ਮਾਨਸਾ, 17 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੇ ਪਰਾਲੀ ਪ੍ਰਬੰਧਨ ਸਬੰਧੀ ਖੇਤੀਬਾੜੀ ਵਿਕਾਸ ਅਫ਼ਸਰਾਂ ਨਾਲ ਮੀਟਿੰਗ ਮੌਕੇ ਆਦੇਸ਼ ਦਿੱਤੇ ਕਿ ਹਰ ਕਲੱਸਟਰ ਅਫ਼ਸਰ, ਨੋਡਲ ਅਫ਼ਸਰ ਅਤੇ ਸਰਕਲ ਇੰਚਾਰਜ ਅਲਾਟ ਕੀਤੇ ਪਿੰਡਾਂ ਵਿਚ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਹਾਜ਼ਰ ਰਹਿਣਾ ਯਕੀਨੀ ਬਣਾਉਣ | ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ ਅੱਗ ਦੀ ਘਟਨਾ ਦੀ ਸੂਚਨਾ ਪ੍ਰਾਪਤ ਹੁੰਦੀ ਹੈ ਤਾਂ ਤੁਰੰਤ ਫਾਇਰ ਬਿ੍ਗੇਡ ਅਤੇ ਪੁਲਿਸ ਦੀ ਸਹਾਇਤਾ ਨਾਲ ਕਾਰਵਾਈ ਕਰਨ | ਉਨ੍ਹਾਂ ਅਧਿਕਾਰੀਆਂ ਨੂੰ ਕਿਸਾਨਾਂ ਨਾਲ ਲਗਾਤਾਰ ਸੰਪਰਕ ਕਾਇਮ ਰੱਖਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਪਰਾਲੀ ਪ੍ਰਬੰਧਨ ਬਾਰੇ ਜਾਗਰੂਕ ਕਰਕੇ ਉਪਲਬਧ ਖੇਤੀ ਮਸ਼ੀਨਰੀ ਦੀ ਪ੍ਰਭਾਵਸ਼ਾਲੀ ਵਰਤੋਂ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ ਜਾਵੇ | ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਹਰਵਿੰਦਰ ਸਿੰਘ ਸਿੱਧੂ ਨੇ ਜ਼ਿਲ੍ਹੇ ਵਿਚ ਪਰਾਲੀ ਦੇ ਸੁਚੱਜੇ ਪ੍ਰਬੰਧਨ ਸਬੰਧੀ ਵਿਭਾਗ ਵਲੋਂ ਕੀਤੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਕਿਸਾਨਾਂ ਨਾਲ ਤਾਲਮੇਲ ਵਿਚ ਹੈ ਅਤੇ ਜ਼ੀਰੋ ਬਰਨਿੰਗ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ |