ਫਗਵਾੜਾ, 16 ਅਕਤੂਬਰ (ਹਰਜੋਤ ਸਿੰਘ ਚਾਨਾ)-ਅੱਜ ਇੱਥੇ ਰੇਲਵੇ ਲਾਈਨਾਂ 'ਤੇ ਟਰੇਨ ਦੀ ਲਪੇਟ 'ਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ | ਮਿ੍ਤਕ ਵਿਅਕਤੀ ਦੀ ਪਛਾਣ ਮੋਹਨ ਲਾਲ ਪੁੱਤਰ ਅਨੰਤ ਰਾਮ ਵਾਲੀ ਮੁਹੱਲਾ ਸੰਤੋਖਪੁਰਾ ਵਜੋਂ ਹੋਈ ਹੈ | ਜੀ.ਆਰ.ਪੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੁਹੱਲਾ ਸੰਤੋਖਪੁਰਾ ਨੇੜੇ ਰੇਲਵੇ ਲਾਈਨ 'ਤੇ ਇੱਕ ਵਿਅਕਤੀ ਟਰੇਨ ਨਾਲ ਟਕਰਾਉਣ ਕਾਰਨ ਜ਼ਖਮੀ ਹੋ ਗਿਆ ਹੈ | ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ, ਜਿੱਥੇ ਉਨ੍ਹਾਂ ਵੇਖਿਆ ਕਿ ਵਿਅਕਤੀ ਦਾ ਪੈਰ ਕੱਟਿਆ ਹੋਇਆ ਸੀ ਤੇ ਉਹ ਗੰਭੀਰ ਜ਼ਖਮੀ ਹਾਲਤ 'ਚ ਪਿਆ ਸੀ | ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਪਰ ਉਸ ਦੀ ਮੌਤ ਹੋ ਗਈ | ਹਸਪਤਾਲ ਦੇ ਐਮਰਜੈਂਸੀ ਡਿਊਟੀ 'ਤੇ ਤਾਇਨਾਤ ਡਾਕਟਰ ਨੇ ਦੱਸਿਆ ਕਿ ਮਰੀਜ਼ ਨੂੰ ਗੰਭੀਰ ਸਿਰ ਦੀ ਸੱਟ ਲੱਗੀ ਸੀ ਤੇ ਹਸਪਤਾਲ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |