ਭੁਲੱਥ, 16 ਜੂਨ (ਮੇਹਰ ਚੰਦ ਸਿੱਧੂ)-ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਲੰਬੇ ਸਮੇਂ ਤੋਂ ਇਹ ਯਤਨ ਕਰ ਰਿਹਾ ਹਾਂ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ 'ਤੇ ਗੁਜਰਾਤ, ਰਾਜਸਥਾਨ ਤੇ ਉੱਤਰਾਖੰਡ 'ਚ ਜੋ ਕਾਨੂੰਨ ਬਣਾਇਆ ਗਿਆ ਹੈ ਕਿ ਬਾਹਰੋਂ ਕੋਈ ਵੀ ਵਿਅਕਤੀ ਆ ਕੇ ਉਨ੍ਹਾਂ ਦੇ ਸੂਬਿਆਂ 'ਚ ਨਾ ਵੋਟ ਬਣਾ ਸਕੇ, ਨਾ ਜ਼ਮੀਨ ਖ਼ਰੀਦ ਸਕੇ ਤੇ ਨਾ ਹੀ ਉੱਥੇ ਕੋਈ ਸਰਕਾਰੀ ਨੌਕਰੀ ਲੈ ਸਕੇ | ਉਨ੍ਹਾਂ ਕਿਹਾ ਕਿ ਪੰਜਾਬ ਦੀ ਸੁਰੱਖਿਆ ਲਈ ਬਾਹਰੋਂ ਆ ਕੇ ਵੱਸਣ ਵਾਲੇ ਲੋਕਾਂ ਸਬੰਧੀ ਕਾਨੂੰਨ ਤੁਰੰਤ ਬਣਾਇਆ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਮੈਂ ਬਾਹਰੋਂ ਆਏ ਲੋਕਾਂ ਦੇ ਖ਼ਿਲਾਫ਼ ਨਹੀਂ ਆ ਜੇਕਰ ਉਹ ਕਾਨੂੰਨ ਅਨੁਸਾਰ ਸ਼ਰਤਾਂ ਪੂਰੀਆਂ ਕਰਕੇ ਕੰਮ ਕਰਨ ਤੇ ਕਮਾਈ ਕਰਕੇ ਵਾਪਸ ਜਾਣ, ਲੇਕਿਨ ਬਾਹਰੋਂ ਯੂ.ਪੀ., ਬਿਹਾਰ ਤੋਂ ਆਉਣ ਵਾਲੇ ਲੋਕਾਂ ਦੀ ਕੋਈ ਸ਼ਨਾਖ਼ਤ ਨਹੀਂ ਹੈ, ਜੇਕਰ ਪੰਜਾਬ ਅੰਦਰ ਇਹ ਕਾਨੂੰਨ ਬਣੇਗਾ ਤਾਂ ਸਾਡੀ ਸੱਭਿਅਤਾ ਦੀ ਸੁਰੱਖਿਆ ਹੋਵੇਗੀ | ਪੰਜਾਬ ਦੀ ਸੁਰੱਖਿਆ ਤੇ ਇਸ ਦੇ ਸੰਤੁਲਨ ਨੂੰ ਬਚਾਉਣ ਲਈ ਇਹ ਕਾਨੂੰਨ ਬਹੁਤ ਜ਼ਰੂਰੀ ਹੈ |