ਕਪੂਰਥਲਾ, 3 ਨਵੰਬਰ (ਅਮਨਜੋਤ ਸਿੰਘ ਵਾਲੀਆ)-ਪਿਛਲੇ ਲੰਮੇ ਸਮੇਂ ਤੋਂ ਸਿਹਤ ਵਿਭਾਗ 'ਚ ਕੰਮ ਕਰਦੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੇ ਐਨ.ਐਚ.ਐਮ. ਇੰਪਲਾਈਜ਼ ਯੂਨੀਅਨ ਪੰਜਾਬ ਵਲੋਂ ਉਲੀਕੇ ਰੋਸ ਪ੍ਰੋਗਰਾਮ ਤਹਿਤ ਆਪਣੀਆਂ ਹੱਕੀ ਮੰਗਾਂ ਨੂੰ ਸਰਕਾਰ ਤੱਕ ਪਹੰੁਚਾਉਣ ਲਈ ਅਤੇ ਆਪਣੀਆਂ ਦੋ ਮਹੀਨੇ ਦੀਆਂ ਰੁਕੀਆਂ ਤਨਖ਼ਾਹਾਂ ਨੂੰ ਤੁਰੰਤ ਜਾਰੀ ਕਰਵਾਉਣ ਤੇ ਪੰਜਾਬ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਸੂਬੇ 'ਚ ਸਮੂਹ ਐਨ.ਐਚ.ਐਮ. ਕਰਮਚਾਰੀਆਂ ਵਲੋਂ ਕੀਤੀ ਗਈ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਹੈ | ਇਸੇ ਲੜੀ ਤਹਿਤ ਸਿਹਤ ਵਿਭਾਗ ਕਪੂਰਥਲਾ ਦੇ ਸਮੁੱਚੇ ਕਰਮਚਾਰੀਆਂ ਵਲੋਂ ਸਿਵਲ ਸਰਜਨ ਦਫ਼ਤਰ ਕਪੂਰਥਲਾ ਵਿਖੇ ਧਰਨਾ ਦੇ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਮੁਲਾਜ਼ਮਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੀਆਂ ਚੋਣਾਂ 'ਚ ਸਰਕਾਰ ਨੂੰ ਐਨ.ਐਚ.ਐਮ. ਮੁਲਾਜ਼ਮਾਂ ਵਲੋਂ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ | ਇਸ ਦੌਰਾਨ ਯੂਨੀਅਨ ਦੇ ਪੰਜਾਬ ਦੇ ਜਨਰਲ ਸਕੱਤਰ ਰਾਮ ਸਿੰਘ ਨੇ ਦੱਸਿਆ ਕਿ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਵਲੋਂ ਵਿਭਾਗ ਦੀ ਹਰ ਤਰ੍ਹਾਂ ਦੀ ਆਨਲਾਈਨ ਰਿਪੋਰਟਿੰਗ, ਆਫ਼ਲਾਈਨ ਰਿਪੋਰਟਿੰਗ, ਰੋਜ਼ਾਨਾ ਓ.ਪੀ.ਡੀ. ਅਤੇ ਹੋਰ ਵਿਭਾਗੀ ਕੰਮਕਾਜਾ ਨੂੰ ਪੂਰੀ ਠੱਪ ਰੱਖਿਆ ਗਿਆ | ਏ.ਐਨ.ਐਮ. ਯੂਨੀਅਨ ਦੀ ਜ਼ਿਲ੍ਹਾ ਆਗੂ ਸ਼ਰਨਜੀਤ ਕੌਰ ਨੇ ਦੱਸਿਆ ਕਿ ਸਰਕਾਰ ਦੇ ਇਸ ਵਤੀਰੇ ਦੇ ਵਿਰੋਧ ਵਿਚ ਅੱਜ ਟੀਕਾਕਰਨ ਪ੍ਰੋਗਰਾਮ ਦਾ ਪੂਰੀ ਤਰਾਂ ਨਾਲ ਬਾਈਕਾਟ ਕੀਤਾ ਗਿਆ ਹੈ | ਉਨ੍ਹਾਂ ਮੰਗ ਕੀਤੀ ਕਿ ਹਰ ਮਹੀਨੇ ਦੀ 5 ਤਾਰੀਖ਼ ਤਕ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਜਾਰੀ ਕੀਤੀਆਂ ਜਾਣ, ਅਜਿਹਾ ਨਾ ਹੋਣ ਦੀ ਸੂਰਤ ਵਿਚ ਸੰਘਰਸ਼ ਹੋਰ ਤਿੱਖਾ ਕਰਨ ਦੀ ਵੀ ਚਿਤਾਵਨੀ ਦਿੱਤੀ ਗਈ | ਜ਼ਿਕਰਯੋਗ ਹੈ ਕਿ ਯੂਨੀਅਨ ਦੇ ਆਗੂ 4 ਤਰੀਕ ਨੂੰ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਜੀ ਦੇ ਹੈਂਡ ਆਫਿਸ ਦਾ ਘੇਰਾਓ ਕਰਨਗੇ | ਇਸ ਮੌਕੇ ਤੇ ਜਤਿੰਦਰ ਸੰਧੂ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਵਿਨੈ ਮੱਲਣ, ਰਮਿੰਦਰ, ਅਵਨੀਸ਼, ਪੰਕਜ ਵਾਲੀਆ, ਕਮਲਜੀਤ, ਡਾ: ਨਵਪ੍ਰੀਤ, ਡਾਕਟਰ ਹਰਕੰਵਲ, ਕਮਲਜੀਤ ਸਿੰਘ, ਪਿ੍ਯੰਕਾ, ਡਾਕਟਰ ਅਮਨਪ੍ਰੀਤ, ਮਨੀਸ਼ ਕੁਮਾਰ, ਸੰਤੋਸ਼ ਕੁਮਾਰੀ, ਪਰਮਜੀਤ ਕੌਰ, ਮੋਨਿਕਾ, ਸੋਨਾ ਤੋਂ ਇਲਾਵਾ ਹੋਰ ਹਾਜ਼ਰ ਸਨ |