ਕਿਹਾ, ਮੈਨੂੰ ਬਲੀ ਦਾ ਬੱਕਰਾ ਬਣਾ ਕੇ, ਸਾਰਾ ਭਾਂਡਾ ਮੇਰੇ ਸਿਰ ਭੰਨ ਕੇ ਬਾਕੀ ਬਰੀ ਕਰ ਦਿੱਤੇ
ਆਉਣ ਵਾਲੇ ਦਿਨਾਂ ’ਚ ਕਰਾਂਗਾ ਵੱਡੇ ਖੁਲਾਸੇ
ਅੰਮ੍ਰਿਤਸਰ, 21 ਸਤੰਬਰ (ਜਸਵੰਤ ਸਿੰਘ ਜੱਸ)-ਬਹਿਰੀਨ ਤੋਂ ਆਈ ਇਕ ਔਰਤ ਵਲੋਂ ਪੁਲਿਸ ਕੋਲ ਦਰਜ ਕਰਵਾਈ ਐੱਫ.ਆਈ.ਆਰ. ’ਚ ਨਾਂਅ ਸ਼ਾਮਿਲ ਹੋਣ ’ਤੇ ਮਲਕੀਤ ਸਿੰਘ ਸਮੇਤ ਸਿੱਖ ਪੰਥ ’ਚੋਂ ਛੇਕੇ ਗਏ ਅਮਰਜੀਤ ਸਿੰਘ ਚਾਵਲਾ ਨੇ ਜਾਰੀ ਵੀਡੀਓ ’ਚ ਇਸ ਫੈਸਲੇ ’ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਹੈ ਕਿ ਐਡੇ ਵੱਡੇ ਇਨਸਾਫ ਦੇ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੇਰੇ ਨਾਲ ਬਹੁਤ ਵੱਡੀ ਬੇਇਨਸਾਫੀ ਕੀਤੀ ਗਈ ਹੈ ਤੇ ਘੱਟ ਤੋਂ ਘੱਟ ਇਕ ਵਾਰ ਮੈਨੂੰ ਬੁਲਾ ਕੇ ਮੇਰੇ ’ਤੇ ਲੱਗੇ ਦੋਸ਼ਾਂ ਬਾਰੇ ਪੱਖ ਤਾਂ ਸੁਣਨਾ ਚਾਹੀਦਾ ਸੀ ? ਜਾਰੀ ਵੀਡੀਓ ’ਚ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਦੀ ਮਹਾਨ ਸੰਸਥਾ ਹੈ, ਜਿਸ ਦਾ ਮਨੋਰਥ ਸਿੱਖ ਪੰਥ ’ਚ ਹੀ ਨਹੀਂ ਬਲਕਿ ਦੁਨੀਆਂ ਨੂੰ ਇਨਸਾਫ ਦੇਣ ਦਾ ਹੈ। ਉਨ੍ਹਾਂ ਕਿਹਾ ਕਿ ਬਹਿਰੀਨ ਤੋਂ ਆਈ ਇਕ ਬੀਬੀ, ਜਿਹੜੀ ਕਾਫੀ ਲੰਬੇ ਸਮੇਂ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਹਿ ਰਹੀ ਸੀ, ਉਸ ਨੇ ਜੋ ਸੰਗੀਨ ਦੋਸ਼ ਮੇਰੇ ’ਤੇ ਲਾਏ, ਉਨ੍ਹਾਂ ’ਤੇ ਸਿੰਘ ਸਾਹਿਬ ਨੇ ਨਾ ਕੋਈ ਵਿਚਾਰ ਕੀਤੀ ਨਾ ਉਸ ਨੂੰ ਪੜ੍ਹਿਆ ਸੁਣਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਐੱਫ. ਆਈ. ਆਰ. ਸ੍ਰੀ ਅਨੰਦਪੁਰ ਸਾਹਿਬ ਦੇ ਥਾਣੇ ’ਚ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਅਦਾਲਤ ’ਚ ਜੱਜ ਦੇ ਸਾਹਮਣੇ ਧਾਰਾ 164 ਤਹਿਤ ਬਿਆਨ ਵੀ ਕਲਮਬੱਧ ਹੋ ਚੁੱਕੇ ਹਨ, ਉਹ ਮਾਮਲਾ ਅਦਾਲਤ ’ਚ ਹੈ ਤੇ ਜਦੋਂ ਕੋਈ ਮਾਮਲਾ ਅਦਾਲਤ ’ਚ ਹੁੰਦਾ ਹੈ ਤਾਂ ਅਕਾਲ ਤਖ਼ਤ ਸਾਹਿਬ ਵਿਖੇ ਉਸ ਮਾਮਲੇ ਨੂੰ ਉਦੋਂ ਤੱਕ ਵਿਚਾਰਿਆ ਨਹੀਂ ਜਾਂਦਾ, ਜਿੰਨੀ ਦੇਰ ਤੱਕ ਉਥੇ ਫੈਸਲਾ ਨਹੀਂ ਹੋ ਜਾਂਦਾ, ਪਰ ਇਸ ਕੇਸ ਵਿਚ ਸਿੰਘ ਸਾਹਿਬ ਨੇ ਗੱਲ ਨੂੰ ਦਰਕਿਨਾਰ ਕੀਤਾ। ਭਾਵੁਕ ਹੁੰਦਿਆਂ ਤੇ ਜਥੇਦਾਰ ਨੂੰ ਸੰਬੋਧਨ ਹੁੰਦਿਆਂ ਚਾਵਲਾ ਨੇ ਕਿਹਾ ਕਿ ਸ਼ਿਕਾਇਤ ਕਰਤਾ ਬਹਿਰੀਨ ਵਾਲੀ ਬੀਬੀ ਕੌਣ ਹੈ, ਉਹ ਕਿਵੇਂ ਇਥੇ ਆਈ, ਕਿਸ ਤਰ੍ਹਾਂ ਰਹੀ, ਕਿਸ ਨੇ ਭੇਜਿਆ, ਕਿਸ ਨੇ ਬੁਲਾਇਆ, ਇੰਨਾ ਲੰਬਾ ਸਮਾਂ ਕਿਵੇਂ ਰਹੀ ? ਇਹ ਗੱਲ ਵਿਚਾਰੀ ਜਾਣੀ ਚਾਹੀਦੀ ਸੀ, ਪਰ ਤੁਸੀਂ ਉਸ ਗੱਲ ਨੂੰ ਬਿਲਕੁਲ ਪਾਸੇ ਰੱਖ ਕੇ ਕੇਵਲ ਮੈਨੂੰ ਬਲੀ ਦਾ ਬੱਕਰਾ ਬਣਾ ਕੇ ਤੇ ਸਾਰਾ ਭਾਂਡਾ ਮੇਰੇ ਸਿਰ ਭੰਨ ਕੇ ਬਾਕੀ ਸਾਰੇ ਬਰੀ ਕਰ ਦਿੱਤੇ। ਉਨ੍ਹਾਂ ਕਿਹਾ ਕਿ ਤੁਸੀਂ ਖੁਦ ਕਿਹਾ ਹੈ ਕਿ ਉਸ ਬੀਬੀ ਨੇ ਤੁਹਾਡੇ ਕੋਲ ਮਲਕੀਤ ਸਿੰਘ ਬਾਰੇ ਗੱਲ ਕੀਤੀ ਸੀ, ਮੇਰੇ (ਚਾਵਲਾ) ਬਾਰੇ ਕੋਈ ਗੱਲ ਨਹੀਂ ਸੀ ਕੀਤੀ, ਫਿਰ ਵੀ ਤੁਸੀਂ ਆਪਣੇ ਕੋਈ ਸਿਆਸੀ ਮਿੱਤਰਾਂ ਦੀ ਰਾਏ ਨਾਲ ਜਲਦੀ ਮਾਮਲਾ ਨਿਪਟਾਉਣ ਤਹਿਤ ਫੈਸਲਾ ਸੁਣਾ ਕੇ ਮੈਨੂੰ ਸਜ਼ਾ ਸੁਣਾ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ ਸੁੱਚਾ ਸਿੰਘ ਲੰਗਾਹ ਦੀ ਵੀਡੀਓ ਸਾਹਮਣੇ ਆਈ ਸੀ, ਉਸ ਵੇਲੇ ਇਕ ਵਿਦਵਾਨਾਂ ਦੀ ਕਮੇਟੀ ਬਣਾ ਕੇ ਉਸ ਦੀ ਰਿਪੋਰਟ ਤੋਂ ਬਾਅਦ ਉਸ ਬਾਰੇ ਫੈਸਲਾ ਸੁਣਾਇਆ ਗਿਆ ਸੀ, ਪਰ ਮੇਰੇ ’ਤੇ ਤਾਂ ਕੇਵਲ ਦੋਸ਼ ਹੀ ਲੱਗੇ ਸਨ, ਫਿਰ ਐਨੀ ਕਾਹਲੀ ਕਿਸ ਗੱਲ ਦੀ ਸੀ। ਉਨ੍ਹਾਂ ਕਿਹਾ ਕਿ ਸਾਰਾ ਪੰਥ ਜਾਣਨ ਚਾਹੁੰਦਾ ਕਿ ਦੋਸ਼ ਲਾਉਣ ਵਾਲੀ ਬੀਬੀ ਕਿਸ ਨੇ ਰੱਖੀ, ਕਿਉਂ ਰੱਖੀ, ਮਸਲਾ ਕੀ ਸੀ, ਉਹ ਆਈ ਕਿਸ ਮਾਮਲੇ ਲਈ ਸੀ ? ਇਹ ਬੜੀ ਵੱਡੀ ਤੇ ਅਹਿਮ ਗੱਲ ਹੈ। ਕਿਸੇ ਦਾ ਨਾਂਅ ਲਏ ਬਗੈਰ ਉਨ੍ਹਾਂ ਕਿਹਾ ਕਿ ਜਿਨ੍ਹਾਂ ਵੀਰਾਂ ਨੇ ਉਸ ਬੀਬੀ ਨੂੰ ਬੁਲਾਇਆ, ਉਸ ਬਾਰੇ ਵੀ ਜਲਦ ਸੰਗਤ ਦੇ ਸਾਹਮਣੇ ਖੁਲਾਸਾ ਕਰਾਂਗਾ। ਉਨ੍ਹਾਂ ਕਿਹਾ ਕਿ ਸਾਰੀ ਉਮਰ ਪੰਥ ਦੀ ਸੇਵਾ ਕੀਤੀ ਹੈ ਤੇ ਹੁਣ ਵੀ ਕਰਨੀ ਹੈ, ਪਰ ਇਸ ਗੱਲ ਦਾ ਜ਼ਰੂਰ ਮਨ ’ਚ ਰੋਸ ਹੈ ਕਿ ਤੁਹਾਡਾ ਇਨਸਾਫ ਡੋਲ੍ਹਿਆ ਹੈ, ਤੁਹਾਨੂੰ ਇਕ ਵਾਰ ਸਾਡਾ ਪੱਖ ਸੁਣਨ ਚਾਹੀਦਾ ਸੀ।