ਅੰਮਿ੍ਤਸਰ, 19 ਫਰਵਰੀ (ਸੁਰਿੰਦਰ ਕੋਛੜ)-ਕਰਾਚੀ ਦੇ ਸੋਲਜਰ ਬਾਜ਼ਾਰ ਖੇਤਰ 'ਚ ਇਕ ਗੈਸ ਕੰਪ੍ਰੈਸ਼ਰ ਮਸ਼ੀਨ ਫਟਣ ਕਾਰਨ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖ਼ਮੀ ਹੋ ਗਏ | ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਗੈਸ ਲੀਕ ਕਾਰਨ ਹੋਇਆ | ਧਮਾਕੇ ਨਾਲ ਤਿੰਨ ਮੰਜ਼ਿਲਾਂ ਰਿਹਾਇਸ਼ੀ ਇਮਾਰਤ ਪੂਰੀ ਤਰ੍ਹਾਂ ਢਹਿ ਗਈ | ਜਾਣਕਾਰੀ ਅਨੁਸਾਰ ਇਹ ਧਮਾਕਾ ਪਹਿਲੀ ਰਮਜ਼ਾਨ ਦੀ ਸੇਹਰੀ ਦੇ ਸਮੇਂ ਹੋਇਆ, ਜਦੋਂ ਵਸਨੀਕ ਖਾਣਾ ਤਿਆਰ ਕਰ ਰਹੇ ਸਨ | ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਇਸ ਨੇ ਨੇੜਲੀਆਂ ਇਮਾਰਤਾਂ ਨੂੰ ਵੀ ਹਿਲਾ ਦਿੱਤਾ | ਬਚਾਅ 1122 ਦੇ ਅਧਿਕਾਰੀਆਂ ਅਨੁਸਾਰ ਘਟਨਾ ਦੀ ਰਿਪੋਰਟ ਮਿਲਣ ਤੋਂ ਤੁਰੰਤ ਬਾਅਦ ਐਮਰਜੈਂਸੀ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਮਲਬੇ ਹੇਠ ਫਸੇ ਲੋਕਾਂ ਨੂੰ ਕੱਢਣ ਲਈ ਬਚਾਅ ਕਾਰਜ ਸ਼ੁਰੂ ਕਰ ਦਿੱਤੇ | ਹਾਲਾਂਕਿ ਇਲਾਕੇ 'ਚ ਤੰਗ ਗਲੀਆਂ ਕਾਰਨ ਬਚਾਅ ਕਾਰਜਾਂ ਵਿਚ ਭਾਰੀ ਰੁਕਾਵਟ ਆਈ | ਅਧਿਕਾਰੀਆਂ ਨੇ ਕਿਹਾ ਕਿ ਅਜਿਹੀਆਂ ਰਿਪੋਰਟਾਂ ਹਨ ਕਿ ਮਲਬੇ ਹੇਠ ਕੁਝ ਹੋਰ ਵਿਅਕਤੀ ਅਜੇ ਵੀ ਫ਼ਸੇ ਹੋ ਸਕਦੇ ਹਨ | ਖੋਜ ਅਤੇ ਬਚਾਅ ਕਾਰਜ ਜਾਰੀ ਹਨ | ਸਾਰੇ ਜ਼ਖ਼ਮੀ ਵਿਅਕਤੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ | ਬਚਾਅ 1122 ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਧਮਾਕਾ ਗੈਸ ਕੰਪ੍ਰੈਸ਼ਰ ਪੰਪ ਕਾਰਨ ਹੋਇਆ ਸੀ | ਹਾਲਾਂਕਿ ਅਧਿਕਾਰੀਆਂ ਨੇ ਗੈਸ ਲੀਕ ਹੋਣ ਦੀਆਂ ਸੰਭਾਵਨਾਵਾਂ ਵਿਚਾਲੇ ਸਪੱਸ਼ਟ ਕੀਤਾ ਕਿ ਇਹ ਨਾ ਤਾਂ ਗੈਸ ਲੀਕ ਸੀ ਅਤੇ ਨਾ ਹੀ ਸਿਲੰਡਰ ਧਮਾਕਾ | ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਧਮਾਕਾ ਰਿਹਾਇਸ਼ੀ ਇਮਾਰਤ ਦੀ ਜ਼ਮੀਨੀ ਮੰਜ਼ਿਲ 'ਤੇ ਹੋਇਆ, ਜਿਸ ਕਾਰਨ ਇਮਾਰਤ ਦਾ ਉਪਰੀ ਹਿੱਸਾ ਵੀ ਪੂਰੀ ਤਰ੍ਹਾਂ ਨਾਲ ਢਹਿ ਗਿਆ |