ਫਗਵਾੜਾ, 16 ਅਕਤੂਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਸਿਟੀ ਹਾਰਟ ਨਗਰ ਨੇੜੇ ਮੰਗਲਵਾਰ ਰਾਤ ਨੂੰ ਦੋ ਪੁਲਿਸ ਮੁਲਾਜ਼ਮਾਂ 'ਤੇ ਕੁੱਝ ਹਮਲਾਵਰਾਂ ਵਲੋਂ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਇੱਕ ਮੁਲਾਜ਼ਮ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ | ਇਸ ਹਮਲੇ ਨਾਲ ਇਲਾਕੇ ਵਿਚ ਚਰਚਾ ਦਾ ਮਾਹੌਲ ਬਣ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਕਾਂਸਟੇਬਲ ਜਤਿੰਦਰ ਸਿੰਘ (ਸੀ.ਆਈ.ਏ ਸਟਾਫ਼) ਤੇ ਸਬ-ਇੰਸਪੈਕਟਰ ਸ਼ਿਵ ਰਾਜ ਚਾਹਲ ਜੋ ਈਸਟਵੁੱਡ ਵਿਖੇ ਗੋਲੀਬਾਰੀ ਦੀ ਸੂਚਨਾ ਮਿਲਣ ਉਪਰੰਤ ਮੌਕੇ ਵੱਲ ਜਾ ਰਹੇ ਸਨ | ਇਸ ਦੌਰਾਨ ਕੁੱਝ ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ਰੋਕ ਕੇ ਡੰਡਿਆਂ ਨਾਲ ਹਮਲਾ ਕਰ ਦਿੱਤਾ | ਹਮਲੇ 'ਚ ਜਤਿੰਦਰ ਸਿੰਘ ਨੂੰ 6 ਗੰਭੀਰ ਸੱਟਾਂ ਲੱਗੀਆਂ ਤੇ ਉਸ ਨੰੂ ਤੁਰੰਤ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ | ਹਮਲੇ ਦੌਰਾਨ ਐਸ.ਆਈ. ਸ਼ਿਵ ਰਾਜ ਚਾਹਲ ਨੂੰ ਵੀ ਨਿਸ਼ਾਨਾ ਬਣਾਇਆ ਗਿਆ | ਇਸ ਸਬੰਧੀ ਸਿਟੀ ਪੁਲਿਸ ਵਲੋਂ ਕੇਸ ਦਰਜ ਕੀਤਾ ਗਿਆ ਹੈ | ਦਰਜ ਕੀਤੀ ਐਫ਼.ਆਈ.ਆਰ ਮੁਤਾਬਿਕ ਹਮਲਾ ਕਰਨ ਵਾਲਿਆਂ ਦੀ ਅਗਵਾਈ ਗੁਰਪ੍ਰੀਤ ਸਿੰਘ ਉਰਫ਼ ਹੈਪੀ ਕਰ ਰਿਹਾ ਸੀ, ਜੋ ਛੇ ਤੋਂ ਸੱਤ ਸਾਥੀਆਂ ਸਮੇਤ ਹਥਿਆਰਬੰਦ ਸੀ | ਹਮਲੇ ਦੌਰਾਨ ਜਤਿੰਦਰ ਸਿੰਘ ਦੀ ਪਤਨੀ ਜਸਵਿੰਦਰ ਕੌਰ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਤੇ ਗਾਲ੍ਹਾਂ ਕੱਢੀਆਂ ਗਈਆਂ | ਪੁਲਿਸ ਅਨੁਸਾਰ, ਇਹ ਹਮਲਾ ਪੁਰਾਣੇ ਪਾਰਕਿੰਗ ਵਿਵਾਦ ਕਾਰਨ ਹੋਇਆ ਜਾਪ ਰਿਹਾ ਹੈ | ਪੁਲਿਸ ਵਲੋਂ ਇਸ ਸਬੰਧ 'ਚ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਜਿਸ 'ਚ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਤੇ ਹੋਰ ਧਾਰਾਵਾਂ ਸ਼ਾਮਿਲ ਹਨ | ਪੁਲਿਸ ਵਲੋਂ ਨਾਮਜ਼ਦ ਕੀਤੇ ਵਿਅਕਤੀਆਂ 'ਚ ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਭੁਪਿੰਦਰ, ਬਾਬੂ ਤੇ ਦੋ ਅਣਪਛਾਤੇ ਵਿਅਕਤੀ ਸ਼ਾਮਿਲ ਹਨ ਤੇ ਇਸ ਸਬੰਧੀ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਐਸ.ਐਚ.ਓ ਸਦਰ ਕਿਰਪਾਲ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਇਸ ਸਬੰਧੀ ਟੀਮ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ |