22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਪ੍ਰਕਾਸ਼ ਪੁਰਬ 'ਤੇ ਵੀ ਪਾਵਨ ਨਗਰੀ ਦੀਆਂ ਸੜਕਾਂ ਨਾ ਬਣਾਉਣ ਕਾਰਨ ਸੰਗਤਾਂ 'ਚ ਭਾਰੀ ਰੋਸ-ਇੰਜ. ਸਵਰਨ ਸਿੰਘ, ਬੀਬੀ ਰੂਹੀ

ਅਜੀਤ ਡੈਸਕ 24-10-2025
ਸੁਲਤਾਨਪੁਰ ਲੋਧੀ, 23 ਅਕਤੂਬਰ (ਨਰੇਸ਼ ਹੈਪੀ)-ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪੀ.ਏ.ਸੀ. ਸ਼੍ਰੋਮਣੀ ਅਕਾਲੀ ਦਲ ਇੰਜ. ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 2 ਨਵੰਬਰ ਤੋਂ ਆਰੰਭ ਹੋ ਰਹੇ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਗੁਰਦੁਆਰਾ ਬੇਰ ਸਾਹਿਬ ਦੀਆਂ ਮੁੱਖ ਸੜਕਾਂ ਨਾ ਬਣਾਉਣ ਕਾਰਨ ਇਲਾਕੇ ਤੇ ਸੂਬੇ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਿਚ ਭਾਰੀ ਰੋਸ ਹੈ | ਉਨ੍ਹਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਸੂਬਾ ਸਰਕਾਰ ਤੇ ਪ੍ਰਸ਼ਾਸਨ ਨੂੰ ਅਸੀਂ ਲਗਾਤਾਰ ਅਪੀਲਾਂ ਕਰ ਰਹੇ ਹਾਂ ਪਰ ਫਿਰ ਵੀ ਜਾਣਬੁੱਝ ਕੇ ਸਰਕਾਰ ਤੇ ਸਬੰਧਿਤ ਅਧਿਕਾਰੀ ਧਿਆਨ ਨਹੀਂ ਦੇ ਰਹੇ ਅਤੇ ਬਹੁਤ ਹੀ ਸੁਸਤ ਚਾਲ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਹੈ | ਇੰਜ. ਸਵਰਨ ਸਿੰਘ ਤੇ ਬੀਬੀ ਰੂਹੀ ਨੇ ਕਿਹਾ ਕਿ ਅਗਰ ਕਿਤੇ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਆਉਣਾ ਹੋਵੇ ਤਾਂ ਰਾਤੋ ਰਾਤ ਨਵੀਆਂ ਸੜਕਾਂ ਬਣਾਈਆਂ ਜਾਂਦੀਆਂ ਹਨ ਪਰ ਸੂਬਾ ਸਰਕਾਰ ਤੇ ਲੋਕ ਨਿਰਮਾਣ ਵਿਭਾਗ ਲਈ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਸੁਲਤਾਨਪੁਰ ਲੋਧੀ ਪਵਿੱਤਰ ਨਗਰੀ ਵਿਖੇ ਮਨਾਇਆ ਜਾ ਰਿਹਾ ਹੋਵੇ ਤੇ ਵਾਰ ਵਾਰ ਅਪੀਲ ਦੇ ਬਾਵਜੂਦ ਵੀ ਸਰਕਾਰ ਤੇ ਪ੍ਰਸ਼ਾਸਨ ਦੇ ਕੰਨਾਂ ਤੇ ਜੂੰ ਨਾ ਸਰਕੀ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਜਦੋਂ ਦੇ ਮੁੱਖ ਮੰਤਰੀ ਬਣੇ ਹਨ ਉਦੋਂ ਤੋਂ ਹੀ ਭਾਰਤ ਦੇ ਨਨਕਾਣਾ ਸਾਹਿਬ ਵੱਜੋ ਸਤਿਕਾਰੇ ਜਾਂਦੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ | ਬੀਬੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਭਾਰਤ ਵਿਚ ਇਕੋ ਇੱਕ ਐਸਾ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਜੀਵਨ ਦਾ ਅਹਿਮ ਸਮਾਂ ਤਕਰੀਬਨ 15 ਸਾਲ ਗੁਜ਼ਾਰਿਆ ਤੇ ਇਸ ਨਗਰੀ ਵਿਖੇ ਸਤਿਗੁਰੂ ਜੀ ਨੇ ਕਈ ਕੌਤਕ ਵਰਤਾਏ | ਉਨ੍ਹਾਂ ਕਿਹਾ ਕਿ ਇਸ ਵਾਰ 556ਵਾਂ ਪ੍ਰਕਾਸ਼ ਪੁਰਬ ਵੀ ਵੱਡੀ ਪੱਧਰ ਤੇ ਇੱਥੇ ਗੁਰਦੁਆਰਾ ਬੇਰ ਸਾਹਿਬ ਵਿਖੇ ਮਨਾਇਆ ਜਾਵੇਗਾ ਜਿਸ ਦੀਆਂ ਤਿਆਰੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਕਮੇਟੀ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਦੀ ਅਗਵਾਈ ਹੇਠਾਂ ਵੱਡੇ ਪੱਧਰ ਤੇ ਚੱਲ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸੰਗਤਾਂ ਸੜਕਾਂ ਪੁੱਟਣ ਕਾਰਨ ਪਿਛਲੇ ਲੰਮੇ ਅਰਸੇ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦੇ ਦਰਸ਼ਨ ਕਰਨ ਸਮੇਂ ਬਹੁਤ ਪ੍ਰੇਸ਼ਾਨ ਹੁੰਦੀਆਂ ਹਨ | ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਤਲਵੰਡੀ ਪੁਲ ਵੱਲ ਤੇ ਗੁਰਦੁਆਰਾ ਹੱਟ ਸਾਹਿਬ ਵੱਲ ਦੋਵੇਂ ਪਾਸਿਓ ਪੁੱਟੀਆਂ ਹੋਈਆਂ ਸੜਕਾਂ ਜੇਕਰ ਹਾਲੇ ਵੀ ਨਾ ਬਣਾਈਆਂ ਤਾਂ ਸੰਗਤਾਂ ਨੂੰ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਹੋਣਾ ਪਵੇਗਾ | ਕਿਉਂਕਿ ਲੱਖਾਂ ਦੀ ਵੱਡੀ ਗਿਣਤੀ ਵਿਚ ਸੰਗਤਾਂ ਦੇਸ਼ ਵਿਦੇਸ਼ ਤੋਂ ਇੱਥੇ ਪ੍ਰਕਾਸ਼ ਪੁਰਬ ਮਨਾਉਣ ਆ ਰਹੀਆਂ ਹਨ | ਉਨ੍ਹਾਂ ਸੂਬਾ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਦਿਨ ਰਾਤ ਇਕ ਕਰਕੇ ਕਿਸੇ ਤਰਾਂ ਵੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਵੱਖ-ਵੱਖ ਥਾਵਾਂ ਨੂੰ ਜੋੜਦੀਆਂ ਸੜਕਾਂ ਬਣਾਈਆਂ ਜਾਣ |
ਪਿਛਲੀ ਖ਼ਬਰ ਪਿੰਡ ਡਾਲਾ 'ਚ ਸਾਲਾਨਾ ਮੇਲਾ ਅੱਜ ਅਗਲੀ ਖ਼ਬਰ ਸ਼ਰਧਾ ਨਾਲ ਮਨਾਇਆ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।