ਨਵੀਂ ਦਿੱਲੀ, 13 ਫਰਵਰੀ (ਮਿਸਰਦੀਪ ਭਾਟੀਆ)-ਰਾਜਧਾਨੀ ਦੇ ਕਈ ਸਕੂਲਾਂ ਵਿਚ ਸ਼ੁੱਕਰਵਾਰ ਨੂੰ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੇ ਬਾਅਦ ਹਫ਼ੜਾ-ਦਫ਼ੜੀ ਮੱਚ ਗਈ | ਇਸ ਸੰਬੰਧ ਵਿਚ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਸੁਰੱਖਿਆ ਏਜੰਸੀਆਂ ਦੀਆਂ ਟੀਮਾਂ ਤੁਰੰਤ ਹਰਕਤ ਵਿਚ ਆ ਗਈਆਂ | ਵੱਖ-ਵੱਖ ਸਕੂਲਾਂ ਵਿਚ ਬੰਬ ਨਿਰੋਧਕ ਦਸਤੇ ਅਤੇ ਪੁਲਿਸ ਦੇ ਜਵਾਨ ਪਹੁੰਚ ਗਏ ਹਨ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ | ਮਿਲੀ ਜਾਣਕਾਰੀ ਅਨੁਸਾਰ ਬੰਬ ਦੀ ਧਮਕੀ ਸਭ ਤੋਂ ਪਹਿਲਾਂ ਝੰਡੇਵਾਲਾਨ ਸਥਿਤ ਬੀ.ਡੀ. ਤਮਿਲ ਐਜੂਕੇਸ਼ਨ ਸਕੂਲ ਨੂੰ ਮਿਲੀ | ਇਸ ਤੋਂ ਬਾਅਦ ਹੋਰਨਾਂ ਸਕੂਲਾਂ ਤੋਂ ਵੀ ਇਸ ਤਰ੍ਹਾਂ ਦੀਆਂ ਧਮਕੀਆਂ ਮਿਲਣ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ | ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਾਰੇ ਸੰਵੇਦਨਸ਼ੀਲ ਸਕੂਲ ਨੂੰ ਅਲਰਟ ਕਰ ਦਿੱਤਾ ਅਤੇ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ |