13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਦਰਿਆ ਬਿਆਸ 'ਚ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹ ਦਾ ਖ਼ਤਰਾ ਬਰਕਰਾਰ

ਅਜੀਤ ਡੈਸਕ 01-09-2025
* ਡੈਮਾਂ ਤੋਂ ਪਾਣੀ ਛੱਡਣ ਕਾਰਨ ਅਜੇ ਨਹੀਂ ਘੱਟ ਰਿਹਾ ਪਾਣੀ
ਸੁਲਤਾਨਪੁਰ ਲੋਧੀ, 31 ਅਗਸਤ (ਨਰੇਸ਼ ਹੈਪੀ)- ਡੈਮਾਂ ਵਿਚੋਂ ਪਾਣੀ ਛੱਡਣ ਨਾਲ ਦਰਿਆ ਬਿਆਸ ਵਿਚ ਪਾਣੀ ਛੱਡਣ ਨਾਲ ਮੰਡ ਖੇਤਰ 'ਚੋਂ ਅਜੇ ਪਾਣੀ ਘਟਣ ਦਾ ਨਾਮ ਨਹੀਂ ਲੈ ਰਿਹਾ ਹੈ ਜਿਸ ਕਰਕੇ ਕਰੀਬ ਸਾਰੇ ਆਰਜ਼ੀ ਬਣ ਟੁੱਟਣ ਕਾਰਨ ਹਜ਼ਾਰਾਂ ਏਕੜ ਫ਼ਸਲਾਂ ਹੜ੍ਹ ਦੀ ਮਾਰ ਹੇਠ ਆ ਗਈਆਂ ਹਨ | ਮੰਡ ਖੇਤਰ ਸੁਲਤਾਨਪੁਰ ਲੋਧੀ ਦੇ ਪਿੰਡ ਅੱਲੂਵਾਲ ਦੇ ਨਜ਼ਦੀਕ ਐਡਵਾਂਸ ਬੰਨ੍ਹ ਨੂੰ ਬਚਾਉਣ ਲਈ ਮਿੱਟੀ ਦੇ ਬੋਰਿਆਂ ਤੇ ਟਰੈਕਟਰਾਂ ਤੇ ਦਿਨ ਰਾਤ ਇੱਕ ਕਰਕੇ ਆਪਣੀ ਪੂਰੀ ਵਾਹ ਲਗਾਉਣ ਵਿਚ ਕਿਸਾਨ ਕੋਈ ਕਸਰ ਨਹੀਂ ਛੱਡ ਰਹੇ ਹਨ | ਪ੍ਰਸ਼ਾਸਨ ਵਲੋਂ ਪਿੱਛੋਂ ਪਾਣੀ ਹੋਰ ਛੱਡੇ ਜਾਣ ਤੇ ਰੈੱਡ ਅਲਰਟ ਦੀ ਪਿੰਡਾਂ ਵਿਚ ਮੁਨਾਦੀ ਕਰਵਾ ਕੇ ਹਰ ਦੇ ਪਾਣੀ ਦੇ ਬਾਵਜੂਦ ਘਰਾਂ ਵਿਚ ਬੈਠੇ ਲੋਕਾਂ ਨੂੰ ਬਾਹਰ ਸੁਰੱਖਿਅਤ ਥਾਵਾਂ 'ਤੇ ਲੈ ਕੇ ਜਾਣ ਦੀ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ | ਦਰਿਆ ਬਿਆਸ ਵਿਚ ਲਗਾਤਾਰ ਵੱਧ ਰਹੇ ਪਾਣੀ ਅਤੇ ਬੰਨ੍ਹ ਟੁੱਟਣ ਕਾਰਨ ਪੈਦਾ ਹੋਏ ਧੁੱਸੀ ਬੰਨ੍ਹ ਦੇ ਖ਼ਤਰੇ ਨੂੰ ਵੇਖਦਿਆਂ ਅੱਲੂਵਾਲ ਨਜ਼ਦੀਕ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਮਿੱਟੀ ਪਾਈ ਜਾ ਰਹੀ ਹੈ | ਪਿੰਡ ਲੋਧੀਵਾਲ ਵਾਸੀ ਅਮਰਜੀਤ ਸਿੰਘ ਖਿੰਡਾ ਨੇ ਦੱਸਿਆ ਕਿ ਵੱਖ-ਵੱਖ ਪਿੰਡਾਂ ਦੀ ਸੰਗਤ ਖ਼ੁਦ ਆਪਣੇ ਕੋਲੋਂ ਧੁੱਸੀ ਬੰਨ੍ਹ 'ਤੇ ਮਿੱਟੀ ਪਾਉਣ ਵਿਚ ਲੱਗੀ ਹੋਈ ਹੈ ਤੇ ਇਸ ਕੰਮ ਵਿਚ ਪ੍ਰਸ਼ਾਸਨ ਦੀ ਕੋਈ ਵੀ ਭੂਮਿਕਾ ਨਹੀਂ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਧੁੱਸੀ ਬੰਨ੍ਹ ਦੀ ਹਾਲਤ ਬਹੁਤ ਹੀ ਖਸਤਾ ਹੈ, ਜਿਸ ਪਾਸੇ ਨਾ ਤਾਂ ਪ੍ਰਸ਼ਾਸਨ ਨੇ ਤੇ ਨਾ ਹੀ ਵਿਭਾਗ ਨੇ ਕੋਈ ਧਿਆਨ ਦਿੱਤਾ ਹੈ | ਡੈਮਾਂ ਤੋਂ ਰੋਜ਼ਾਨਾ ਵੱਡੀ ਪੱਧਰ 'ਤੇ ਪਾਣੀ ਛੱਡਣ ਕਾਰਨ ਮੰਡ ਖੇਤਰ ਵਿਚ ਹੜ੍ਹ ਵੱਲੋਂ ਲਗਾਤਾਰ ਕਹਿਰ ਜਾਰੀ ਹੈ ਇੱਕ ਪਾਸੇ ਜਿੱਥੇ ਪ੍ਰਸ਼ਾਸਨ ਵਾਰ ਵਾਰ ਹਰ ਮਦਦ ਦੇਣ ਦਾ ਐਲਾਨ ਕਰ ਦਾਅਵੇ ਕਰ ਰਿਹਾ ਹੈ ਉੱਥੇ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹੈ | ਪਾਣੀ ਦਾ ਪੱਧਰ ਵਧਣ ਕਾਰਨ ਪਵਿੱਤਰ ਕਾਲੀ ਵੇਈਾ ਦਾ ਪਾਣੀ ਓਵਰਫ਼ਲੋ ਹੋ ਕੇ ਬਾਹਰ ਵਹਿਣ ਲੱਗ ਪਿਆ ਹੈ | ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਪਿਛਲੇ 20 ਦਿਨਾਂ ਤੋਂ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਚਟਾਨ ਵਾਂਗ ਖੜੇ ਹਨ ਤੇ ਉਨ੍ਹਾਂ ਦੀ ਬੰਨ੍ਹ ਵਿਚ ਸਹਾਇਤਾ ਕਰ ਰਹੇ ਹਨ | ਉਨ੍ਹਾਂ ਵਲੋਂ ਆਪਣੇ ਪੱਧਰ 'ਤੇ ਕਿਸਾਨਾਂ ਨੂੰ ਡੀਜ਼ਲ, ਜੇ.ਸੀ.ਬੀ. ਮਸ਼ੀਨਾਂ ਤੇ ਹੋਰ ਜ਼ਰੂਰੀ ਸਮਾਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਤੇ ਨਾਲ ਹੀ ਉਹ ਖ਼ੁਦ ਵੀ ਸੇਵਾ ਵਿਚ ਹਿੱਸਾ ਪਾ ਰਹੇ ਹਨ ਤੇ ਉਨ੍ਹਾਂ ਵੱਲੋਂ ਸੰਤ ਮਹਾਂਪੁਰਸ਼ਾਂ ਦਾ ਵੀ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ | ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ | ਪਾਣੀ 'ਚ ਘਿਰੇ ਕਿਸਾਨਾਂ ਨੇ ਦੱਸਿਆ ਕਿ ਰਾਤ ਸਮੇਂ ਪ੍ਰਸ਼ਾਸਨ ਸਾਨੂੰ ਰੱਬ ਆਸਰੇ ਛੱਡ ਕੇ ਚਲਾ ਜਾਂਦਾ ਹੈ, ਜੇਕਰ ਰਾਤ ਨੂੰ ਵੇਲੇ ਪਾਣੀ ਵਧਦਾ ਹੈ ਤਾਂ ਸਾਡੇ ਕੋਲ ਕੋਈ ਅਗਨਬੋਟ ਦਾ ਵੀ ਪ੍ਰਬੰਧ ਨਹੀਂ ਹੈ | ਦੂਜੇ ਪਾਸੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਵੀ 11 ਅਗਸਤ ਤੋਂ ਮੰਡ ਖੇਤਰ ਦੇ ਪਿੰਡਾਂ ਦਾ ਲਗਾਤਾਰ ਦੌਰਾ ਕਰ ਰਹੇ ਹਨ | ਇਸੇ ਤਰ੍ਹਾਂ ਆਪ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਸੱਜਣ ਸਿੰਘ ਚੀਮਾ ਵੀ ਲਗਾਤਾਰ ਮੰਡ ਖੇਤਰ ਦੇ ਦਰਿਆ ਬਿਆਸ ਨਾਲ ਪ੍ਰਭਾਵਿਤ ਪਿੰਡਾਂ ਵਿਚ ਲਗਾਤਾਰ ਲੋਕਾਂ ਨਾਲ ਸੰਪਰਕ ਬਣਾਏ ਹੋਏ ਹਨ |
ਪਿਛਲੀ ਖ਼ਬਰ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਵਲੋਂ 9 ਕਿੱਲੋਮੀਟਰ ਲੰਮੇ ਆਰਜ਼ੀ ਬੰਨ੍ਹ ਨੂੰ ਸੁਰੱਖਿਅਤ ਰੱਖਣ ਦਾ ਕੰਮ ਜੰਗੀ ਪੱਧਰ... ਅਗਲੀ ਖ਼ਬਰ ਪੰਜਾਬ 'ਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰ ਨੂੰ ਟੀਮ ਭੇਜਣ ਲਈ ਬੇਨਤੀ ਕਰਾਂਗੇ- ਸੋਮ ਪ੍ਰਕਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।