13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਤਿੰਨ ਹਫ਼ਤਿਆਂ ਤੋਂ ਪਾਣੀ ਦੀ ਮਾਰ ਹੇਠ ਆਏ ਮੰਡ ਖੇਤਰ ਦੇ ਲੋਕਾਂ ਨੂੰ ਅਜੇ ਤੱਕ ਵੀ ਕੋਈ ਰਾਹਤ ਨਹੀਂ

ਅਜੀਤ ਡੈਸਕ 01-09-2025

• ਪੰਜਾਬ ਦੇ ਮੁੱਖ ਸਕੱਤਰ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ
ਕਪੂਰਥਲਾ, 31 ਅਗਸਤ (ਅਮਰਜੀਤ ਕੋਮਲ)- ਦਰਿਆ ਬਿਆਸ ਦੇ ਮੰਡ ਖੇਤਰ ਵਿਚ ਕਪੂਰਥਲਾ, ਸੁਲਤਾਨਪੁਰ ਲੋਧੀ ਤੇ ਭੁਲੱਥ ਸਬ-ਡਵੀਜ਼ਨਾਂ ਦੇ ਪਿਛਲੇ ਤਿੰਨ ਹਫ਼ਤਿਆਂ ਤੋਂ ਹੜ੍ਹ ਦੀ ਮਾਰ ਹੇਠ ਆਏ ਲੋਕਾਂ ਨੂੰ ਅਜੇ ਤੱਕ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ | ਲਗਾਤਾਰ ਪਾਣੀ ਵਗਣ ਨਾਲ ਦਰਿਆ ਬਿਆਸ ਦਾ ਐਡਵਾਂਸ ਧੁੱਸੀ ਬੰਨ੍ਹ ਵਿਚ ਪਿੰਡ ਅੰਮਿ੍ਤਪੁਰ ਨੇੜੇ ਤੇ ਗੋਇੰਦਵਾਲ ਸਾਹਿਬ ਪੁਲ ਤੋਂ ਲੈ ਕੇ ਮੰਡ ਖ਼ਿਜਰਪੁਰ ਤੱਕ ਲੋਕਾਂ ਵਲੋਂ ਬਣਾਏ ਗਏ 9 ਕਿੱਲੋਮੀਟਰ ਲੰਬੇ ਬੰਨ ਵਿਚ ਸੇਮ ਨਿਰੰਤਰ ਪੈ ਰਹੀ ਹੈ | ਮੌਸਮ ਵਿਭਾਗ ਵਲੋਂ ਭਾਰੀ ਬਾਰਿਸ਼ ਦੀ ਚਿਤਾਵਨੀ ਤੋਂ ਬਾਅਦ ਪ੍ਰਭਾਵਿਤ ਲੋਕਾਂ ਦੇ ਸਾਹ ਸੂਤੇ ਗਏ ਹਨ | ਅੱਜ ਸਵੇਰੇ ਪਾਣੀ ਦੇ ਵੱਧ ਰਹੇ ਵਹਾਅ ਨੂੰ ਮੁੱਖ ਰੱਖਦਿਆਂ ਜ਼ਿਲ੍ਹੇ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨਾਲ ਸਬੰਧਿਤ ਅਧਿਕਾਰੀਆਂ ਤੇ ਕਰਮਚਾਰੀਆਂ ਮੋਟਰ-ਬੋਟ ਰਾਹੀਂ ਮੰਡ ਖੇਤਰ ਦੇ ਟਾਪੂਨੁਮਾ ਪਿੰਡ ਬਾਊਪੁਰ, ਸਾਂਗਰਾ ਤੇ ਹੋਰ ਹੜ੍ਹ ਵਿਚ ਘਿਰੇ ਪਿੰਡਾਂ ਵਿਚ ਘਰ-ਘਰ ਜਾ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਛੱਡ ਕੇ ਬਾਹਰ ਆਉਣ | ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਰਿਹਾਇਸ਼, ਖਾਣੇ ਤੇ ਦਵਾਈਆਂ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਲੋਕਾਂ ਨੂੰ ਸੁਚੇਤ ਕੀਤਾ ਕਿ ਜੇਕਰ ਰਾਤ ਨੂੰ ਪਾਣੀ ਵੱਧ ਜਾਂਦਾ ਹੈ ਤਾਂ ਉਸ ਸਮੇਂ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣਾ ਬਹੁਤ ਹੀ ਔਖਾ ਹੋਵੇਗਾ | ਅੱਜ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਪਹਿਲਾਂ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਫੌਜ ਤੇ ਐਸ.ਡੀ.ਆਰ.ਐਫ. ਦੀ ਮਦਦ ਨਾਲ ਕੀਤੇ ਜਾ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਵੀ ਲਿਆ | ਬਾਅਦ ਵਿਚ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਜਾ ਕੇ ਪ੍ਰਭਾਵਿਤ ਲੋਕਾਂ ਦਾ ਹਾਲ-ਚਾਲ ਪੁੱਛਿਆ ਤੇ ਉਨ੍ਹਾਂ ਨੂੰ ਰਾਹਤ ਸਮਗਰੀ ਵੀ ਤਕਸੀਮ ਕੀਤੀ | ਡਿਪਟੀ ਕਮਿਸ਼ਨਰ ਨੇ ਮੁੱਖ ਸਕੱਤਰ ਨੂੰ ਪ੍ਰਸ਼ਾਸਨ ਵਲੋਂ ਕੀਤੇ ਗਏ ਰਾਹਤ ਕਾਰਜਾਂ ਬਾਰੇ ਜਾਣੂ ਕਰਵਾਇਆ | ਵਰਨਣਯੋਗ ਹੈ ਕਿ ਅੱਜ ਸ਼ਾਮ 7 ਵਜੇ ਦਰਿਆ ਬਿਆਸ 'ਚ ਪਾਣੀ ਦਾ ਵਹਾਅ 2 ਲੱਖ 21777 ਕਿਊਸਿਕ ਰਿਕਾਰਡ ਕੀਤਾ ਗਿਆ ਜੋ ਖ਼ਤਰੇ ਦੇ ਨਿਸ਼ਾਨ ਤੋਂ ਲਗਭਗ ਇਕ ਫੁੱਟ ਹੇਠਾਂ ਚੱਲ ਰਿਹਾ ਹੈ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੜ੍ਹ 'ਚ ਘਿਰੇ ਪਿੰਡਾਂ ਦੇ ਲੋਕਾਂ ਨੂੰ ਫੌਜ ਤੋਂ ਐਸ.ਡੀ.ਆਰ.ਐਫ. ਟੀਮਾਂ ਦੀ ਮਦਦ ਨਾਲ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੁਣ ਤੱਕ 1300 ਲੋਕਾਂ ਨੂੰ ਪਿੰਡਾਂ ਤੇ ਡੇਰਿਆਂ ਵਿਚੋਂ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਚੁੱਕਾ ਹੈ | ਭਾਵੇਂ ਪ੍ਰਸ਼ਾਸਨਿਕ ਅਧਿਕਾਰੀ ਹੜ੍ਹ ਵਿਚ ਘਿਰੇ ਲੋਕਾਂ ਨੂੰ ਬਾਹਰ ਆਉਣ ਲਈ ਨਿਰੰਤਰ ਅਪੀਲਾਂ ਕਰ ਰਹੇ ਹਨ ਪਰ ਘਰਾਂ ਵਿਚ ਚੋਰੀ ਹੋਣ ਦੇ ਡਰ ਤੋਂ ਲੋਕ ਆਪਣੇ ਘਰ ਛੱਡਣ ਲਈ ਤਿਆਰ ਨਹੀਂ | ਦੱਸਿਆ ਜਾਂਦਾ ਹੈ ਕਿ ਮੰਡ ਖੇਤਰ ਦੇ ਦਰਜਨ ਤੋਂ ਵੱਧ ਟਾਪੂਨੁਮਾ ਪਿੰਡਾਂ ਦੇ ਲੋਕਾਂ ਨੇ ਦਰਿਆ ਬਿਆਸ ਵਿਚ ਵੱਧ ਰਹੇ ਪਾਣੀ ਦੇ ਪੱਧਰ ਨੂੰ ਮੁੱਖ ਰੱਖਦਿਆਂ ਪਹਿਲਾਂ ਹੀ ਆਪਣੇ ਛੋਟੇ ਬੱਚੇ ਜਾਂ ਬੀਬੀਆਂ ਆਪਣੇ ਰਿਸ਼ਤੇਦਾਰਾਂ ਜਾਂ ਹੋਰ ਸੁਰੱਖਿਅਤ ਥਾਵਾਂ 'ਤੇ ਭੇਜ ਦਿੱਤੀਆਂ ਹਨ | ਲੋਕਾਂ ਨੇ ਆਪਣੀਆਂ ਛੱਤਾਂ 'ਤੇ ਜ਼ਰੂਰੀ ਸਾਮਾਨ ਰੱਖਿਆ ਹੋਇਆ ਤੇ ਹਰ ਘਰ ਵਿਚੋਂ ਇਕ ਦੋ ਵਿਅਕਤੀ ਆਪਣੇ ਘਰਾਂ ਦੀ ਰਾਖੀ ਕਰ ਰਹੇ ਹਨ | ਇਸੇ ਤਰ੍ਹਾਂ ਕਪੂਰਥਲਾ ਸਬ-ਡਵੀਜ਼ਨ ਦੇ ਮੰਡ ਖੇਤਰ ਵਿਚ ਪੈਂਦੇ ਪਿੰਡ ਬਾਗੂਵਾਲ, ਕੰਮੇਵਾਲ ਦੇ ਲੋਕ ਪਿਛਲੇ 20 ਦਿਨਾਂ ਤੋਂ ਦਰਿਆ ਬਿਆਸ ਦੇ ਐਡਵਾਂਸ ਧੁੱਸੀ ਬੰਨ 'ਤੇ ਤੰਬੂ ਲਾਈ ਬੈਠੇ ਹਨ, ਇਨ੍ਹਾਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸੰਤ ਬਾਬਾ ਲੀਡਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਦੇ ਸੇਵਾਦਾਰਾਂ ਵਲੋਂ ਸਵੇਰ ਸ਼ਾਮ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਪਿਛਲੇ ਦਿਨੀਂ ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆਂ, ਰਾਜ ਸਭਾ ਮੈਂਬਰ ਡਾ. ਅਸ਼ੋਕ ਮਿੱਤਲ ਵਲੋਂ ਰਾਸ਼ਨ ਤੇ ਹੋਰ ਸਮੱਗਰੀ ਤਕਸੀਮ ਕੀਤੀ ਜਾ ਚੁੱਕੀ ਹੈ | ਇਸ ਤੋਂ ਇਲਾਵਾ ਕੁੱਝ ਸਮਾਜ ਸੇਵੀ ਸੰਸਥਾਵਾਂ ਵੀ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ ਦੇ ਨਾਲ-ਨਾਲ ਉਨ੍ਹਾਂ ਦੇ ਪਸ਼ੂ ਧਨ ਲਈ ਚਾਰੇ ਦਾ ਪ੍ਰਬੰਧ ਕਰ ਰਹੇ ਹਨ | ਇਸੇ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਂਵਾਲ ਨੇ 'ਅਜੀਤ' ਨੂੰ ਫ਼ੋਨ 'ਤੇ ਦੱਸਿਆ ਕਿ ਅੱਜ ਤੱਕ ਹੜ੍ਹ ਦੇ ਪਾਣੀ ਦੀ ਲਪੇਟ 'ਚ ਮੰਡ ਬਾਊਪੁਰ, ਬਾਊਪੁਰ ਜਦੀਦ, ਸਾਂਗਰਾ ਤੇ ਰਾਮਪੁਰ ਗੌਰੇ ਵਿਚ ਲੋਕਾਂ ਦੇ 6 ਮਕਾਨ ਹੜ੍ਹ ਕਾਰਨ ਡਿੱਗ ਚੁੱਕੇ ਹਨ | ਉਨ੍ਹਾਂ ਕਿਹਾ ਕਿ ਜੇਕਰ ਪਾਣੀ ਨਹੀਂ ਘੱਟਦਾ ਅਗਲੇ ਦਿਨਾਂ 'ਚ ਹੋਰ ਮਕਾਨ ਵੀ ਡਿੱਗੇ ਜਾਣ ਦਾ ਖ਼ਦਸ਼ਾ ਹੈ |
ਡਿਪਟੀ ਕਮਿਸ਼ਨਰ ਵਲੋਂ ਆਹਲੀ ਕਲਾਂ ਦੇ ਰਾਹਤ ਕੇਂਦਰ ਦਾ ਜਾਇਜ਼ਾ
ਗੁਰਦੁਆਰਾ ਰਬਾਬਸਰ ਸਾਹਿਬ ਭਰੋਆਣਾ ਵਿਖੇ ਵੀ ਰਾਹਤ ਕੇਂਦਰ ਸਥਾਪਤ

ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ, ਥਿੰਦ)-ਜ਼ਿਲ੍ਹਾ ਪ੍ਰਸ਼ਾਸਨ ਨੇ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਦੇ ਮੱਦੇਨਜ਼ਰ ਜਿੱਥੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚੋਂ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ਉੱਪਰ ਜਾਣ ਦੀ ਅਪੀਲ ਕੀਤੀ ਹੈ ਉੱਥੇ ਹੀ ਹੁਣ ਸਿਵਲ ਤੇ ਪੁਲਿਸ ਦੇ ਅਧਿਕਾਰੀਆਂ/ਕਰਮਚਾਰੀਆਂ ਵਲੋਂ ਟੀਮਾਂ ਬਣਾ ਕੇ ਲੋਕਾਂ ਨੂੰ ਘਰ-ਘਰ ਜਾ ਕੇ ਨਾਲ ਆਉਣ ਦੀ ਬੇਨਤੀ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਪੁਲਿਸ ਕਰਮਚਾਰੀਆਂ ਵਲੋਂ ਕਿਸ਼ਤੀਆਂ ਵਿਚ ਪੋਰਟੇਬਲ ਮਾਈਕ ਰਾਹੀਂ ਹੜ੍ਹ ਵਾਲੇ ਖੇਤਰਾਂ ਵਿਚ ਜ਼ੋਰਦਾਰ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਪਰ ਜਾਣ ਲਈ ਪ੍ਰੇਰਿਤ ਕੀਤਾ ਜਾ ਸਕੇ | ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਵਲੋਂ ਬਿਆਸ ਦਾ ਪਾਣੀ 2.37 ਲੱਖ ਕਿਊਸਿਕ ਉਪਰ ਜਾਣ ਪਿੱਛੋਂ ਲੋਕਾਂ ਨੂੰ ਅਲਰਟ ਕਰਦਿਆਂ ਤੁਰੰਤ ਐਸ.ਡੀ.ਆਰ.ਐਫ. ਤੇ ਆਰਮੀ ਦੀ ਸਹਾਇਤਾ ਨਾਲ ਬਾਹਰ ਆਉਣ ਦੀ ਅਪੀਲ ਕੀਤੀ ਗਈ ਸੀ | ਕੁੱਝ ਲੋਕਾਂ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਆਪਣੇ ਘਰਾਂ ਵਿਚ ਹੀ ਰਹਿਣ ਨੂੰ ਤਰਜੀਹ ਦਿੱਤੇ ਜਾਣ ਦੇ ਮੱਦੇਨਜ਼ਰ ਪ੍ਰਸ਼ਾਸਨ ਵਲੋਂ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਬਾਊਪੁਰ ਜਦੀਦ, ਮੁਹੰਮਦਾਬਾਦ, ਸਾਂਗਰਾ, ਭੈਣੀ ਕਾਦਰ ਬਖ਼ਸ਼, ਰਾਮਪੁਰ ਗੌਰੇ ਵਿਖੇ 5 ਵੱਖ-ਵੱਖ ਟੀਮਾਂ ਬਣਾ ਕੇ ਲੋਕਾਂ ਨੂੰ ਪੱਕਿਆ ਹੋਇਆ ਭੋਜਨ ਤੇ ਲੋੜ ਅਨੁਸਾਰ ਦਵਾਈ ਵੀ ਦਿੱਤੀ ਜਾ ਰਹੀ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਗਭਗ 1290 ਦੇ ਕਰੀਬ ਲੋਕਾਂ ਨੂੰ ਸੁਰੱਖਿਅਤ ਬਾਹਰ ਲਿਆਂਦਾ ਗਿਆ ਹੈ | ਉਨ੍ਹਾਂ ਅੱਜ ਆਹਲੀ ਕਲਾਂ ਵਿਖੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਮੈਡੀਕਲ ਕੈਂਪ ਦਾ ਜਾਇਜ਼ਾ ਲਿਆ | ਉਨ੍ਹਾਂ ਲੋੜਵੰਦਾਂ ਨੂੰ ਰਾਸ਼ਨ ਦੀ ਵੀ ਵੰਡ ਕੀਤੀ | ਡਿਪਟੀ ਕਮਿਸ਼ਨਰ ਨੇ ਆਹਲੀ ਕਲਾਂ ਵਿਖੇ ਬਣਾਏ ਗਏ ਰਾਹਤ ਕੇਂਦਰ ਦਾ ਵੀ ਜਾਇਜ਼ਾ ਲਿਆ | ਇਸ ਤੋਂ ਇਲਾਵਾ ਭਰੋਆਣਾ ਵਿਖੇ ਗੁਰਦੁਆਰਾ ਰਬਾਬਸਰ ਸਾਹਿਬ ਵਿਖੇ ਵੀ ਰਾਹਤ ਕੇਂਦਰ ਸਥਾਪਿਤ ਕੀਤਾ ਗਿਆ ਹੈ | ਇਸੇ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ ਵਲੋਂ ਐਸ.ਡੀ.ਐਮ. ਤੇ ਹੋਰ ਅਧਿਕਾਰੀਆਂ ਨਾਲ ਹੁਸੈਨਪੁਰ ਬੂਲੇ ਵਿਖੇ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਗਈ | ਜ਼ਿਕਰਯੋਗ ਹੈ ਕਿ ਪਾਣੀ ਦਾ ਪੱਧਰ ਵਧਣ ਕਾਰਨ ਉਨ੍ਹਾਂ ਹੁਸੈਨਪੁਰ ਬੂਲੇ ਵਿਖੇ ਕੁੱਝ ਘਰਾਂ ਦੁਆਲੇ ਪਾਣੀ ਇਕੱਤਰ ਹੋਣ ਮਗਰੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਪਰ ਆਉਣ ਦੀ ਅਪੀਲ ਕੀਤੀ | ਇਸ ਤੋਂ ਇਲਾਵਾ ਆਰਮੀ ਵੱਲੋਂ ਲੋਕਾਂ ਨੂੰ ਕੱਢਣ ਲਈ ਸਥਿਤੀ ਦਾ ਵੀ ਜਾਇਜ਼ਾ ਲਿਆ ਗਿਆ |

ਪਿਛਲੀ ਖ਼ਬਰ ਪੰਜਾਬ ਦੇ ਰਾਜਪਾਲ ਨੇ ਸੰਤ ਸੀਚੇਵਾਲ ਨੂੰ ਫ਼ੋਨ ਕਰ ਕੇ ਹੜ੍ਹਾਂ ਦੀ ਗੰਭੀਰ ਸਥਿਤੀ 'ਤੇ ਚਿੰਤਾ ਪ੍ਰਗਟਾਈ ਅਗਲੀ ਖ਼ਬਰ ਮੁੱਖ ਸਕੱਤਰ ਨੇ ਕਿਸ਼ਤੀ ਰਾਹੀਂ ਪ੍ਰਭਾਵਿਤ ਪਿੰਡਾਂ 'ਚ ਜਾ ਕੇ ਹੜ੍ਹ ਪੀੜਤਾਂ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।