ਬਾਬਾ ਜੈ ਸਿੰਘ ਮਹਿਮਦਵਾਲ ਦੀ ਅਗਵਾਈ 'ਚ 300 ਤੋਂ ਵੱਧ ਨੌਜਵਾਨ ਕਰ ਰਹੇ ਕਾਰ ਸੇਵਾ
ਕਪੂਰਥਲਾ, 31 ਅਗਸਤ (ਅਮਰਜੀਤ ਕੋਮਲ)- ਦਰਿਆ ਬਿਆਸ ਵਿਚ ਨਿਰੰਤਰ ਪਾਣੀ ਦੇ ਵਹਾਅ ਕਾਰਨ ਹੁਣ ਤੱਕ ਸੁਲਤਾਨਪੁਰ ਲੋਧੀ ਸਬ ਡਵੀਜ਼ਨ ਦੇ ਮੰਡ ਖੇਤਰ ਵਿਚ ਕਿਸਾਨਾਂ ਵਲੋਂ ਆਪਣੀਆਂ ਫ਼ਸਲਾਂ ਬਚਾਉਣ ਲਈ ਬਣਾਏ ਗਏ 6 ਆਰਜ਼ੀ ਬੰਨ੍ਹ ਦਰਿਆ ਦੀ ਭੇਟ ਚੜ੍ਹ ਚੁੱਕੇ ਹਨ ਜਿਸ ਨਾਲ ਵੱਡੀ ਗਿਣਤੀ ਵਿਚ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਖ਼ਰਾਬ ਹੋ ਚੁੱਕੀ ਹੈ ਤੇ ਹੁਣ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਵਲੋਂ ਮੰਡ ਖ਼ਿਜਰਪੁਰ ਤੋਂ ਗੋਇੰਦਵਾਲ ਸਾਹਿਬ ਪੁਲ ਤੱਕ ਬਣਾਏ ਗਏ 9 ਕਿੱਲੋਮੀਟਰ ਲੰਮੇ ਆਰਜ਼ੀ ਬੰਨ੍ਹ ਨੂੰ ਸੁਰੱਖਿਅਤ ਰੱਖਣ ਲਈ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ | 'ਅਜੀਤ' ਦੀ ਟੀਮ ਵਲੋਂ ਪਿੰਡ ਖ਼ਿਜਰਪੁਰ ਦੇ ਸਾਹਮਣੇ ਦਰਿਆ ਬਿਆਸ ਦੇ ਨੇੜੇ ਬੰਨ੍ਹ ਦੀ ਮਜ਼ਬੂਤੀ ਲਈ ਕੀਤੇ ਗਏ ਕਾਰਜ ਦੇਖਣ ਮੌਕੇ ਬਾਬਾ ਜੈ ਸਿੰਘ ਮਹਿਮਦਵਾਲ ਵਾਲਿਆਂ ਦੀ ਅਗਵਾਈ ਵਿਚ 300 ਤੋਂ ਵੱਧ ਨੌਜਵਾਨ ਤੇ ਇਲਾਕੇ ਦੇ ਕਿਸਾਨ ਇਸ ਕਾਰਜ ਨੂੰ ਨੇਪਰੇ ਚਾੜ੍ਹਣ ਲਈ ਕਾਰ ਸੇਵਕਾਂ ਵਾਂਗ ਡਟੇ ਹੋਏ ਹਨ | ਇਸ ਕਾਰਜ ਵਿਚ ਲੱਗੇ 10 ਤੋਂ ਵੱਧ ਟਰੈਕਟਰ ਮਿੱਟੀ ਖਿੱਚ ਕੇ ਨੇੜੇ ਕਰ ਰਹੇ ਹਨ ਤੇ ਨੌਜਵਾਨਾਂ ਵਲੋਂ ਮਿੱਟੀ ਦੇ ਬੋਰੇ ਭਰ ਕੇ ਬੰਨ੍ਹ ਮਜ਼ਬੂਤ 'ਤੇ ਉੱਚਾ ਕੀਤਾ ਜਾ ਰਿਹਾ ਹੈ | ਇਸ ਖੇਤਰ ਦੇ ਲੋਕਾਂ ਦੇ ਭਵਿੱਖ ਨਾਲ ਜੁੜਿਆ ਇਹ ਬੰਨ ਜੇ ਸੁਰੱਖਿਅਤ ਰਹਿੰਦਾ ਹੈ ਤਾਂ ਉਨ੍ਹਾਂ ਦੀ 4200 ਏਕੜ ਰਕਬੇ ਵਿਚ ਬੀਜੀ ਝੋਨੇ ਦੀ ਫ਼ਸਲ ਸੁੱਖੀ-ਸਾਂਦੀ ਉਨ੍ਹਾਂ ਦੇ ਘਰ ਆ ਸਕਦੀ ਹੈ | ਆਪ ਮੁਹਾਰੇ ਇਸ ਕਾਰਜ ਵਿਚ ਲੱਗੇ ਲੋਕ ਆਪਣੇ ਕੋਲੋਂ 10 ਲੱਖ ਤੋਂ ਵੱਧ ਰੁਪਏ ਖ਼ਰਚ ਚੁੱਕੇ ਹਨ ਤੇ ਬੰਨ੍ਹ ਦੀ ਮਜ਼ਬੂਤੀ ਲਈ ਹਲਕੇ ਦੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਲਾਕੇ ਦੇ ਸੰਤ ਮਹਾਂਪੁਰਸ਼ਾਂ, ਪ੍ਰਵਾਸੀ ਭਾਰਤੀਆਂ ਤੇ ਵੱਖ-ਵੱਖ ਰਾਜਸੀ ਪਾਰਟੀ ਨਾਲ ਸਬੰਧਿਤ ਦਾਨੀ ਸ਼ਖ਼ਸੀਅਤਾਂ ਵਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ | ਬਾਬਾ ਜੈ ਸਿੰਘ ਮਹਿਮਦਵਾਲ ਨੇ ਦੱਸਿਆ ਕਿ ਉਹ ਪਿਛਲੇ ਲਗਭਗ ਇਕ ਹਫ਼ਤੇ ਤੋਂ ਇਸ ਸਮੁੱਚੇ ਕਾਰਜ ਵਿਚ ਸਹਿਯੋਗ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਬੰਨ੍ਹ ਲੋਕਾਂ ਨੇ ਆਪਣੀ ਜ਼ਮੀਨ ਬਚਾਉਣ ਦੇ ਮੰਤਵ ਨਾਲ ਬਣਾਇਆ ਸੀ ਤੇ ਹੁਣ ਅਸੀਂ ਇਸ ਬੰਨ੍ਹ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਾਂ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਦਿੱਤੇ ਗਏ ਸਹਿਯੋਗ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਪਰ ਸੰਗਤਾਂ ਮਿਲ ਕੇ ਇਸ ਕੰਮ ਨੂੰ ਨੇਪਰੇ ਚਾੜ੍ਹ ਰਹੀਆਂ ਹਨ | ਉਨ੍ਹਾਂ ਕਿਹਾ ਕਿ ਜੇਕਰ ਸਿੱਖ ਸੰਗਤਾਂ ਗੁਰੂ ਜੀ ਦੇ ਉਪਦੇਸ਼ ਮੁਤਾਬਿਕ ਇਕ-ਇਕ ਹਜ਼ਾਰ ਰੁਪਏ ਪ੍ਰਤੀ ਏਕੜ ਇਕੱਤਰ ਕਰਨ ਤਾਂ ਹੜ੍ਹ ਵਰਗੀ ਆਫਤ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਨਜਿੱਠਿਆ ਜਾ ਸਕਦਾ ਹੈ | ਖੇਤੀਬਾੜੀ ਵਿਭਾਗ ਦੇ ਸੇਵਾ-ਮੁਕਤ ਅੰਕੜਾ ਅਫ਼ਸਰ ਰੇਸ਼ਮ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਇਕ ਮਹੀਨੇ ਤੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੰਨ੍ਹ ਨੂੰ ਬਚਾਉਣ ਲਈ ਕਾਰਜਸ਼ੀਲ ਹਨ | ਉਨ੍ਹਾਂ ਕਿਹਾ ਕਿ ਰਾਣਾ ਇੰਦਰਪ੍ਰਤਾਪ ਸਿੰਘ ਵਲੋਂ ਉਨ੍ਹਾਂ ਨੂੰ ਦੋ ਜੇ.ਸੀ.ਬੀ. ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ, ਸ਼ੋ੍ਰਮਣੀ ਕਮੇਟੀ ਵਲੋਂ ਇਕ ਹਜ਼ਾਰ ਲੀਟਰ ਡੀਜ਼ਲ ਤੇ ਹੋਰ ਸੰਸਥਾਵਾਂ ਵਲੋਂ ਵੀ ਮਾਈਕ ਸਹਾਇਤਾ ਕੀਤੀ ਜਾ ਰਹੀ ਹੈ | ਉਨ੍ਹਾਂ ਬੰਨ੍ਹ ਦੀ ਮਜ਼ਬੂਤੀ ਲਈ ਪ੍ਰਵਾਸੀ ਭਾਰਤੀਆਂ ਦੇ ਹੋਰ ਦਾਨੀ ਸ਼ਖ਼ਸੀਅਤਾਂ ਤਹਿਦਿਲੋਂ ਧੰਨਵਾਦ ਕੀਤਾ | ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਰਸ਼ਪਾਲ ਸਿੰਘ ਨੇ ਕਿਹਾ ਕਿ ਜੇਕਰ ਇਲਾਕੇ ਦੇ ਲੋਕਾਂ ਤੇ ਸੰਤ ਮਹਾਂਪੁਰਸ਼ਾਂ ਨੇ ਹੀ ਇਸ ਤਰ੍ਹਾਂ ਦੇ ਕਾਰਜ ਕਰਨ ਹਨ ਤਾਂ ਸਰਕਾਰ ਕਿੱਥੇ ਹੈ | ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਲੋਕ ਹਿੱਤਾਂ ਲਈ ਸਰਕਾਰ ਇਸ ਬੰਨ੍ਹ ਨੂੰ ਮਜ਼ਬੂਤ ਕਰਦੀ ਪਰ ਸਰਕਾਰਾਂ ਨੇ ਪਿਛਲੇ ਸਮੇਂ ਤੋਂ ਸਮਾਜਿਕ ਏਜੰਡਾ ਤਿਆਗ ਦਿੱਤਾ ਹੈ ਤੇ ਬੰਨ੍ਹਾਂ ਦੀ ਨਿਗਰਾਨੀ ਲਈ ਜਿਹੜਾ ਅਮਲਾ ਕਦੇ ਬੀਟਾਂ ਵੰਡ ਕੇ ਡਿਊਟੀ ਕਰਦਾ ਸੀ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਹਨ ਤੇ ਸਰਕਾਰ ਨੇ ਲੋਕਾਂ ਨੂੰ ਆਪਣੇ ਰਹਿਮੋ ਕਰਮ 'ਤੇ ਛੱਡ ਦਿੱਤਾ ਹੈ | ਸਰਕਾਰ ਲੋਕ ਹਿੱਤਾਂ ਦੀ ਥਾਂ ਆਪਣੇ ਰਾਜ ਭਾਗ ਨੂੰ ਬਰਕਰਾਰ ਰੱਖਣ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀਆਂ ਹਨ |
ਲਗਾਤਾਰ ਪੈ ਰਹੇ ਮੀਂਹ ਕਾਰਨ ਖੇਤ ਨੱਕੋ-ਨੱਕ ਭਰੇ, ਮਹਿਲਾਂ ਵਾਲੀ ਚੋਅ ਉਛਲਿਆ
ਪਾਂਸ਼ਟਾ, (ਸਤਵੰਤ ਸਿੰਘ)- ਬੀਤੇ ਕੁੱਝ ਦਿਨ ਤੋਂ ਲਗਾਤਾਰ ਪੈ ਰਹੇ ਮੀਂਹ ਅਤੇ ਪਾਣੀ ਦੇ ਢੁੱਕਵੇਂ ਨਿਕਾਸ ਦੀ ਕਮੀ ਕਾਰਨ ਪਾਂਸ਼ਟਾ ਤੇ ਨੇੜਲੇ ਇਲਾਕੇ ਦੇ ਖੇਤਾਂ ਵਿਚ ਖੜੀਆਂ ਫ਼ਸਲਾਂ ਪਾਣੀ ਵਿਚ ਡੁੱਬ ਗਈਆਂ ਹਨ ਤੇ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ, ਜੋ ਸੜਕਾਂ ਉੱਪਰੋਂ ਵਗਦਾ ਹੋਇਆ ਆਪਣਾ ਰਸਤਾ ਬਣਾਉਣ ਲਈ ਬਜ਼ਿਦ ਜਾਪਦਾ ਹੈ | ਦਿਹਾਣਾ, ਪਾਂਸ਼ਟਾ ਤੇ ਨਸੀਰਾਬਾਦ ਆਦਿ ਪਿੰਡਾਂ ਨੇੜਿਓਾ ਲੰਘਦਾ ਮਹਿਲਾਂਵਾਲੀ ਚੋਅ ਨੱਕੋ-ਨੱਕ ਭਰਿਆ ਹੋਇਆ ਹੈ ਤੇ ਕਦੇ ਵੀ ਆਪਣੇ ਕੰਢੇ ਤੋੜ ਕੇ ਤਬਾਹੀ ਮਚਾ ਸਕਦਾ ਹੈ | ਬੀਤੇ ਕਈ ਦਿਨ ਤੋਂ ਪਿੰਡ ਨਸੀਰਾਬਾਦ ਦੇ ਲੋਕ ਚੋਅ ਦੇ ਕੰਢੇ 'ਤੇ ਪਹਿਰਾ ਦਿੰਦੇ ਹੋਏ ਰਾਤਾਂ ਜਾਗ-ਜਾਗ ਕੇ ਕੱਟ ਰਹੇ ਹਨ | ਖੇਤਾਂ ਵਿਚ ਇਕੱਠਾ ਹੋਇਆ ਪਾਣੀ ਪਿੰਡ ਨਰੂੜ ਦੀ ਡਰੇਨ ਵਿਚ ਵਗ ਰਿਹਾ ਹੈ ਅਤੇ ਇਹ ਸਭ ਕੁੱਝ ਫ਼ਸਲਾਂ ਦੀ ਬਰਬਾਦੀ ਦਾ ਸੰਕੇਤ ਦੇ ਰਿਹਾ ਹੈ | ਪਿੰਡ ਨਸੀਰਾਬਾਦ ਦੇ ਲੋਕਾਂ ਵੱਲੋਂ ਵੀ ਖੇਤਾਂ ਵਿਚ ਖੜੇ ਪਾਣੀ ਦੇ ਨਿਕਾਸ ਲਈ ਰਸਤਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇੱਥੇ ਇਹ ਵੀ ਦੱਸਣ ਯੋਗ ਹੈ ਕਿ ਪਾਂਸ਼ਟਾ ਵਿਖੇ ਸਥਿਤ ਪਾਵਰਕਾਮ ਸਬ ਸਟੇਸ਼ਨ ਵਿਚ ਵੀ ਪਾਣੀ ਵੜ ਚੁੱਕਾ ਹੈ | ਵਰਨਣਯੋਗ ਹੈ ਕਿ ਇਲਾਕਾ ਵਾਸੀਆਂ ਵੱਲੋਂ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਸਬੰਧਿਤ ਮਹਿਕਮੇ ਵੱਲੋਂ ਮਹਿਲਾਂਵਾਲੀ ਚੋਅ ਸਮੇਤ ਇਲਾਕੇ ਦੀ ਕਿਸੇ ਵੀ ਡਰੇਨ ਦੀ ਬੀਤੇ ਲੰਬੇ ਅਰਸੇ ਤੋਂ ਕੋਈ ਸਫ਼ਾਈ ਨਹੀਂ ਕੀਤੀ ਗਈ ਅਤੇ ਇਹਨਾਂ ਵਿਚ ਉੱਗੇ ਝਾੜ-ਬੂਟੇ ਪਾਣੀ ਦੇ ਰਸਤੇ 'ਚ ਰੁਕਾਵਟ ਬਣ ਰਹੇ ਹਨ | ਅਸਮਾਨ ਵਿਚ ਮੰਡਰਾਉਂਦੇ ਕਾਲੇ ਬੱਦਲ ਲੋਕਾਂ ਵਿਚ ਸਹਿਮ ਪੈਦਾ ਕਰ ਰਹੇ ਹਨ ਤੇ ਲੋਕਾਂ ਨੂੰ ਡਰ ਹੈ ਕਿ ਥੋੜ੍ਹਾ ਜਿਹਾ ਹੋਰ ਮੀਂਹ ਵੀ ਚੋਅ ਦੇ ਟੁੱਟਣ ਅਤੇ ਫ਼ਸਲਾਂ ਦੀ ਬਰਬਾਦੀ ਦਾ ਕਾਰਨ ਬਣ ਸਕਦਾ ਹੈ |
ਸੰਤ ਸੀਚੇਵਾਲ ਨੇ ਮੁੱਖ ਸਕੱਤਰ ਕੋਲ ਹਰੀਕੇ ਪੱਤਣ ਨੂੰ ਡੀ-ਸਿਲਟਿੰਗ ਕਰਵਾਉਣ ਦਾ ਮੁੱਦਾ ਚੁੱਕਿਆ
ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ, ਥਿੰਦ)- ਹੜ੍ਹ ਪ੍ਰਭਾਵਿਤ ਇਲਾਕੇ ਵਿਚ ਪਹੁੰਚੇ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਮੰਡ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੇਰ ਸ਼ਾਮ ਤੱਕ ਦੌਰਾ ਕੀਤਾ | ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਸਕੱਤਰ ਕੋਲ ਹਰੀਕੇ ਪੱਤਣ ਨੂੰ ਡੀ-ਸਿਲਟਿੰਗ ਕਰਵਾਉਣ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਜਦੋਂ ਤੱਕ ਦਰਿਆ ਦੀ ਡੀ-ਸਿਲਟਿੰਗ ਨਹੀਂ ਕਰਵਾਈ ਜਾਂਦੀ ਉਦੋਂ ਤੱਕ ਇਸ ਇਲਾਕੇ ਦੇ ਹਾਲਾਤ ਨਹੀਂ ਸੁਧਰ ਸਕਦੇ | ਸੰਤ ਸੀਚੇਵਾਲ ਨੇ ਦੱਸਿਆ ਕਿ ਇਹ ਇਲਾਕਾ ਪੰਜਾਬ ਦੇ ਦੋ ਦਰਿਆਵਾਂ ਬਿਆਸ ਤੇ ਸਤਲੁਜ ਨਾਲ ਜੁੜਿਆ ਹੋਇਆ ਹੈ | ਸੰਤ ਸੀਚੇਵਾਲ ਨੇ ਕਿਹਾ ਕਿ ਹਰ ਸਾਲ ਹੀ ਹਿਮਾਚਲ ਵਿਚ ਪੈਂਦੇ ਮੀਂਹ ਨਾਲ ਬਿਆਸ ਦਰਿਆ ਵਿਚ ਵੱਡੇ ਪੱਧਰ 'ਤੇ ਮਿੱਟੀ ਤੇ ਰੇਤਾ ਪਾਣੀ ਰਾਹੀ ਆ ਜਾਂਦੀ ਹੈ | ਜਿਹੜੀ ਹਰੀਕੇ ਹੈੱਡ 'ਤੇ ਜਮ੍ਹਾ ਹੁੰਦੀ ਰਹਿੰਦੀ ਹੈ | ਉਨ੍ਹਾਂ ਮੁੱਖ ਸਕੱਤਰ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਕਿ ਹਰੀਕੇ ਜਲਗਾਹ ਅਸਲ ਵਿਚ ਰਾਜਸਥਾਨ ਸਰਕਾਰ ਦਾ ਪੌਂਡ ਏਰੀਆ ਹੈ | ਰਾਜਸਥਾਨ ਨੂੰ ਜਾਣ ਵਾਲ਼ੀ ਨਹਿਰ ਦਾ ਪਾਣੀ ਇਸ ਇਲਾਕੇ 'ਚ ਜਮ੍ਹਾ ਰਹਿੰਦਾ ਹੈ | ਇਸ ਬਾਬਤ ਰਾਜਸਥਾਨ ਸਰਕਾਰ ਨੇ 400 ਕਰੋੜ ਦਾ ਪ੍ਰੋਜੈਕਟ ਵੀ ਬਣਾਇਆ ਸੀ | ਸੰਤ ਸੀਚੇਵਾਲ ਨੇ ਦੱਸਿਆ ਕਿ ਬਿਆਸ ਦਰਿਆ ਵਿਚ ਗਾਰ ਜੰਮਣ ਕਾਰਨ ਇਹ ਉੱਚਾ ਵੱਗ ਰਿਹਾ ਹੈ ਜਦਕਿ ਇਸ ਦੇ ਨਾਲ ਲਗਦੀਆਂ ਜ਼ਮੀਨਾਂ ਨੀਵੀਂਆਂ ਹਨ |
ਰਾਣਾ ਇੰਦਰ ਪ੍ਰਤਾਪ ਸਿੰਘ ਨੇ ਮੰਡ ਰਾਮਪੁਰ ਗੋਰੇ ਵਿਚ ਹੜ੍ਹ ਦੇ ਪਾਣੀ ਨਾਲ ਡਿੱਗੇ ਮਕਾਨ ਦਾ ਕੀਤਾ ਦੌਰਾ
ਸੁਲਤਾਨਪੁਰ ਲੋਧੀ, (ਥਿੰਦ)- ਦਰਿਆ ਬਿਆਸ ਵਿਚ ਆਏ ਭਾਰੀ ਹੜ੍ਹ ਤੋਂ ਬਾਅਦ ਬੀਤੇ ਦਿਨ ਪਾਣੀ ਦੇ ਤੇਜ਼ ਵਹਾਅ ਨਾਲ ਮੰਡ ਰਾਮਪੁਰ ਗੋਰੇ ਦੇ ਕਿਸਾਨ ਬਲਜੀਤ ਸਿੰਘ ਤੇ ਬਲਵਿੰਦਰ ਸਿੰਘ ਦਾ ਵੱਡਾ ਘਰ ਬੁਰੀ ਤਰ੍ਹਾਂ ਢਹਿ ਢੇਰੀ ਹੋ ਗਿਆ ਸੀ ਤੇ ਉਕਤ ਪਰਿਵਾਰ ਬੁਰੀ ਤਰ੍ਹਾਂ ਸਦਮੇ ਵਿਚ ਆ ਗਿਆ ਸੀ | ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਜਾਣਕਾਰੀ ਮਿਲਣ 'ਤੇ ਅੱਜ ਉਚੇਚੇ ਤੌਰ 'ਤੇ ਆਪਣੇ ਸਾਥੀਆਂ ਸਮੇਤ ਕਿਸ਼ਤੀ ਵਿਚ ਸਵਾਰ ਹੋ ਕੇ ਪਿੰਡ ਰਾਮਪੁਰ ਗੋਰੇ ਪਹੁੰਚ ਕੇ ਡਿੱਗੇ ਹੋਏ ਘਰ ਦਾ ਨਿਰੀਖਣ ਕੀਤਾ | ਇਸ ਮੌਕੇ ਉਨ੍ਹਾਂ ਨੇ ਕਿਸਾਨ ਬਲਜੀਤ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਧਰਵਾਸ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ | ਉਨ੍ਹਾਂ ਨੇ ਇਸ ਮੌਕੇ ਸਰਕਾਰ ਤੋਂ ਮੰਗ ਕੀਤੀ ਕਿ ਹੜ੍ਹ ਦੇ ਪਾਣੀ ਨਾਲ ਡਿੱਗੇ ਘਰਾਂ ਨੂੰ 20 ਲੱਖ ਪ੍ਰਤੀ ਘਰ ਤੁਰੰਤ ਦਿੱਤਾ ਜਾਵੇ | ਇਸ ਮੌਕੇ ਇਹਨਾਂ ਨੇ ਕਿਹਾ ਕਿ ਕੁਦਰਤੀ ਕਰੋਪੀ ਅੱਗੇ ਕਿਸੇ ਦਾ ਜ਼ੋਰ ਤਾਂ ਨਹੀਂ ਚੱਲਦਾ ਪਰ ਉਨ੍ਹਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਹਲਕੇ ਦੇ ਲੋਕਾਂ ਨਾਲ ਇਸ ਮੁਸੀਬਤ ਦੀ ਘੜੀ ਵਿਚ ਚਟਾਨ ਵਾਂਗ ਖੜ੍ਹਨ | ਇਸ ਤੋਂ ਬਾਅਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਹੋਰ ਡੇਰਿਆਂ ਦਾ ਵੀ ਦੌਰਾ ਕੀਤਾ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ | ਇਸ ਮੌਕੇ ਉਨ੍ਹਾਂ ਨਾਲ ਹਰਚਰਨ ਸਿੰਘ ਬੱਗਾ ਮਿਆਣੀ, ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਆਦਿ ਹਾਜ਼ਰ ਸਨ |
ਐੱਸ.ਡੀ.ਐਮ. ਅਲਕਾ ਕਾਲੀਆ ਨੇ ਘਰ-ਘਰ ਜਾ ਕੇ ਤਰਪਾਲਾਂ ਤੇ ਰਾਸ਼ਨ ਕਿੱਟਾਂ ਪਹੁੰਚਾਈਆਂ
ਸੁਲਤਾਨਪੁਰ ਲੋਧੀ, (ਥਿੰਦ)- ਬਿਆਸ ਦਰਿਆ ਵਿਚ ਆਏ ਭਾਰੀ ਹੜ੍ਹਾਂ ਤੋਂ ਬਾਅਦ ਪਾਣੀ ਵਿਚ ਘਿਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਆਉਣ ਤੇ ਉੱਥੇ ਰਹਿ ਰਹੇ ਲੋਕਾਂ ਤੱਕ ਲੋੜੀਂਦੀਆਂ ਵਸਤਾਂ ਪਹੁੰਚਾਉਣ ਲਈ ਪ੍ਰਸ਼ਾਸਨ ਵਲੋਂ ਚਲਾਏ ਜਾ ਰਹੇ ਰਾਹਤ ਕਾਰਜਾਂ ਦੀ ਅਗਵਾਈ ਕਰਦਿਆਂ ਐੱਸ.ਡੀ.