ਫਗਵਾੜਾ, 16 ਅਕਤੂਬਰ (ਹਰਜੋਤ ਸਿੰਘ ਚਾਨਾ)-ਬੈਂਕ ਤੋਂ ਪੈਸੇ ਕਢਵਾ ਕੇ ਵਾਪਸ ਜਾ ਰਹੇ ਸਾਈਕਲ ਸਵਾਰ ਪਾਸੋਂ ਪੈਸੇ ਖੋਹ ਕੇ ਲੈ ਜਾਣ ਵਾਲੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਕਾਬੂ ਕਰਕੇ ਇਨ੍ਹਾਂ ਪਾਸੋਂ ਖੋਹੀ ਹੋਈ ਨਕਦੀ, ਇੱਕ ਖਿਡੌਣਾ ਪਿਸਟਲ, ਦਾਤਰ ਤੇ ਐਕਟਿਵਾ ਬਰਾਮਦ ਕੀਤੀ ਹੈ | ਐੱਸ .ਪੀ. ਮਾਧਵੀ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 13 ਅਕਤੂਬਰ ਨੂੰ ਮਹਿੰਦਰ ਰਾਮ ਪੁੱਤਰ ਰਤਨ ਚੰਦ ਵਾਸੀ ਨਵਾਂ ਪਿੰਡ ਨਿਹਾਲਗੜ੍ਹ ਜੋ ਕਿ ਪੰਜਾਬ ਗ੍ਰਾਮੀਣ ਬੈਂਕ ਪਿੰਡ ਜਗਤਪੁਰ ਜੱਟਾਂ ਤੋਂ 60 ਹਜ਼ਾਰ ਰੁਪਏ ਕਢਵਾ ਕੇ ਝੋਲੇ 'ਚ ਪਾ ਕੇ ਸਾਈਕਲ 'ਤੇ ਪਿੰਡ ਨਿਹਾਲਗੜ੍ਹ ਨੂੰ ਜਾ ਰਿਹਾ ਸੀ ਤਾਂ ਪਿੰਡ ਦੇ ਬਾਹਰਵਾਰ ਰਸਤੇ 'ਚ ਐਕਟਿਵਾ 'ਤੇ ਸਵਾਰ ਦੋ ਵਿਅਕਤੀਆਂ ਵਲੋਂ ਉਸ ਨੂੰ ਰੋਕ ਕੇ ਉਸ ਪਾਸੋਂ ਪੈਸਿਆਂ ਵਾਲਾ ਬੈਗ ਖੋਹ ਲਿਆ ਤੇ ਫ਼ਰਾਰ ਹੋ ਗਏ ਹਨ | ਜਿਸ ਸਬੰਧ 'ਚ ਪੁਲਿਸ ਵਲੋਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ | ਜਿਸ ਦੀ ਕੀਤੀ ਜਾਂਚ ਤੋਂ ਬਾਅਦ ਹਰਪ੍ਰੀਤ ਉਰਫ਼ ਪੀਤਾ ਪੁੱਤਰ ਮਦਨ ਲਾਲ ਵਾਸੀ ਪਿੰਡ ਪਾਂਸਲਾ ਤੇ ਅਜੈ ਕੁਮਾਰ ਪੁੱਤਰ ਭਾਰੋਸੀ ਮੰਡਲ ਵਾਸੀ ਪਿੰਡ ਪਾਸਲਾ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਖੋਹ ਕੀਤੀ ਰਕਮ 'ਚੋਂ 34100 ਰੁਪਏ ਦੀ ਨਕਦੀ, ਇੱਕ ਖਿਡੌਣਾ ਪਿਸਤੌਲ, ਇੱਕ ਲੋਹਾ ਦਾਤਰ ਤੇ ਵਾਰਦਾਤ ਸਮੇਂ ਵਰਤੀ ਗਈ ਐਕਟਿਵਾ ਬਰਾਮਦ ਕੀਤੀ ਹੈ | ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ ਤੇ ਪੁੱਛਗਿੱਛ ਜਾਰੀ ਹੈ | ਉਨ੍ਹਾਂ ਦੱਸਿਆ ਕਿ ਹਰਪ੍ਰੀਤ ਖ਼ਿਲਾਫ਼ ਪਹਿਲਾ ਵੀ ਥਾਣਾ ਫਿਲੌਰ ਵਿਖੇ ਕੇਸ ਦਰਜ ਹੈ |