ਚੰਡੀਗੜ੍ਹ, 14 ਫਰਵਰੀ (ਪੀ.ਟੀ.ਆਈ.)-ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ 2019 'ਚ ਹੋਏ ਅੱਤਵਾਦੀ ਹਮਲੇ ਦੀ 7ਵੀਂ ਵਰ੍ਹੇਗੰਢ 'ਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐਫ.) ਦੇ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰਾਂ ਨੇ ਆਪਣੇ ਅਜ਼ੀਜ਼ਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਹਾਲਾਂਕਿ ਕੁਝ ਪਰਿਵਾਰਕ ਮੈਂਬਰ ਅਜੇ ਵੀ ਆਪਣੇ ਸ਼ਹੀਦ ਰਿਸ਼ਤੇਦਾਰਾਂ ਨੂੰ ਦਿੱਤੇ ਗਏ ਸਨਮਾਨਾਂ ਦੀ ਉਡੀਕ ਕਰ ਰਹੇ ਹਨ | ਸੀ.ਆਰ.ਪੀ.ਐਫ. ਜਵਾਨ ਜੈਮਲ ਸਿੰਘ ਦੀ ਵਿਧਵਾ ਸੁਖਜੀਤ ਕੌਰ ਨੇ ਦੁੱਖ ਪ੍ਰਗਟ ਕੀਤਾ ਕਿ ਉਨ੍ਹਾਂ ਨਾਲ ਕੀਤੇ ਵਾਅਦੇ ਦੇ ਬਾਵਜੂਦ ਉਨ੍ਹਾਂ ਦੇ ਪਤੀ ਦੇ ਨਾਂਅ 'ਤੇ ਇਕ ਸਟੇਡੀਅਮ ਅਜੇ ਤੱਕ ਨਹੀਂ ਬਣਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਘਲੌਟੀ ਰੋਡ 'ਤੇ ਇਕ ਯਾਦਗਾਰੀ ਗੇਟ, ਜੋ ਉਨ੍ਹਾਂ ਦੇ ਸਨਮਾਨ 'ਚ ਬਣਾਇਆ ਜਾਣਾ ਸੀ, ਅਧੂਰਾ ਹੈ | ਮੋਗਾ ਜ਼ਿਲ੍ਹੇ ਦੇ ਘਲੌਟੀ ਪਿੰਡ ਦਾ ਵਸਨੀਕ ਜੈਮਲ ਸਿੰਘ ਸੀ. ਆਰ. ਪੀ. ਐਫ. ਦੀ ਉਸ ਬੱਸ ਨੂੰ ਚਲਾ ਰਿਹਾ ਸੀ, ਜਿਸ ਨੂੰ 14 ਫਰਵਰੀ 2019 ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਤੇ ਉਡਾ ਦਿੱਤਾ | ਸੁਖਜੀਤ ਕੌਰ ਨੇ ਕਿਹਾ ਕਿ ਸਿਰਫ ਅਸੀਂ ਜਾਣਦੇ ਹਾਂ ਕਿ ਉਨ੍ਹਾਂ ਤੋਂ ਬਿਨਾਂ ਜ਼ਿੰਦਗੀ ਬਿਤਾਉਣਾ ਕਿੰਨਾ ਮੁਸ਼ਕਿਲ ਹੈ | ਉਨ੍ਹਾਂ ਅੱਗੇ ਕਿਹਾ ਕਿ ਉਸ ਦਾ ਪੁੱਤਰ, ਜੋ ਆਪਣੇ ਪਿਤਾ ਨੂੰ ਗੁਆਉਣ ਵੇਲੇ ਸਿਰਫ਼ ਸਾਢੇ ਪੰਜ ਸਾਲ ਦਾ ਸੀ, ਹੁਣ 12 ਸਾਲਾਂ ਦਾ ਹੈ ਤੇ ਆਪਣੇ ਸ਼ਹੀਦ ਪਿਤਾ ਨੂੰ ਅਕਸਰ ਯਾਦ ਕਰਦਾ ਹੈ | ਸੁਖਜੀਤ ਕੌਰ ਕੌਰ ਨੇ ਕਿਹਾ ਕਿ ਉਹ ਹੁਣ ਸਮਝਦਾ ਹੈ ਕਿ ਜੋ ਹੋਇਆ ਹੈ ਉਸ ਨੂੰ ਬਦਲਿਆ ਨਹੀਂ ਜਾ ਸਕਦਾ | ਤਰਨ ਤਾਰਨ ਦੇ ਗੰਡੀਵਿੰਡ ਪਿੰਡ ਦੇ ਸ਼ਹੀਦ ਸੁਖਜਿੰਦਰ ਸਿੰਘ ਦੇ ਪਰਿਵਾਰ ਨੇ ਉਨ੍ਹਾਂ ਦੀ ਕੁਰਬਾਨੀ ਦਾ ਸਨਮਾਨ ਕੀਤਾ | ਸੁਖਜਿੰਦਰ ਦੇ ਭਰਾ, ਗੁਰਜੰਟ ਸਿੰਘ ਨੇ ਸੁਖਜਿੰਦਰ ਦੇ ਨਾਂਅ 'ਤੇ ਇਕ ਸਰਕਾਰੀ ਸਕੂਲ ਨੂੰ 12ਵੀਂ ਤੱਕ ਅਪਗ੍ਰੇਡ ਕਰਨ ਦੀ ਮੰਗ ਕੀਤੀ | ਉਨ੍ਹਾਂ ਸੁਖਜਿੰਦਰ ਨੂੰ ਸਮਰਪਿਤ ਇਕ ਨਿਰਮਾਣ ਅਧੀਨ ਸਟੇਡੀਅਮ ਨੂੰ ਪੂਰਾ ਕਰਨ ਦੀ ਵੀ ਅਪੀਲ ਕੀਤੀ |