ਜਲੰਧਰ, 20 ਜੂਨ (ਅ.ਬ.)-ਸਕੂਲ ਪ੍ਰਬੰਧਨ ਤੇ ਪਿ੍ੰਸੀਪਲ ਸ਼੍ਰੀਮਤੀ ਪ੍ਰਵੀਨ ਸ਼ੈਲੀ ਦੀ ਅਗਵਾਈ ਹੇਠ, ਵਿਦਿਆਰਥੀਆਂ ਨੇ ਵੱਖ-ਵੱਖ ਕਿਰਿਆਵਾਂ, ਆਸਣਾਂ ਤੇ ਯੋਗ ਦੇ ਨਿਰੰਤਰ ਅਭਿਆਸ ਰਾਹੀਂ ਸਰੀਰ ਅਤੇ ਮਨ ਦੀ ਸ਼ੁੱਧਤਾ ਪ੍ਰਤੀ ਜਾਗਰੂਕਤਾ ਦਾ ਇੱਕ ਪ੍ਰੇਰਨਾਦਾਇਕ ਅਨੁਭਵ ਪ੍ਰਾਪਤ ਕੀਤਾ | 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ, ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਸਰਮਸਤਪੁਰ, ਜਲੰਧਰ ਦੇ ਆਯੁਰਵੈਦਿਕ ਮੈਡੀਕਲ ਅਫਸਰ, ਡਾ. ਅਦਿਤੀ ਸੋਂਧੀ ਤੇ ਸ਼੍ਰੀਮਤੀ ਜੇਨਿਥ ਲਹਿਲ ਨੇ ਵਿਦਿਆਰਥੀਆਂ ਨਾਲ ਭਾਰਤੀ ਸੱਭਿਆਚਾਰ ਦੇ ਇੱਕ ਪ੍ਰਾਚੀਨ ਰੂਪ ਯੋਗ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਯੋਗ ਅਭਿਆਸਾਂ ਦੇ ਲਾਭਾਂ ਬਾਰੇ ਦੱਸਿਆ ਤੇ ਉਨਾਂ ਨੂੰ ਜਾਗਰੂਕ ਕੀਤਾ ਕਿ ਨਿਰੰਤਰ ਯੋਗ ਨਾ ਸਿਰਫ਼ ਸਰੀਰ ਨੂੰ ਰੋਗ ਮੁਕਤ ਕਰਦਾ ਹੈ ਬਲਕਿ ਮਨ ਤੇ ਬੁੱਧੀ ਨੂੰ ਵੀ ਸ਼ਾਂਤ ਤੇ ਪ੍ਰਕਾਸ਼ਮਾਨ ਕਰਦਾ ਹੈ | ਯੋਗ ਨੂੰ ਆਪਣੀ ਜੀਵਨਸ਼ੈਲੀ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਉਤਸ਼ਾਹਿਤ ਕਰਦੇ ਹੋਏ, ਉਨ੍ਹਾਂ ਵਿਦਿਆਰਥੀਆਂ ਨੂੰ ਪਦਮਾਸਨ, ਤਾਡਾਸਨ, ਧਨੁਰਾਸਨ, ਭੁਜੰਗਾਸਨ, ਹਲਾਸਨ, ਤਿ੍ਕੋਣਾਸਨ ਆਦਿ ਵਰਗੇ ਮਿਸ਼ਰਿਤ ਆਸਣਾਂ ਦਾ ਅਭਿਆਸ ਕਰਨਾ ਸਿਖਾਇਆ ਅਤੇ ਦੱਸਿਆ ਕਿ ਯੋਗ ਤਾਕਤ, ਸੰਤੁਲਨ ਅਤੇ ਲਚਕਤਾ ਵਧਾਉਂਦਾ ਹੈ | ਪਿ੍ੰਸੀਪਲ ਸ੍ਰੀਮਤੀ ਪ੍ਰਵੀਨ ਸ਼ੈਲੀ ਨੇ ਮਾਰਗਦਰਸ਼ਕ ਇੰਸਟ੍ਰਕਟਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਯੋਗਾ ਭਾਰਤ ਦੀ ਪ੍ਰਾਚੀਨ ਸੰਸਕਿ੍ਤੀ ਦਾ ਇੱਕ ਅਨਮੋਲ ਤੋਹਫ਼ਾ ਹੈ, ਜੋ ਪੂਰੀ ਦੁਨੀਆ ਨੂੰ ਸਿਹਤ, ਸੰਤੁਲਨ ਤੇ ਸ਼ਾਂਤੀ ਦਾ ਰਸਤਾ ਦਿਖਾ ਰਿਹਾ ਹੈ |