ਸੁਲਤਾਨਪੁਰ ਲੋਧੀ, 15 ਜੂਨ (ਨਰੇਸ਼ ਹੈਪੀ)-ਨੌਜਵਾਨ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਮਨੋਜ ਕੁਮਾਰ ਨਾਹਰ ਨੇ ਸਥਾਨਕ ਮੁਹੱਲਾ ਸੈਯਦਾਂ ਵਿਖੇ ਬਸਪਾ ਅੰਬੇਡਕਰ ਦੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਹਲਕੇ ਦੇ ਪਾਰਟੀ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਨੌਜਵਾਨਾਂ ਨੂੰ ਵੱਧ ਤੋਂ ਵੱਧ ਪਾਰਟੀ ਨਾਲ ਜੋੜਨ ਤੇ ਪਾਰਟੀ ਦੀਆਂ ਨੀਤੀਆਂ ਪਿੰਡਾਂ ਤੇ ਸ਼ਹਿਰਾਂ 'ਚ ਘਰ ਘਰ ਲੋਕਾਂ ਤਾਈਾ ਪਹੁੰਚਾਉਣ | ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਦੋਸ਼ ਲਗਾਇਆ ਕਿ ਪੁਲਿਸ ਕਥਿਤ ਤੌਰ 'ਤੇ ਬਿਨ੍ਹਾਂ ਪੈਸਾ ਲਿਆ ਕੰਮ ਨਹੀਂ ਕਰਦੀ ਹੈ ਜਿਸ ਕਰਕੇ ਗ਼ਰੀਬਾਂ ਦੇ ਜ਼ਿਆਦਾਤਰ ਕੰਮ ਨਹੀਂ ਹੁੰਦੇ ਹਨ | ਮਨੋਜ ਨਾਹਰ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਅੰਬੇਡਕਰ ਆਪਣਾ ਸਾਢੇ ਬਾਰਾਂ ਫ਼ੀਸਦੀ ਰਿਜ਼ਰਵੇਸ਼ਨ ਕੋਟਾ ਮਨਜ਼ੂਰ ਕਰਵਾ ਕੇ ਰਹੇਗੀ ਜਿਸ ਦੇ ਲਈ ਛੇਤੀ ਹੀ ਪੂਰੇ ਪੰਜਾਬ ਅੰਦਰ ਜ਼ਿਲ੍ਹਾ ਪੱਧਰ ਤੇ ਡੀ ਸੀ ਸਾਹਿਬਾਨ ਨੂੰ ਮੰਗ ਪੱਤਰ ਦਿੱਤੇ ਜਾਣਗੇ | ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਜੇਕਰ ਫਿਰ ਵੀ ਉਨ੍ਹਾਂ ਦਾ ਹੱਲ ਨਾ ਹੋਇਆ ਤਾਂ ਮੁੱਖ ਮੰਤਰੀ ਪੰਜਾਬ ਦਾ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਬਲਵੰਤ ਸਿੰਘ ਸੁਲਤਾਨਪੁਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਜਿੰਨੀਆਂ ਵੀ ਪਾਰਟੀਆਂ ਦੇਸ਼ ਅੰਦਰ ਸੱਤਾ ਵਿਚ ਆਈਆਂ, ਉਨ੍ਹਾਂ ਸਾਰਿਆਂ ਨੇ ਹੀ ਗ਼ਰੀਬਾਂ ਤੇ ਦਲਿਤਾਂ ਨੂੰ ਰੱਜ ਕੇ ਕੁੱਟਿਆ ਤੇ ਲੁੱਟਿਆ ਹੈ | ਬਸਪਾ ਅੰਬੇਡਕਰ ਦੇ ਸੀਨੀਅਰ ਆਗੂ ਪਿਆਰਾ ਲਾਲ ਭੱਟੀ ਨੇ ਪਾਰਟੀ ਦੇ ਕੌਮੀ ਪ੍ਰਧਾਨ ਮਨੋਜ ਨਾਹਰ ਤੇ ਹੋਰ ਸੂਬਾਈ ਆਗੂਆਂ ਤੋਂ ਇਲਾਵਾ ਵਰਕਰਾਂ ਦਾ ਧੰਨਵਾਦ ਕੀਤਾ ਤੇ ਪ੍ਰਧਾਨ ਮਨੋਜ ਨਾਹਰ ਨੂੰ ਭਰੋਸਾ ਦਵਾਇਆ ਕਿ ਉਹ ਪਾਰਟੀ ਦੀਆਂ ਨੀਤੀਆਂ ਲੋਕਾਂ ਤਾਈਾ ਘਰ-ਘਰ ਪਹੁੰਚਾ ਕੇ ਪਾਰਟੀ ਦਾ ਦਾਇਰਾ ਵੱਡਾ ਕਰਨਗੇ | ਇਸ ਮੌਕੇ ਸੂਬਾਈ ਆਗੂ ਜਗਤਾਰ ਸਿੰਘ ਤਲਵੰਡੀ ਚੌਧਰੀਆਂ, ਸਾਬਕਾ ਕੌਂਸਲਰ ਗੋਗੀ ਭੱਟੀ, ਸੁਭਾਸ਼ ਲਾਹੌਰਾ, ਸਤਪਾਲ ਸਾਗਰ, ਗੌਰਵ ਸਹੋਤਾ, ਕੇਵਲ ਕਿ੍ਸ਼ਨ, ਰਿੰਕੂ ਲਾਹੌਰਾ, ਵਿਕਾਸ ਭੱਟੀ, ਮਨਮੋਹਨ ਸਿੰਘ, ਰਾਜ ਕੁਮਾਰ ਰਾਜੂ, ਬਲਜਿੰਦਰ ਸਿੰਘ ਪ੍ਰਧਾਨ ਯੂਥ ਵਿੰਗ ਜ਼ਿਲ੍ਹਾ ਕਪੂਰਥਲਾ, ਰਣਜੀਤ ਸਿੰਘ ਹਲਕਾ ਇੰਚਾਰਜ ਕਪੂਰਥਲਾ, ਅਮਰੀਕ ਸਿੰਘ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ, ਗੁਰਮੀਤ ਕੌਰ ਇੰਚਾਰਜ ਮਹਿਲਾ ਵਿੰਗ, ਸੁਭਾਸ਼ ਸਹੋਤਾ ਆਦਿ ਹਾਜ਼ਰ ਸਨ |