ਐਮ. ਅਲਕਾ ਕਾਲੀਆ ਖ਼ੁਦ ਅਗਨਬੋਟ ਵਿਚ ਸਵਾਰ ਹੋ ਕੇ ਮੰਡ ਬਾਊਪੁਰ ਅਤੇ ਮੰਡ ਸਾਂਗਰਾ ਵਿਚ ਜਾ ਕੇ ਲੋਕਾਂ ਨੂੰ ਤਰਪਾਲਾਂ, ਰਾਸ਼ਨ ਕਿੱਟਾਂ, ਦਵਾਈਆਂ ਤੇ ਹੋਰ ਸਾਮਾਨ ਪਹੁੰਚਾ ਰਹੇ ਹਨ | ਇਸ ਮੌਕੇ ਉਨ੍ਹਾਂ ਘਰਾਂ ਵਿਚ ਰਹਿ ਰਹੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਘਰ ਛੱਡ ਕੇ ਰਾਹਤ ਕੈਂਪ ਆ ਜਾਣ | ਪ੍ਰਸ਼ਾਸਨ ਵਲੋਂ ਰਾਹਤ ਕੈਂਪਾਂ ਵਿਚ ਸਮੁੱਚੇ ਪ੍ਰਬੰਧ ਕੀਤੇ ਹਨ | 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਬਿਆਸ ਦਰਿਆ ਵਿਚ ਮੁੜ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ | ਡਿਪਟੀ ਕਮਿਸ਼ਨਰ ਕਪੂਰਥਲਾ ਵਲੋਂ ਇਸ ਸੰਬੰਧੀ ਅੱਜ ਅਲਰਟ ਵੀ ਜਾਰੀ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ 1250 ਦੇ ਕਰੀਬ ਲੋਕਾਂ ਨੂੰ ਬਾਹਰ ਸੁਰੱਖਿਅਤ ਥਾਵਾਂ 'ਤੇ ਲਿਆਂਦਾ ਗਿਆ ਹੈ | ਉੱਧਰ ਮੰਡ ਖੇਤਰ ਦੇ ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਤੇ ਨੰਬਰਦਾਰ ਕੁਲਦੀਪ ਸਿੰਘ ਸਾਂਗਰਾ ਨੇ ਦੱਸਿਆ ਕਿ ਪਾਣੀ ਡੁੱਬੇ ਮਕਾਨਾਂ ਦੀ ਹੁਣ ਹਾਲਤ ਖ਼ਸਤਾ ਹੋਣ ਲੱਗ ਪਈ ਹੈ | ਬੀਤੇ ਕੱਲ੍ਹ ਰਾਮ ਪੁਰ ਗੋਰੇ ਵਿਚ 3 ਘਰ ਤੇਜ਼ ਵਹਾਅ ਵਿਚ ਰੁੜ੍ਹ ਗਏ ਹਨ | ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਮਕਾਨਾਂ ਵਿਚ ਤਰੇੜਾਂ ਆ ਚੁੱਕੀਆਂ ਹਨ | ਘਰਾਂ ਨੂੰ ਲੱਗੇ ਬੂਹੇ, ਬਾਰੀਆਂ ਵੀ ਖ਼ਰਾਬ ਹੋ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ, ਐਸ.ਡੀ.ਐਮ. ਅਲਕਾ ਕਾਲੀਆ ਤੇ ਨਾਇਬ ਤਹਿਸੀਲਦਾਰ ਗੌਰਵ ਬਾਂਸਲ ਲਗਾਤਾਰ ਉਨ੍ਹਾਂ ਦੇ ਘਰਾਂ ਤੱਕ ਪਹੁੰਚ ਕਰ ਰਹੇ ਹਨ | ਫ਼ੋਨ ਕਰਨ 'ਤੇ ਉਨ੍ਹਾਂ ਵੱਲੋਂ ਘਰਾਂ ਤੱਕ ਖ਼ੁਦ ਪਹੁੰਚ ਕੀਤੀ ਜਾ ਰਹੀ ਹੈ | ਖ਼ਬਰ ਲਿਖੇ ਜਾਣ ਤੱਕ ਹੜ੍ਹ ਦਾ ਪਾਣੀ ਲਗਾਤਾਰ ਵੱਧ ਰਿਹਾ ਸੀ ਜਿਸ ਕਾਰਨ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ | ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਸੂਬਾਈ ਆਗੂ ਜਥੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਹਰੀਕੇ ਹੈੱਡ ਤੋਂ ਪਹਿਲਾਂ ਪਾਣੀ ਡਿਸਚਾਰਜ ਕੀਤਾ ਹੁੰਦਾ ਤਾਂ ਅੱਜ ਇਹ ਹਾਲਾਤ ਨਾ ਬਣਦੇ | ਉਨ੍ਹਾਂ ਨੇ ਕਿਹਾ ਕਿ ਮੰਡ ਖੇਤਰ ਵਿਚ ਅੱਜ ਹਾਲਾਤ ਬਹੁਤ ਮਾੜੇ ਹੋਏ ਪਏ ਹਨ | ਲੋਕਾਂ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ |
ਪੰਜਾਬ ਸਰਕਾਰ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਰਾਹਤ ਕਾਰਜ ਲਗਾਤਾਰ ਜਾਰੀ-ਐਡਵੋਕੇਟ ਹਰਸਿਮਰਨ ਸਿੰਘ ਘੰੁਮਣ
ਨਡਾਲਾ, (ਰਘਬਿੰਦਰ ਸਿੰਘ)-ਮੰਡ ਖੇਤਰ ਪੁੱਜੇ ਹਲਕਾ ਇੰਚਾਰਜ ਭੁਲੱਥ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਰਾਹਤ ਕਾਰਜ ਲਗਾਤਾਰ ਦਿਨ-ਰਾਤ ਜਾਰੀ ਹਨ | ਉਨ੍ਹਾਂ ਦੱਸਿਆ ਕਿ ਅੱਜ ਹੜ੍ਹ ਪ੍ਰਭਾਵਿਤ ਪਿੰਡ ਮੰਡ ਇਬਰਾਹੀਮਵਾਲ, ਰਾਏਪੁਰ ਅਰਾਈਆਂ, ਮੰਡ ਸਰਦਾਰ ਵਾਲਾ, ਮੰਡ ਤਲਵੰਡੀ ਕੂਕਾਂ ਤੇ ਪਿੰਡ ਧੱਕੜਾਂ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਈ ਗਈ | ਐਡਵੋਕੇਟ ਘੁੰਮਣ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ, ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਇਸ ਔਖੀ ਘੜੀ ਵਿਚ ਲੋਕਾਂ ਦੇ ਨਾਲ ਪੂਰੀ ਮਜ਼ਬੂਤੀ ਨਾਲ ਖੜ੍ਹੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਰਸਾਤ ਕਰਕੇ ਪਾਣੀ ਦਾ ਪੱਧਰ ਵਧਿਆ ਹੈ, ਇਸ ਲਈ ਜਲਦ ਤੋਂ ਜਲਦ ਪ੍ਰਸ਼ਾਸਨ ਵਲੋਂ ਸੁਰੱਖਿਅਤ ਥਾਵਾਂ 'ਤੇ ਬਣਾਏ ਗਏ ਰਾਹਤ ਕੈਂਪ ਵਿਚ ਪਹੁੰਚਣ ਨੂੰ ਯਕੀਨੀ ਬਣਾਉਣ |
ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਵਲੋਂ 9 ਕਿੱਲੋਮੀਟਰ ਲੰਮੇ ਆਰਜ਼ੀ ਬੰਨ੍ਹ ਨੂੰ ਸੁਰੱਖਿਅਤ ਰੱਖਣ ਦਾ ਕੰਮ ਜੰਗੀ ਪੱਧਰ 'ਤੇ ਜਾਰੀ
ਅਜੀਤ ਡੈਸਕ
01-09-2025