ਬੇਗੋਵਾਲ, 20 ਜੂਨ (ਸੁਖਜਿੰਦਰ ਸਿੰਘ)-ਐਂਟੀਕੁਰੱਪਸ਼ਨ ਐਸੋਸੀਏਸ਼ਨ ਇਕਾਈ ਬੇਗੋਵਾਲ ਦੀ ਮੀਟਿੰਗ ਪ੍ਰਧਾਨ ਸੰਗਤ ਸਿੰਘ ਸੁਦਾਮਾ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ਜਿੱਥੇ ਵੱਖ-ਵੱਖ ਮਸਲਿਆਂ 'ਤੇ ਵਿਚਾਰਾਂ ਕੀਤੀਆਂ ਗਈਆਂ, ਉੱਥੇ ਵੱਖ-ਵੱਖ ਅਹੁਦੇਦਾਰਾਂ ਵਲੋਂ ਕਿਹਾ ਗਿਆ ਕਿ ਕਸਬਾ ਬੇਗੋਵਾਲ 'ਚ ਧੜੱਲੇ ਨਾਲ ਇੰਨੀ ਦਿਨੀ ਬਹੁਤ ਹੀ ਘਟੀਆ ਕਿਸਮ ਦਾ ਪਨੀਰ ਦੁਕਾਨਾਂ 'ਤੇ ਵਿੱਕ ਰਿਹਾ ਹੈ ਜੋ ਜਿੱਥੇ ਸਿੱਧਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ, ਉੱਥੇ ਸਿਹਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੈ | ਇਸ ਮੌਕੇ ਆਪ ਕੌਂਸਲਰ ਦਲਜੀਤਮ ਸਿੰਘ ਮੰਡਾ ਤੇ ਸੰਗਤ ਸਿੰਘ ਸੁਦਾਮਾ ਨੇ ਦੱਸਿਆ ਹੈ ਕਿ ਇਹ ਘਟੀਆ ਕਿਸਮ ਦੇ ਪਨੀਰ ਦਾ ਧੰਦਾ ਲੰਬੇ ਸਮੇਂ ਤੋਂ ਬੇਗੋਵਾਲ 'ਚ ਚੱਲ ਰਿਹਾ ਹੈ ਜਿਸ ਵੱਲ ਸਿਹਤ ਵਿਭਾਗ ਦਾ ਵੀ ਕੋਈ ਧਿਆਨ ਨਹੀਂ ਹੈ ਤੇ ਲੋਕ ਵੀ ਅਣਜਾਣ ਬਣੇ ਇਸ ਘਟੀਆ ਕਿਸਮ ਦੇ ਪਨੀਰ ਨੂੰ ਖ਼ਰੀਦ ਕੇ ਖਾ ਰਹੇ ਹਨ | ਉਨ੍ਹਾਂ ਕਿਹਾ ਕਿ ਦੇਖਿਆ ਜਾ ਰਿਹਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸਿਹਤ ਵਿਭਾਗ ਵਲੋਂ ਘਟੀਆ ਕਿਸਮ ਦਾ ਪਨੀਰ ਵੇਚਣ ਵਾਲਿਆਂ ਦਾ ਕਦੀ ਸੈਂਪਲ ਹੀ ਨਹੀਂ ਲਿਆ ਜਿਸ ਕਰਕੇ ਬੇਖ਼ੌਫ ਦੁਕਾਨਦਾਰ ਆਪਣੇ ਇਸ ਧੰਦੇ ਨੂੰ ਚਲਾ ਰਹੇ ਹਨ | ਦੇਖਿਆ ਜਾਵੇ ਤਾਂ ਕਸਬੇ ਵਿਚ ਇਹ ਪਨੀਰ ਬਾਹਰਲੇ ਸ਼ਹਿਰਾਂ ਤੋਂ ਆਉਂਦਾ ਹੈ ਜੋ ਦੁਕਾਨਦਾਰ ਘੱਟ ਕੀਮਤੀ ਤੇ ਖ਼ਰੀਦ ਕੇ ਵੱਧ ਕੀਮਤ 'ਤੇ ਵੇਚ ਰਹੇ ਹਨ ਜੋ ਕਿ ਬਹੁਤ ਹੀ ਘਟੀਆ ਕੁਆਲਿਟੀ ਦਾ ਹੁੰਦਾ ਹੈ ਜੋ ਮਿਲਾਵਟ ਕਰਕੇ ਬਣਾਇਆ ਜਾਂਦਾ ਹੈ | ਇਸ ਮੌਕੇ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਤਰ੍ਹਾਂ ਦਾ ਘਟੀਆ ਕਿਸਮ ਦਾ ਪਨੀਰ ਵੇਚਣ ਵਾਲਿਆਂ ਨੂੰ ਨੱਥ ਪਾਈ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾਂ ਹੋਵੇ | ਇਸ ਮੌਕੇ ਦਲਜੀਤਮ ਸਿੰਘ ਮੰਡਾ, ਬਾਬਾ ਹਰੀਸ਼ ਅਰੋੜਾ, ਸੁਖਚੈਨ ਸਿੰਘ ਮੁਰੱਬੀਆ, ਕੁਲਵੰਤ ਸਿੰਘ ਘੋਤੜਾ, ਮਨਜੀਤਪਾਲ ਸਿੰਘ, ਜਗਜੀਤ ਸਿੰਘ ਦਾਰਾ, ਮਨਜੀਤਪਾਲ ਸਿੰਘ, ਅਮਰਜੋਤ ਸਿੰਘ ਜੱਜ, ਸੁਖਵਿੰਦਰ ਸਿੰਘ ਪੇ੍ਰਮ, ਅਮਰੀਕ ਸਿੰਘ ਰਾਵਾਂ, ਗੁਰਦੀਪ ਸਿੰਘ, ਗੁਰਬਚਨ ਸਿੰਘ ਆਦਿ ਹਾਜ਼ਰ ਸਨ |