22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਜਿਵੇਂ ਯੂ.ਪੀ. ’ਚੋਂ ਗੈਂਗਸਟਰਵਾਦ ਦਾ ਖ਼ਾਤਮਾ ਕੀਤਾ ਉਵੇਂ ਹੀ ਪੰਜਾਬ ’ਚੋਂ ਕਰਾਂਗੇ ਨਸ਼ਾ ਖ਼ਤਮ- ਫੂਲਕਾ

ਜਿਵੇਂ ਯੂ.ਪੀ. ’ਚੋਂ ਗੈਂਗਸਟਰਵਾਦ ਦਾ ਖ਼ਾਤਮਾ ਕੀਤਾ ਉਵੇਂ ਹੀ ਪੰਜਾਬ ’ਚੋਂ ਕਰਾਂਗੇ ਨਸ਼ਾ ਖ਼ਤਮ- ਫੂਲਕਾ

ਅਜੀਤ ਡੈਸਕ 22-09-2026

ਤਲਵੰਡੀ ਸਾਬੋ, 21 ਸਤੰਬਰ (ਰਵਜੋਤ ਸਿੰਘ ਰਾਹੀ/ਰਣਜੀਤ ਸਿੰਘ ਰਾਜੂ)- ਭਾਰਤੀ ਜਨਤਾ ਪਾਰਟੀ ਨੇ ਸੱਤਾ ’ਚ ਆਉਣ ਤੋਂ ਬਾਅਦ ਜਿਵੇਂ ਯੂ.ਪੀ. ਵਿਚੋਂ ਗੈਂਗਸਟਰਵਾਦ ਨੂੰ ਖ਼ਤਮ ਕਰ ਦਿੱਤਾ ਹੈ, ਉਸੇ ਹੀ ਤਰ੍ਹਾਂ ਪੰਜਾਬ ਵਿਚ ਸਰਕਾਰ ਆਉਣ ਤੋਂ ਬਾਅਦ ਭਾਜਪਾ ਵਲੋਂ ਨਸ਼ੇ ਅਤੇ ਗੈਂਗਸਟਰਵਾਦ ਨੂੰ ਜੜ੍ਹ ਤੋਂ ਖ਼ਤਮ ਕਰ ਦਿੱਤਾ ਜਾਵੇਗਾ । ਇਹ ਪ੍ਰਗਟਾਵਾ ਸੀਨੀਅਰ ਭਾਜਪਾ ਆਗੂ ਹਰਵਿੰਦਰ ਸਿੰਘ ਫੂਲਕਾ ਨੇ ਤਲਵੰਡੀ ਸਾਬੋ ਤੋਂ ਸ਼ੁਰੂ ਹੋਈ ਚੌਥੀ ‘ਨਸ਼ਾ ਮੁਕਤ ਪੰਜਾਬ’ ਯਾਤਰਾ ਵਿਚ ਸ਼ਮੂਲੀਅਤ ਕਰਨ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੀ ਵਿਕਰੀ ਨੂੰ ਰੋਕਣ ’ਚ ਪੂਰੀ ਤਰ੍ਹਾਂ ਨਕਾਮ ਸਾਬਤ ਹੋਈ ਹੈ। ਇਸ ਸਰਕਾਰ ਦੌਰਾਨ ਸੂਬੇ ’ਚ ਫਰੌਤੀਆਂ ਵੀ ਆਮ ਹੋ ਗਈਆਂ ਹਨ ਤੇ ਜੇ ਕੋਈ ਮਿਹਨਤ ਕਰਕੇ ਪੈਸੇ ਕਮਾਉਂਦਾ ਹੈ ਤਾਂ ਉਸ ਨੂੰ ਫਿਰੌਤੀ ਲਈ ਫ਼ੋਨ ਆ ਜਾਂਦਾ ਹੈ। ਇਨ੍ਹਾਂ ਚੁਣੌਤੀ ਭਰੇ ਮੁੱਦਿਆਂ ਨੂੰ ਹੱਲ ਕਰਨ ਲਈ ਗੰਭੀਰਤਾ ਦੀ ਜ਼ਰੂਰਤ ਹੈ ਜੋ ਕਿ ਕੇਵਲ ਭਾਰਤੀ ਜਨਤਾ ਪਾਰਟੀ ਕੋਲ ਹੈ। ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਭਾਜਪਾ ਦੇ ਇੰਚਾਰਜ ਸਤੀਸ਼ ਪੂਨੀਆ ਨੇ ਕਿਹਾ ਕਿ ਨਸ਼ਾ ਪੰਜਾਬ ਦੇ ਨੌਜਵਾਨਾਂ ਲਈ ਗੰਭੀਰ ਚੁਣੌਤੀ ਬਣਿਆ ਹੋਇਆ ਹੈ। ਉਨ੍ਹਾਂ ਵਿਰੋਧੀਆਂ ਵਲੋਂ ਕੀਤੇ ਜਾ ਰਹੇ ਸਵਾਲ ਕਿ ਭਾਜਪਾ ਨਸ਼ਾ ਕਿਵੇਂ ਖ਼ਤਮ ਕਰੇਗੀ ਦਾ ਜਵਾਬ ਦਿੰਦਿਆਂ ਕਿਹਾ ਕਿ ਜੋ ਪਾਰਟੀ ਦੇਸ਼ ’ਚੋਂ ਨਕਸਲਵਾਦ ਅਤੇ ਧਾਰਾ 370 ਦਾ ਖ਼ਾਤਮਾ ਕਰ ਸਕਦੀ ਹੈ। ਉਸ ਲਈ ਨਸ਼ਾ ਖ਼ਤਮ ਕਰਨਾ ਕੋਈ ਔਖੀ ਗੱਲ ਨਹੀਂ ਹੈ। ਇਸ ਮੌਕੇ ਉਨ੍ਹਾਂ ਨਾਲ ਗੁਰਪ੍ਰੀਤ ਸਿੰਘ ਮਲੂਕਾ ਜ਼ਿਲ੍ਹਾ ਪ੍ਰਧਾਨ ਭਾਜਪਾ, ਹਰਮਿੰਦਰ ਸਿੰਘ ਜੱਸੀ ਸਾਬਕਾ ਮੰਤਰੀ, ਨਵਜੋਤ ਸਿੰਘ ਗੁਣੀ ਹਲਕਾ ਇੰਚਾਰਜ, ਸੁਖਵਿੰਦਰ ਸਿੰਘ ਗੁਣੀ, ਮੋਹਨ ਲਾਲ ਸ਼ਰਮਾ, ਦੇਵੀ ਦਿਆਲ ਅਤੇ ਅਮਨ ਚੱਠਾ ਆਦਿ ਆਗੂ ਹਾਜ਼ਰ ਸਨ।

 

ਪਿਛਲੀ ਖ਼ਬਰ ਸੱਤਾ ’ਚ ਆਏ ਤਾਂ 6 ਮਹੀਨਿਆਂ ’ਚ ਨਸ਼ਾ ਖ਼ਤਮ ਕਰਾਂਗੇ-ਸ਼ਿਵਰਾਜ ਚੌਹਾਨ ਅਗਲੀ ਖ਼ਬਰ ਐਡੇ ਵੱਡੇ ਇਨਸਾਫ਼ ਦੇ ਅਸਥਾਨ ਤੋਂ ਮੇਰੇ ਨਾਲ ਬਹੁਤ ਵੱਡੀ ਬੇਇਨਸਾਫ਼ੀ ਕੀਤੀ ਗਈ-ਚਾਵਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।