ਸਿੰਘ ਕਾਹਨੇਕੇ, ਸਮਸੇਰ ਸਿੰਘ ਸਰਾਓ, ਸੇਠੀ ਸਿੰਘ ਸਰਾਂ, ਦਰਸ਼ਨ ਸਿੰਘ ਝੱਬਰ, ਬਾਦਸ਼ਾਹ ਸਿੰਘ, ਗੁਰਦੇਵ ਸਿੰਘ ਘੁਮਾਣ, ਗੁਰਮੀਤ ਸਿੰਘ ਗਾਗੋਵਾਲ ਆਦਿ ਹਾਜ਼ਰ ਸਨ |