13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਪੰਜਾਬ ਦੇ ਰਾਜਪਾਲ ਨੇ ਸੰਤ ਸੀਚੇਵਾਲ ਨੂੰ ਫ਼ੋਨ ਕਰ ਕੇ ਹੜ੍ਹਾਂ ਦੀ ਗੰਭੀਰ ਸਥਿਤੀ 'ਤੇ ਚਿੰਤਾ ਪ੍ਰਗਟਾਈ

ਅਜੀਤ ਡੈਸਕ 01-09-2025
ਸੁਲਤਾਨਪੁਰ ਲੋਧੀ, 31 ਅਗਸਤ (ਥਿੰਦ, ਨਰੇਸ਼ ਹੈਪੀ) - ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਸੁਲਤਾਨਪੁਰ ਲੋਧੀ ਦੇ ਮੰਡ ਖੇਤਰਾਂ ਵਿਚ ਹੜ੍ਹਾਂ ਦੀ ਗੰਭੀਰ ਸਥਿਤੀ 'ਤੇ ਆਪਣੀ ਚਿੰਤਾ ਪ੍ਰਗਟਾਈ | ਪੰਜਾਬ ਦੇ ਰਾਜਪਾਲ ਨੇ ਅੱਜ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਟੈਲੀਫ਼ੋਨ 'ਤੇ ਗੱਲਬਾਤ ਕਰਕੇ ਮੰਡ ਇਲਾਕੇ ਵਿਚ ਹੜ੍ਹਾਂ ਦੀ ਸਥਿਤੀ ਬਾਰੇ ਪੁੱਛਿਆ ਤੇ ਕਪੂਰਥਲਾ ਵਿਚ ਵਿਗੜਦੀ ਹੜ੍ਹ ਦੀ ਸਥਿਤੀ 'ਤੇ ਆਪਣੀ ਚਿੰਤਾ ਪ੍ਰਗਟ ਕੀਤੀ | ਉਨ੍ਹਾਂ ਇਸ ਨਾਜ਼ੁਕ ਸਥਿਤੀ ਦੌਰਾਨ ਹੜ੍ਹ ਪੀੜਤਾਂ ਦੀ ਸੇਵਾ ਲਈ ਪਹਿਲੇ ਦਿਨਾਂ ਤੋਂ ਹੀ ਸੇਵਾ ਵਿਚ ਜੁਟੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਵੀ ਕੀਤਾ | ਜ਼ਿਕਰਯੋਗ ਹੈ ਕਿ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਅੱਜ ਇੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਲੁਧਿਆਣਾ ਆਏ ਹੋਏ ਸਨ | ਉਨ੍ਹਾਂ ਨੇ ਸਵੇਰੇ 11 ਵਜੇ ਦੇ ਕਰੀਬ ਸੰਤ ਸੀਚੇਵਾਲ ਨੂੰ ਫ਼ੋਨ ਕੀਤਾ | ਉਨ੍ਹਾਂ ਨੇ ਹੜ੍ਹ ਪੀੜਤਾਂ ਨੂੰ ਮਿਲਣ ਅਤੇ ਹੜ੍ਹਾਂ ਦੀ ਗੰਭੀਰ ਸਥਿਤੀ ਦੇਖਣ ਲਈ ਜਲਦ ਹੀ ਸੁਲਤਾਨਪੁਰ ਲੋਧੀ ਆਉਣ ਬਾਰੇ ਕਿਹਾ | ਗੱਲਬਾਤ ਦੌਰਾਨ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਪੰਜਾਬ ਦੇ ਰਾਜਪਾਲ ਨੂੰ ਹੜ੍ਹ ਪੀੜਤਾਂ ਦੀ ਤਰਸਯੋਗ ਹਾਲਤ ਬਾਰੇ ਦੱਸਿਆ ਤੇ ਪੀੜਤਾਂ ਨੂੰ ਉਨ੍ਹਾਂ ਦੇ ਮੁੜ ਵਸੇਬੇ ਲਈ ਤੁਰੰਤ ਸਹਾਇਤਾ ਕਰਨ ਬਾਰੇ ਵੀ ਚਰਚਾ ਕੀਤੀ | ਯਾਦ ਰਹੇ ਕਿ ਸੰਤ ਸੀਚੇਵਾਲ ਵੱਲੋਂ ਬੀਤੇ ਦਿਨੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੰਜਾਬ ਵਿਚ ਆਏ ਹੜ੍ਹਾਂ ਨੂੰ ਕੌਮੀ ਆਪਦਾ ਐਲਾਨਣ ਦੀ ਮੰਗ ਕੀਤੀ ਸੀ | ਉਨ੍ਹਾਂ ਇੱਕ ਪੱਤਰ ਪੰਜਾਬ ਦੇ ਮੁੱਖ ਭਗਵੰਤ ਮਾਨ ਨੂੰ ਵੀ ਲਿਖਿਆ ਸੀ ਕਿ ਉਹ ਇਸ ਮਾਮਲੇ ਨੂੰ ਮਜ਼ਬੂਤੀ ਨਾਲ ਕੇਂਦਰ ਸਰਕਾਰ ਕੋਲ ਉਠਾਵੇ | ਅਧਿਕਾਰੀਆਂ ਮੁਤਾਬਿਕ ਅੱਜ ਬਿਆਸ ਦਰਿਆ 'ਚ ਪਾਣੀ ਦਾ ਪੱਧਰ 2.35 ਲੱਖ ਕਿਊਸਿਕ ਤੱਕ ਰਿਹਾ ਹੈ | ਬਿਆਸ ਦਰਿਆ 'ਚ ਵਧਦਾ ਪਾਣੀ ਹੁਣ ਬੰਨ੍ਹਾਂ ਲਈ ਖ਼ਤਰਾ ਪੈਦਾ ਕਰ ਰਿਹਾ ਹੈ | ਅੱਜ ਲਗਾਤਾਰ ਮੀਂਹ ਪੈਣ ਦੇ ਬਾਵਜੂਦ ਵੀ ਸੰਤ ਸੀਚੇਵਾਲ ਤੇ ਸੇਵਾਦਾਰਾਂ ਨੇ ਸੁਲਤਾਨਪੁਰ ਲੋਧੀ ਦੇ ਮੰਡ ਇਲਾਕਿਆਂ 'ਚ ਪੀੜਤਾਂ ਨੂੰ ਉਨ੍ਹਾਂ ਦੇ ਘਰਾਂ 'ਚ ਕਿਸ਼ਤੀਆਂ ਦੀ ਮਦਦ ਨਾਲ ਪਕਾਇਆ ਭੋਜਨ ਤੇ ਹੋਰ ਰਾਹਤ ਸਮੱਗਰੀ ਜਿਵੇਂ ਕਿ ਤਰਪਾਲਾਂ ਤੇ ਰਾਹਤ ਸਮੱਗਰੀ ਆਦਿ ਵੰਡਣਾ ਜਾਰੀ ਰੱਖਿਆ |
ਪਿਛਲੀ ਖ਼ਬਰ ਪੰਜਾਬ 'ਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰ ਨੂੰ ਟੀਮ ਭੇਜਣ ਲਈ ਬੇਨਤੀ ਕਰਾਂਗੇ- ਸੋਮ ਪ੍ਰਕਾਸ਼ ਅਗਲੀ ਖ਼ਬਰ ਤਿੰਨ ਹਫ਼ਤਿਆਂ ਤੋਂ ਪਾਣੀ ਦੀ ਮਾਰ ਹੇਠ ਆਏ ਮੰਡ ਖੇਤਰ ਦੇ ਲੋਕਾਂ ਨੂੰ ਅਜੇ ਤੱਕ ਵੀ ਕੋਈ ਰਾਹਤ ਨਹੀਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।