22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਭਾਰਤ-ਅਮਰੀਕਾ ਸਮਝੌਤੇ ਲਈ ਅਜੇ ਸਿਰਫ਼ ਮੁਢਲੇ ਢਾਂਚੇ ਦਾ ਹੋਇਆ ਹੈ ਫ਼ੈਸਲਾ <br/>

ਅਜੀਤ ਡੈਸਕ 13-02-2026

ਹਰਜਿੰਦਰ ਸਿੰਘ ਲਾਲ
ਖੰਨਾ, 12 ਫਰਵਰੀ-ਸੰਯੁਕਤ ਕਿਸਾਨ ਮੋਰਚਾ ਅਤੇ ਹੋਰ ਕਿਸਾਨ ਜਥੇਬੰਦੀਆਂ ਨੇ ਭਾਰਤ-ਅਮਰੀਕਾ ਸਮਝੌਤੇ ਨੂੰ ਭਾਰਤੀ ਖੇਤੀਬਾੜੀ, ਡੇਅਰੀ ਅਤੇ ਪੇਂਡੂ ਜੀਵਨ ਲਈ ਖ਼ਤਰਾ ਦੱਸਦਿਆਂ ਅੱਜ ਭਾਰਤ ਬੰਦ ਕੀਤਾ ਹੈ, ਪਰ ਅਸਲ ਵਿਚ ਅਜੇ ਤੱਕ ਭਾਰਤ ਅਤੇ ਅਮਰੀਕਾ ਵਿਚਕਾਰ ਕੋਈ ਵਪਾਰਕ ਸਮਝੌਤਾ ਨਹੀਂ ਹੋਇਆ, ਸਗੋਂ ਸਿਰਫ਼ ਵਪਾਰਕ ਫਰੇਮਵਰਕ ਐਗਰੀਮੈਂਟ (ਵਪਾਰਕ ਮੁਢਲਾ ਢਾਂਚਾ ਸਮਝੌਤਾ) ਹੀ ਹੋਇਆ ਹੈ, ਜੋ ਦੋਵਾਂ ਦੇਸ਼ਾਂ ਵਿਚ ਅੰਤਰਿਮ ਵਪਾਰਕ ਸਮਝੌਤੇ ਦਾ ਆਧਾਰ ਬਣੇਗਾ | ਸਮਝੌਤੇ ਦਾ ਇਹ ਮੁਢਲਾ ਢਾਂਚਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਸ਼ੁਰੂ ਕੀਤੀ ਗੱਲਬਾਤ ਦਾ ਨਤੀਜਾ ਹੈ | ਇਸ ਮੁੱਢਲੇ ਢਾਂਚੇ ਦਾ ਮਕਸਦ ਭਵਿੱਖ ਵਿਚ ਪਹਿਲਾਂ ਅੰਤਰਿਮ ਵਪਾਰ ਸਮਝੌਤਾ ਕਰਨਾ ਹੈ ਤੇ ਫਿਰ ਸਥਿਤੀ ਨੂੰ ਵਿਚਾਰ ਕੇ ਪੂਰਾ ਦੋ-ਪਾਸੜ ਵਪਾਰਕ ਸਮਝੌਤਾ (ਬਾਈਲੈਟਰਲ ਟਰੇਡ ਐਗਰੀਮੈਂਟ) ਭਾਵ ਬੀ.ਟੀ.ਏ. ਤੱਕ ਪਹੁੰਚਣਾ ਹੈ |
ਭਾਰਤ ਸਰਕਾਰ ਦੇ ਅਧਿਕਾਰਤ ਬਿਆਨ
ਭਾਰਤ ਸਰਕਾਰ ਨੇ ਸਪੱਸ਼ਟ ਕਿਹਾ ਹੈ ਕਿ ਖੇਤੀਬਾੜੀ ਅਤੇ ਡੇਅਰੀ ਸੈਕਟਰ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਗਿਆ ਹੈ | ਵਣਜ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਸੰਵੇਦਨਸ਼ੀਲ ਖੇਤੀ ਉਤਪਾਦਾਂ ਜਿਵੇਂ ਕਣਕ, ਚੌਲ, ਮੱਕੀ, ਸੋਇਆਬੀਨ, ਦੁੱਧ, ਪਨੀਰ, ਘਿਓ 'ਤੇ ਕੋਈ ਛੋਟ ਨਹੀਂ ਦਿੱਤੀ ਗਈ | ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪੰਜਾਬ ਵਿਚ ਹੋਣ ਵਾਲੀਆਂ ਫ਼ਸਲਾਂ ਕਣਕ, ਚੌਲ, ਮੱਕੀ ਆਦਿ ਨੂੰ ਪੂਰੀ ਸੁਰੱਖਿਆ ਮਿਲੀ ਹੈ ਅਤੇ ਡੇਅਰੀ ਸੈਕਟਰ ਵੀ ਸੁਰੱਖਿਅਤ ਹੈ | ਨਵੀਆਂ ਰਿਪੋਰਟਾਂ ਅਨੁਸਾਰ ਮੁਢਲੇ ਢਾਂਚੇ ਦੇ ਸਮਝੌਤੇ ਵਿਚੋਂ ਦਾਲਾਂ ਵੀ ਕੱਢ ਦਿੱਤੀਆਂ ਗਈਆਂ ਹਨ | ਕੁਝ ਫੂਡ ਪ੍ਰੋਸੈਸਿੰਗ ਲਈ ਵਰਤੇ ਜਾਣ ਵਾਲੇ ਪਦਾਰਥਾਂ 'ਤੇ ਟੈਰਿਫ਼ ਹੁਣੇ ਨਹੀਂ ਘਟੇਗਾ, ਸਗੋਂ 10 ਸਾਲਾਂ ਦੇ ਸਮੇਂ ਵਿਚ ਹੌਲੀ ਹੌਲੀ ਘਟਾਇਆ ਜਾਵੇਗਾ ਤਾਂ ਜੋ ਭਾਰਤੀ ਉਦਯੋਗ ਨੂੰ ਉਸ ਮੁਤਾਬਿਕ ਖੜੇ ਹੋਣ ਦਾ ਸਮਾਂ ਮਿਲ ਸਕੇ | ਅਮਰੀਕਾ ਨੇ ਭਾਰਤੀ ਬਰਾਮਦ 'ਤੇ ਜਵਾਬੀ ਟੈਰਿਫ਼ 50 ਫ਼ੀਸਦੀ ਤੋਂ ਘਟਾ ਕੇ 18 ਫ਼ੀਸਦੀ ਕਰ ਦਿੱਤਾ ਹੈ ਅਤੇ ਕੁਝ ਵਸਤਾਂ 'ਤੇ ਜ਼ੀਰੋ ਟੈਰਿਫ਼ ਵੀ ਕੀਤਾ ਹੈ | ਭਾਰਤ ਨੇ ਵੀ ਅਮਰੀਕੀ ਉਦਯੋਗਿਕ ਉਤਪਾਦਾਂ ਅਤੇ ਕੁੱਝ ਖੇਤੀ ਉਤਪਾਦਾਂ 'ਤੇ ਟੈਰਿਫ਼ ਘਟਾਉਣ ਜਾਂ ਖ਼ਤਮ ਕਰਨ ਦਾ ਵਾਅਦਾ ਕੀਤਾ ਹੈ | ਹਾਂ ਇਹ ਜ਼ਰੂਰ ਹੈ ਕਿ ਪਹਿਲਾਂ ਭਾਰਤੀ ਵਸਤਾਂ 'ਤੇ ਅਮਰੀਕਾ ਵਿਚ 4 ਫ਼ੀਸਦੀ ਤੋਂ ਘੱਟ ਟੈਰਿਫ਼ ਹੀ ਲੱਗਦਾ ਸੀ ਅਤੇ ਭਾਰਤ ਵਿਚ ਅਮਰੀਕੀ ਵਸਤਾਂ 'ਤੇ 17 ਤੋਂ 100 ਫ਼ੀਸਦੀ ਤੱਕ ਟੈਕਸ ਵੀ ਲੱਗਦਾ ਸੀ |
ਅਮਰੀਕਾ ਤੋਂ ਕਿਹੜੇ ਖੇਤੀ ਉਤਪਾਦ ਆ ਸਕਦੇ ਹਨ?
ਸਮਝੌਤੇ ਅਨੁਸਾਰ ਅਮਰੀਕਾ ਤੋਂ ਟੈਰਿਫ਼ ਘਟਣ/ਖ਼ਤਮ ਹੋਣ ਨਾਲ ਮੁੱਖ ਤੌਰ 'ਤੇ ਡਰਾਈਡ ਡਿਸਟੀਲਰਜ਼ ਗਰੇਨਜ਼ ਵਿਦ ਸੋਲੋਬਲਜ਼ (ਡੀ.ਡੀ.ਜੀ.ਐਸ.) ਭਾਵ ਪਸ਼ੂ ਖ਼ੁਰਾਕ ਬਣਾਉਣ ਲਈ ਵਰਤਿਆ ਜਾਂਦਾ ਮੱਕੀ ਤੋਂ ਬਣਿਆ ਪ੍ਰੋਟੀਨ ਯੁਕਤ ਪਦਾਰਥ ਅਤੇ ਰੈੱਡ ਸੋਰਘਮ ਭਾਵ ਲਾਲ ਜਵਾਰ ਭਾਰਤ ਆਏਗੀ ਅਤੇ ਇਸ ਨਾਲ ਪਸ਼ੂ ਖੁਰਾਕ ਦਾ ਭਾਅ ਘਟੇਗਾ | ਅਮਰੀਕਾ ਤੋਂ ਭਾਰਤ ਵਿਚ ਸੋਇਆਬੀਨ ਤੇਲ ਟ੍ਰੀ-ਨਟਸ ਭਾਵ ਬਦਾਮ, ਅਖਰੋਟ, ਪਿਸਤਾ ਤਾਜ਼ੇ ਅਤੇ ਪ੍ਰੋਸੈਸਡ ਫਲ, ਸ਼ਰਾਬਾਂ ਅਤੇ ਹੋਰ ਪੀਣ ਵਾਲੇ ਪਦਾਰਥ ਵੀ ਆਉਣਗੇ | ਜਦੋਂ ਕਿ ਭਾਰਤ ਵਿਚ ਪੂਰੀ ਸੁਰੱਖਿਆ ਵਾਲੇ ਖੇਤੀ ਪਦਾਰਥਾਂ ਜਿਵੇਂ ਕਣਕ, ਚੌਲ, ਮੱਕੀ, ਦਾਲਾਂ, ਸੋਇਆਬੀਨ, ਦੁੱਧ, ਪਨੀਰ, ਘਿਓ, ਮਿਲਕ ਪਾਊਡਰ, ਪੋਲਟਰੀ/ਚਿਕਨ ਮੀਟ ਅਤੇ ਜੀ. ਐਮ. ਫੂਡ ਉਤਪਾਦ ਨਹੀਂ ਆਉਣਗੇ |
ਪੰਜਾਬ ਦੇ ਕਿਸਾਨਾਂ ਅਤੇ ਡੇਅਰੀ ਉਤਪਾਦਕਾਂ ਦਾ ਫ਼ਾਇਦਾ?
ਡੀ.ਡੀ.ਜੀ.ਐਸ. ਅਤੇ ਲਾਲ ਜਵਾਰ ਸਸਤੇ ਮਿਲਣ ਨਾਲ ਪੋਲਟਰੀ ਫੀਡ ਅਤੇ ਡੇਅਰੀ ਫੀਡ ਦੀ ਲਾਗਤ ਵਿਚ 20 ਫ਼ੀਸਦੀ ਕਮੀ ਆ ਸਕਦੀ ਹੈ, ਜਿਸ ਨਾਲ ਪੰਜਾਬ ਵਿਚਲੇ ਡੇਅਰੀ ਉਤਪਾਦਕਾਂ ਅਤੇ ਪੋਲਟਰੀ ਵਾਲਿਆਂ ਨੂੰ ਸਿੱਧਾ ਫ਼ਾਇਦਾ ਹੋਵੇਗਾ | ਦੁੱਧ ਉਤਪਾਦਨ ਦੀ ਲਾਗਤ ਘਟਣ ਨਾਲ ਮੁਨਾਫ਼ਾ ਵਧੇਗਾ | ਇਸ ਸਮਝੌਤੇ ਨਾਲ ਭਾਰਤ ਤੋਂ ਅਮਰੀਕਾ ਵਿਚ ਭਾਰਤੀ ਬਾਸਮਤੀ ਚੌਲ, ਸੀਫੂਡ, ਪ੍ਰੋਸੈਸਡ ਖੇਤੀ ਉਤਪਾਦ ਅਤੇ ਹੋਰ ਚੀਜ਼ਾਂ 'ਤੇ ਟੈਰਿਫ਼ ਘਟਣ ਨਾਲ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਨੂੰ ਵੱਡਾ ਬਾਜ਼ਾਰ ਵੀ ਮਿਲੇਗਾ |
ਅਸਿੱਧੇ ਰੂਪ ਵਿਚ ਕਿਸਾਨਾਂ ਨੂੰ ਹੋਣ ਵਾਲੇ ਕੁੱਝ ਨੁਕਸਾਨ ਅਤੇ ਚੁਣੌਤੀਆਂ
