ਬੋਹਾ, 16 ਅਕਤੂਬਰ (ਰਮੇਸ਼ ਤਾਂਗੜੀ)- ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬੋਹਾ ਵਲੋਂ ਇਕੱਤਰਤਾ ਕੀਤੀ ਗਈ | ਬਲਾਕ ਪ੍ਰਧਾਨ ਸੁਖਪਾਲ ਸਿੰਘ ਹਾਕਮਵਾਲਾ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਪਿੰਡਾਂ 'ਚ ਲੋਕਾਂ ਨੂੰ ਸਾਫ਼-ਸੁਥਰੀਆਂ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਭਾਵੇਂ ਪਿਛਲੀਆਂ ਸਰਕਾਰਾਂ ਪਿੰਡਾਂ ਦੇ ਡਾਕਟਰਾਂ ਨੂੰ ਮਾਨਤਾ ਦੇਣ ਸਬੰਧੀ ਝੂਠੇ ਵਾਅਦੇ ਕਰਦੀਆਂ ਰਹੀਆਂ ਪਰ ਕਿਸੇ ਸਰਕਾਰ ਨੇ ਉਨ੍ਹਾਂ ਦੀ ਮਾਨਤਾ ਵਾਲੀ ਮੰਗ ਪੂਰੀ ਨਹੀਂ ਕੀਤੀ | ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਸੱਤਾ 'ਚ ਆਉਣ 'ਤੇ ਉਨ੍ਹਾਂ ਆਸ ਬੱਝੀ ਸੀ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਮਾਨਤਾ ਦਿੱਤੀ ਜਾਵੇਗੀ ਪਰ ਇਸ ਸਰਕਾਰ ਨੇ ਵੀ ਉਨ੍ਹਾਂ ਦੀ ਮੰਗ ਵੱਲ ਕੋਈ ਹੁੰਗਾਰਾ ਨਹੀਂ ਭਰਿਆ | ਬਲਾਕ ਪ੍ਰਧਾਨ ਨੇ ਕਿਹਾ ਕਿ ਸੂਬਾ ਕਮੇਟੀ ਦੇ ਫ਼ੈਸਲੇ ਮੁਤਾਬਿਕ ਭਵਿੱਖ 'ਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਹਰਬੰਸ ਸਿੰਘ ਭੀਮੜਾ, ਕੇਵਲ ਸਿੰਘ, ਕੁਲਵੰਤ ਸਿੰਘ ਅੱਕਾਂਵਾਲੀ, ਨਿਰਮਲ ਸਿੰਘ ਮੰਡੇਰ, ਹਰਕੇਸ਼ ਸਿੰਘ ਰਿਉਂਦ, ਮਾਨ ਸਿੰਘ ਚੀਮਾ, ਗਮਦੂਰ ਸਿੰਘ ਸ਼ੇਰਖਾਂ, ਗੁਰਬਾਜ ਸਿੰਘ ਸਾਬਕਾ ਸਰਪੰਚ, ਹਰੀ ਸਿੰਘ ਸਸਪਾਲੀ, ਕਰਨੈਲ ਸਿੰਘ ਬੋਹਾ ਆਦਿ ਹਾਜ਼ਰ ਸਨ |