ਫਗਵਾੜਾ, 16 ਜੂਨ (ਹਰਜੋਤ ਸਿੰਘ ਚਾਨਾ)-ਫਗਵਾੜਾ ਸ਼ਹਿਰ ਦੇ ਨਜ਼ਦੀਕੀ ਪਿੰਡ ਵਾਹਦ ਵਿਚ ਬੀਤੀ ਰਾਤ ਇੱਕ ਭਿਆਨਕ ਹਾਦਸਾ ਵਾਪਰਿਆ ਜਦੋਂ ਪਰਾਲੀ ਨਾਲ ਲੱਦੀਆਂ ਟਰਾਲੀਆਂ ਬਿਜਲੀ ਦੀਆਂ ਨੀਵੀਆਂ ਤਾਰਾਂ ਨਾਲ ਟੱਕਰਾ ਗਈਆਂ | ਟਕਰਾਉਣ ਦੇ ਤੁਰੰਤ ਬਾਅਦ ਟਰਾਲੀਆਂ ਨੂੰ ਅੱਗ ਲੱਗ ਗਈ, ਜਿਸ ਨੇ ਕੁੱਝ ਹੀ ਸਮੇਂ ਵਿਚ ਭਿਆਨਕ ਰੂਪ ਧਾਰ ਲਿਆ | ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਟਰਾਲੀਆਂ ਕਿਸੇ ਕੰਪਨੀ ਦੀਆਂ ਸਨ, ਜੋ ਪਰਾਲੀ ਲੈ ਕੇ ਜਾ ਰਹੀਆਂ ਸਨ | ਪਿੰਡ ਦੇ ਨਜ਼ਦੀਕ ਟਰਾਂਸਫ਼ਾਰਮਰ ਦੀਆਂ ਤਾਰਾਂ ਬਹੁਤ ਹੀ ਨੀਵੀਆਂ ਸਨ ਜਿਸ ਕਰਕੇ ਟਰਾਲੀਆਂ ਉਨ੍ਹਾਂ ਨਾਲ ਟੱਕਰਾ ਗਈਆਂ | ਟਕਰਾਉਣ ਕਾਰਨ ਸਪਾਰਕਿੰਗ ਹੋਈ ਤੇ ਤੁਰੰਤ ਅੱਗ ਲੱਗ ਗਈ | ਪਲਵਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਇਸ ਹਾਦਸੇ ਦੌਰਾਨ ਨਾ ਸਿਰਫ਼ ਟਰਾਲੀਆਂ ਸੜੀਆਂ, ਸਗੋਂ ਉਨ੍ਹਾਂ ਦੀ ਨਿੱਜੀ ਜਾਇਦਾਦ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ | ਹਾਲਾਂਕਿ, ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ, ਪਰ ਅੱਗ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ |
ਪਰਾਲੀ ਨਾਲ ਲੱਦੀਆਂ ਟਰਾਲੀਆਂ ਨੂੰ ਲੱਗੀ ਅੱਗ
ਅਜੀਤ ਡੈਸਕ
17-06-2025