22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸੀਤ ਲਹਿਰ ਤੇ ਸੰਘਣੀ ਧੁੰਦ ਕਾਰਨ ਪੰਜਾਬ, ਹਰਿਆਣਾ 'ਚ ਰਾਤ ਸਮੇਂ ਠੰਢ ਮੁੜ ਵਧੀ

ਅਜੀਤ ਡੈਸਕ 30-01-2026
ਚੰਡੀਗੜ੍ਹ/ਅੰਮਿ੍ਤਸਰ, 29 ਜਨਵਰੀ (ਸੁਖਵਿੰਦਰ ਸਿੰਘ ਸ਼ਾਨ, ਹਰਮਿੰਦਰ ਸਿੰਘ)-ਸੰਘਣੀ ਧੁੰਦ, ਟੁੱਟਵੀਂ ਬੱਦਲਵਾਈ ਅਤੇ ਸੀਤ ਲਹਿਰ ਦੇ ਚਲਦਿਆਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਕੜਾਕੇਦਾਰ ਠੰਢ ਪੈ ਰਹੀ ਹੈ, ਹਾਲਾਂਕਿ ਦਿਨ ਦੇ ਸਮੇਂ ਸੂਰਜ ਕਾਫ਼ੀ ਚਮਕਿਆ | ਠੰਢ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ ਵਿਚ ਗਿਰਾਵਟ ਜਾਰੀ ਹੈ | ਬੁੱਧਵਾਰ ਦੀ ਰਾਤ ਹਰਿਆਣਾ ਦੇ ਨਾਰਨੌਲ ਅਤੇ ਪੰਜਾਬ ਦੇ ਫ਼ਰੀਦਕੋਟ ਵਿਚ ਸਭ ਤੋਂ ਠੰਢੀ ਰਹੀ | ਅਨੁਮਾਨ ਹੈ ਕਿ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਵਿਚ ਬਹੁਤ ਜ਼ਿਆਦਾ ਸੰਘਣੀ ਧੁੰਦ ਅਤੇ ਸੀਤ ਲਹਿਰ ਦਾ ਯੈਲੋ ਅਲਰਟ ਰਹੇਗਾ, ਪਰ ਮੀਂਹ ਨਹੀਂ ਪਵੇਗਾ | ਮੌਸਮ ਵਿਭਾਗ ਦੇ ਕੇਂਦਰ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਪੰਜਾਬ ਵਿਚ ਵੱਖ-ਵੱਖ ਥਾਵਾਂ 'ਤੇ ਸਵੇਰ ਸਮੇਂ ਬਹੁਤ ਜ਼ਿਆਦਾ ਸੰਘਣੀ ਧੁੰਦ ਅਤੇ ਸੀਤ ਲਹਿਰ ਦਾ ਜ਼ੋਰ ਰਿਹਾ | ਬਠਿੰਡਾ , ਫ਼ਰੀਦਕੋਟ, ਅੰਮਿ੍ਤਸਰ, ਤਰਨ ਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਮੁਕਤਸਰ ਅਤੇ ਮਾਨਸਾ ਵਿਚ ਸੀਤ ਲਹਿਰ ਨੇ ਹੱਡ ਠਾਰਵੀਂ ਠੰਢ ਕਰ ਦਿੱਤੀ | ਸੂਬੇ ਵਿਚ ਘੱਟ ਤੋਂ ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਫ਼ਰੀਦਕੋਟ ਵਿਚ ਦਰਜ ਕੀਤਾ ਗਿਆ | ਹੋਰਨਾਂ ਇਲਾਕਿਆਂ 'ਚ ਘੱਟੋ-ਘੱਟ ਤਾਪਮਾਨ ਫ਼ਿਰੋਜ਼ਪੁਰ ਵਿਚ 3.4 ਡਿਗਰੀ ਸੈਲਸੀਅਸ, ਬਠਿੰਡਾ 'ਚ 3.8 ਡਿਗਰੀ, ਅੰਮਿ੍ਤਸਰ 'ਚ 4.7 ਡਿਗਰੀ, ਹੁਸ਼ਿਆਰਪੁਰ 'ਚ 6.2 ਡਿਗਰੀ, ਸ਼ਹੀਦ ਭਗਤ ਸਿੰਘ ਨਗਰ 'ਚ 6.5 ਡਿਗਰੀ, ਪਟਿਆਲਾ 'ਚ 8 ਡਿਗਰੀ, ਲੁਧਿਆਣਾ 'ਚ 8.2 ਡਿਗਰੀ ਅਤੇ ਰੂਪਨਗਰ 'ਚ 8.3 ਡਿਗਰੀ ਸੈਲਸੀਅਸ ਰਿਹਾ | ਪੰਜਾਬ ਵਿਚ ਵੱਧ ਤੋਂ ਵੱਧ ਤਾਪਮਾਨ 22.7 ਡਿਗਰੀ ਸੈਲਸੀਅਸ ਵੀ ਫ਼ਰੀਦਕੋਟ ਵਿਚ ਹੀ ਦਰਜ ਕੀਤਾ ਗਿਆ | ਰਾਜਧਾਨੀ ਚੰਡੀਗੜ੍ਹ ਵਿਚ ਵੀ ਸਵੇਰ ਸਮੇਂ ਜ਼ਿਆਦਾ ਸੰਘਣੀ ਧੁੰਦ ਪਈ ਅਤੇ ਸੀਤ ਲਹਿਰ ਚੱਲੀ | ਸੰਘਣੀ ਧੁੰਦ ਕਾਰਨ ਰਾਹਗੀਰਾਂ ਨੂੰ ਮੰਜ਼ਿਲਾਂ ਵੱਲ ਜਾਣ ਵਿਚ ਦਿੱਕਤਾਂ ਆਈਆਂ | ਚੰਡੀਗੜ੍ਹ ਵਿਚ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਗੁਆਂਢੀ ਸੂਬੇ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਵਿਚ ਜ਼ਿਆਦਾ ਸੰਘਣੀ ਧੁੰਦ ਪਈ ਅਤੇ ਸੀਤ ਲਹਿਰ ਚੱਲੀ | ਸੂਬੇ ਵਿਚ ਕੜਾਕੇਦਾਰ ਠੰਢ ਨਾਰਨੌਲ ਵਿਚ ਘੱਟੋ-ਘੱਟ ਤਾਪਮਾਨ 2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ |

ਪਿਛਲੀ ਖ਼ਬਰ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਲਈ ਪੰਜਾਬ ਸਰਕਾਰ ਨੇ ਖ਼ਰੀਦੀ 9 ਏਕੜ ਤੋਂ ਵੱਧ ਜ਼ਮੀਨ ਅਗਲੀ ਖ਼ਬਰ ਅਜੀਤ ਪਵਾਰ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।