ਕਿਉਂਕਿ ਇਸ ਸਮਝੌਤੇ ਅਧੀਨ ਅਜਿਹਾ ਕੋਈ ਅਨਾਜ ਸਿੱਧਾ ਭਾਰਤ ਵਿਚ ਨਹੀਂ ਆਵੇਗਾ, ਪਰ ਸੋਇਆਬੀਨ ਤੇਲ ਸਸਤਾ ਆਉਣ ਨਾਲ ਅਸਿੱਧੇ ਰੂਪ ਵਿਚ ਸਥਾਨਕ ਸੋਇਆਬੀਨ ਦੇ ਭਾਅ ਘਟਣੇ ਯਕੀਨੀ ਹਨ, ਜਿਸ ਨਾਲ ਪੰਜਾਬ ਅਤੇ ਹੋਰ ਰਾਜਾਂ 'ਚ ਸੋਇਆਬੀਨ ਉਤਪਾਦਕਾਂ ਨੂੰ ਨੁਕਸਾਨ ਹੋ ਸਕਦਾ ਹੈ | ਡੀ.ਡੀ.ਜੀ.ਐਸ. ਦੀ ਆਮਦ ਨਾਲ ਸਥਾਨਕ ਮੱਕੀ ਦੀ ਮੰਗ ਘਟੇਗੀ ਕਿਉਂਕਿ ਪਸ਼ੂ ਖ਼ੁਰਾਕ ਵਿਚ ਸਥਾਨਕ ਮੱਕੀ ਦੀ ਵਰਤੋਂ ਘਟੇਗੀ | ਅਮਰੀਕੀ ਸੁੱਕੇ ਮੇਵੇ ਸਸਤੇ ਆਉਣ ਦਾ ਪੰਜਾਬ 'ਤੇ ਘੱਟ ਹੀ ਅਸਰ ਪਵੇਗਾ |
ਵਿਰੋਧੀ ਕਿਸਾਨ ਅਤੇ ਰਾਜਸੀ ਨੇਤਾਵਾਂ ਦੀਆਂ ਦਲੀਲਾਂ
ਸੰਯੁਕਤ ਕਿਸਾਨ ਮੋਰਚਾ ਅਤੇ ਹੋਰ ਕਿਸਾਨ ਜਥੇਬੰਦੀਆਂ ਨੇ ਇਸ ਸਮਝੌਤੇ ਨੂੰ ਭਾਰਤੀ ਖੇਤੀਬਾੜੀ, ਡੇਅਰੀ ਅਤੇ ਪੇਂਡੂ ਜੀਵਨ ਲਈ ਖ਼ਤਰਾ ਦੱਸਿਆ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਪਸ਼ੂ ਖ਼ੁਰਾਕ ਮਾਰਕੀਟ 'ਤੇ ਅਮਰੀਕੀ ਕੰਪਨੀਆਂ ਦਾ ਕੰਟਰੋਲ ਹੋ ਜਾਵੇਗਾ ਅਤੇ ਡੇਅਰੀ 'ਤੇ ਅਸਿੱਧਾ ਅਸਰ ਪਵੇਗਾ | ਯੋਗਿੰਦਰ ਯਾਦਵ ਨੇ ਇਸ ਸਮਝੌਤੇ ਨੂੰ ਕਿਸਾਨਾਂ ਲਈ ਮੌਤ ਦਾ ਵਾਰੰਟ ਦੱਸਿਆ ਹੈ | ਉਨ੍ਹਾਂ ਨੇ ਦੋਸ਼ ਲਾਇਆ ਕਿ ਮੱਕੀ ਅਤੇ ਸੋਇਆਬੀਨ ਪਿਛਲੇ ਦਰਵਾਜ਼ੇ ਰਾਹੀਂ ਆ ਰਹੇ ਹਨ, ਜੀ. ਐਮ. ਫ਼ਸਲਾਂ 'ਤੇ ਪਾਬੰਦੀ ਢਿੱਲੀ ਹੋ ਸਕਦੀ ਹੈ | ਵਿਰੋਧੀ ਧਿਰਾਂ (ਕਾਂਗਰਸ, 'ਆਪ') ਅਤੇ ਕੁਝ ਕਿਸਾਨ ਨੇਤਾਵਾਂ ਨੇ ਦੋਸ਼ ਲਾਇਆ ਹੈ ਕਿ ਖੇਤੀਬਾੜੀ ਨੂੰ ਬਚਾਉਣ ਦੇ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ | ਅਜੇ ਤਾਂ ਵਿਵਾਦ ਜਾਰੀ ਹੈ ਪਰ ਅਗਲੇ ਦਿਨਾਂ ਵਿਚ ਇਸ ਸਮਝੌਤੇ ਬਾਰੇ ਪੂਰਾ ਖਰੜਾ ਸਾਹਮਣੇ ਆਉਣ 'ਤੇ ਹੀ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੋਵੇਗੀ |

ਪਿਛਲੀ ਖ਼ਬਰ ਬੰਗਲਾਦੇਸ਼ 'ਚ ਹਿੰਦੂ ਮਜ਼ਦੂਰ ਦਾ ਕਤਲ <br/> ਅਗਲੀ ਖ਼ਬਰ ਦੇਸ਼ ਵਿਆਪੀ ਹੜਤਾਲ ਨੂੰ ਰੂਪਨਗਰ 'ਚ ਮਿਲਿਆ ਭਰਵਾਂ ਹੁੰਗਾਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।