ਨਵੀਂ ਦਿੱਲੀ, 12 ਫਰਵਰੀ (ਉਪਮਾ ਡਾਗਾ ਪਾਰਥ)-ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਲੈ ਕੇ ਵੀਰਵਾਰ ਨੂੰ ਵਿਰੋਧੀ ਧਿਰਾਂ ਨੇ ਸੰਸਦ ਦੇ ਅੰਦਰ-ਬਾਹਰ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਇਹ ਸਮਝੌਤਾ ਵਾਪਸ ਲੈਣ ਦੀ ਮੰਗ ਕੀਤੀ | ਸੰਸਦ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸ ਦੀ ਅਗਵਾਈ ਹੇਠ ਵਿਰੋਧੀ ਧਿਰਾਂ, ਜਿਸ 'ਚ ਸਮਾਜਵਾਦੀ ਪਾਰਟੀ ਅਤੇ ਡੀ.ਐਮ.ਕੇ. ਸ਼ਾਮਿਲ ਸਨ, ਨੇ ਮਕਰ ਦਵਾਰ ਅੱਗੇ ਪ੍ਰਦਰਸ਼ਨ ਕੀਤਾ | ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ, ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਤੇ ਜੈਰਾਮ ਰਮੇਸ਼, ਡੀ.ਐਮ.ਕੇ. ਦੇ ਟੀ.ਆਰ.ਬਾਲੂ, ਸਮਾਜਵਾਦੀ ਪਾਰਟੀ ਦੇ ਧਰਮਿੰਦਰ ਯਾਦਵ ਅਤੇ ਜਯਾ ਬੱਚਨ, ਸੀ.ਪੀ.ਆਈ.-ਐਮ.ਐਲ. ਦੇ ਸੁਦਾਮਾ ਪ੍ਰਸਾਦ ਸਮੇਤ ਹੋਰ ਸੰਸਦ ਮੈਂਬਰਾਂ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਵਿਰੋਧ 'ਚ ਕਈ ਬੈਨਰ ਫੜੇ ਹੋਏ ਸਨ, ਜਿਨ੍ਹਾਂ 'ਚ 'ਟਰੈਪ ਡੀਲ' ਭਾਵ 'ਫਸਾਉਣ ਵਾਲਾ ਸਮਝੌਤਾ' 'ਨਰੇਂਦਰ ਸਰੇਂਡਰ' ਅਤੇ 'ਨਾਕਾਮ ਸਰਕਾਰ' ਤੇ 'ਪੇ੍ਰਸ਼ਾਨ ਕਿਸਾਨ' ਜਿਹੇ ਨਾਅਰੇ ਲਿਖੇ ਹੋਏ ਸਨ | ਵਿਰੋਧੀ ਧਿਰਾਂ ਨੇ ਇਸ ਸਮਝੌਤੇ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਵੀ ਕੀਤੀ, ਜਿਸ 'ਚ ਉਹ ਇਸ ਨੂੰ ਕਿਸਾਨਾਂ ਲਈ ਨੁਕਸਾਨਦੇਹ ਦੱਸਦਿਆਂ ਨਾਅਰੇ ਲਾ ਰਹੇ ਸਨ | ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਦੇ ਮੈਂਬਰ ਬੈਨਰ ਲੈ ਕੇ ਸਭਾ ਦੇ ਵਿਚਕਾਰ ਪਹੁੰਚ ਗਏ | ਉਹ 'ਯੂ ਐਸ ਡੀਲ ਹੈ ਅਤਿਆਚਾਰੀ' ਕਿਸਾਨੋਂ ਪਰ ਹੈ ਸੰਕਟ ਭਾਰੀ ਅਤੇ ਯੂ ਐਸ ਡੀਲ ਵਾਪਸ ਲਓ ਦੇ ਨਾਅਰੇ ਲਾਉਂਦੇ ਨਜ਼ਰ ਆਏ | ਹੰਗਾਮਿਆਂ ਕਾਰਨ ਚੇਅਰ 'ਤੇ ਬੈਠੇ ਕੇ.ਪੀ. ਤੇਨੈਟੀ ਨੇ 7 ਮਿੰਟ ਬਾਅਦ ਹੀ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰ ਦਿੱਤੀ |