22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਕਾਂਗਰਸ ਵਲੋਂ ਰਾਹੁਲ ਗਾਂਧੀ ਨੂੰ ਗੋਲੀ ਮਾਰਨ ਦੀ ਧਮਕੀ ਮਿਲਣ ਦਾ ਦਾਅਵਾ

ਅਜੀਤ ਡੈਸਕ 20-02-2026

ਨਵੀਂ ਦਿੱਲੀ, 19 ਫਰਵਰੀ (ਉਪਮਾ ਡਾਗਾ ਪਾਰਥ)-ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਗੋਲੀ ਨਾਲ ਮਾਰਨ ਦੀ ਧਮਕੀ ਦਿੱਤੀ ਗਈ ਹੈ | ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਧਮਕੀ ਵਾਲੀ ਵੀਡੀਓ ਨੂੰ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਸਾਂਝਾ ਕੀਤਾ ਹੈ | ਪਵਨ ਖੇੜਾ ਨੇ ਵੀਡੀਓ, ਜੋ ਕਿ ਕਰਣੀ ਸੈਨਾ ਦੇ ਇਕ ਕਾਰਜਕਰਤਾ ਦੀ ਹੈ, ਦੇ ਨਾਲ ਪਾਏ ਸੰਦੇਸ਼ 'ਚ ਕਿਹਾ ਕਿ ਪੂਰਾ ਆਰ.ਐਸ.ਐਸ.-ਭਾਜਪਾ ਤੰਤਰ ਇਕ ਗੋਡਸੇ ਫੈਕਟਰੀ ਹੈ | ਉਨ੍ਹਾਂ ਕਿਹਾ ਕਿ ਕਥਿਤ ਕਰਣੀ ਸੈਨਾ ਵਲੋਂ ਰਾਹੁਲ ਗਾਂਧੀ ਅਤੇ ਹੋਰ 25 ਸੰਸਦ ਮੈਂਬਰਾਂ ਦੇ ਖ਼ਿਲਾਫ਼ ਦਿੱਤੀ ਗਈ ਧਮਕੀ ਕੋਈ ਅਲੱਗ-ਥਲੱਗ ਪਈ ਘਟਨਾ ਨਹੀਂ ਹੈ | ਇਹ ਇਕ ਪਹਿਲਾਂ ਤੋਂ ਘੜੀ ਗਈ ਅਤੇ ਧੋਖੇ ਭਰੀ ਸਾਜਿਸ਼ ਦਾ ਹਿੱਸਾ ਹੈ | ਪਵਨ ਖੇੜਾ ਨੇ ਇਹ ਵੀ ਕਿਹਾ ਕਿ ਪਹਿਲਾਂ ਕਿਰਨ ਰਿਜਿਜੂ ਨੇ ਝੂਠ ਬੋਲਿਆ | ਉਨ੍ਹਾਂ ਦੇਸ਼ ਨੂੰ ਗੁਮਰਾਹ ਕੀਤਾ ਕਿ ਕਾਂਗਰਸੀ ਸੰਸਦ ਮੈਂਬਰਾਂ ਨੇ ਲੋਕ ਸਭਾ 'ਚ (ਸਪੀਕਰ) ਓਮ ਬਿਰਲਾ ਦਾ ਅਪਮਾਨ ਕੀਤਾ | ਫਿਰ ਭਾਜਪਾ ਸੰਸਦ ਮੈਂਬਰਾਂ ਨੇ ਦੁਹਰਾਉਣਾ ਸ਼ੁਰੂ ਕੀਤਾ ਕਿ ਰਾਹੁਲ ਗਾਂਧੀ ਭਾਰਤ ਦੀ ਰਾਸ਼ਟਰੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਹਨ | ਇਹ ਵਿਰੋਧੀ ਧਿਰ ਨੂੰ ਬਦਨਾਮ ਕਰਨ ਅਤੇ ਵਿਸ਼ੇਸ਼ ਤੌਰ 'ਤੇ ਰਾਹੁਲ ਗਾਂਧੀ ਦੇ ਖ਼ਿਲਾਫ਼ ਹਿੰਸਾ ਨੂੰ ਜਾਇਜ਼ ਠਹਿਰਾਉਣ ਦੀ ਇਕ ਸੋਚੀ-ਸਮਝੀ ਕਵਾਇਦ ਹੈ | ਵੀਡੀਓ 'ਚ ਖ਼ੁਦ ਨੂੰ ਕਰਣੀ ਸੈਨਾ ਦਾ ਮੈਂਬਰ ਦੱਸਦੇ ਹੋਏ ਸ਼ਖ਼ਸ ਦੀ ਪਛਾਣ ਰਾਜ ਅਮੇਰਾ ਵਜੋਂ ਕੀਤੀ ਗਈ ਹੈ | ਉਹ ਸਪੀਕਰ ਦੇ ਵਿਧਾਨ ਸਭਾ ਹਲਕੇ ਕੋਟਾ ਦੇ ਉਦਯੋਗ ਨਗਰ ਦਾ ਰਹਿਣ ਵਾਲਾ ਹੈ | ਰਾਜ ਅਮੇਰਾ ਨੇ ਵੀਡੀਓ 'ਚ ਕਿਹਾ ਕਿ ਓਮ ਬਿਰਲਾ ਖ਼ਿਲਾਫ਼ ਵਿਰੋਧੀ ਧਿਰਾਂ ਦੇ 25 ਸੰਸਦ ਮੈਂਬਰਾਂ ਨੇ ਜੋ ਬਦਤਮੀਜ਼ੀ ਕੀਤੀ ਹੈ, ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ | ਉਸ ਨੇ ਇਸ ਸਭ ਦੇ ਪਿੱਛੇ ਰਾਹੁਲ ਗਾਂਧੀ ਨੂੰ ਜ਼ਿੰਮੇਵਾਰ ਦੱਸਦਿਆਂ ਚਿਤਾਵਨੀ ਦਿੰਦਿਆਂ ਕਿਹਾ ਕਿ ਦੁਬਾਰਾ ਅਜਿਹੀ ਘਟਨਾ ਹੋਈ ਤਾਂ ਉਨ੍ਹਾਂ 25 ਸੰਸਦ ਮੈਂਬਰਾਂ ਦੇ ਘਰ 'ਚ ਤੋੜ-ਫੋੜ ਕਰਾਂਗੇ | ਉਸਨੇ ਰਾਹੁਲ ਗਾਂਧੀ ਦਾ ਉਚੇਚਾ ਨਾਂਅ ਲੈ ਕੇ ਕਿਹਾ ਕਿ ਉਨ੍ਹਾਂ ਦੇ ਘਰ ਦੇ ਅੰਦਰ ਦਾਖ਼ਲ ਹੋ ਕੇ 'ਗੋਲੀ' ਮਾਰਾਂਗੇ | ਵੀਡੀਓ 'ਚ ਸ਼ਖ਼ਸ ਨੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਦੇ ਬਿਆਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬਿਆਨ ਤੋਂ ਬਾਅਦ ਅਸੀਂ ਕਾਫ਼ੀ ਗੁੱਸੇ 'ਚ ਹਾਂ |
ਧਮਕੀ ਦੇਣ ਦੇ ਮਾਮਲੇ 'ਚ ਇਕ ਗਿ੍ਫ਼ਤਾਰ

ਜੈਪੁਰ, (ਏਜੰਸੀ)-ਇਕ ਅਧਿਕਾਰੀ ਨੇ ਦੱਸਿਆ ਕਿ ਵੀਡੀਓ ਪੋਸਟ ਕਰਕੇ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਹੋਰ ਆਗੂਆਂ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਦੇ ਮਾਮਲੇ 'ਚ ਪੁਲਿਸ ਨੇ ਰਾਜਸਥਾਨ ਦੇ ਕੋਟਾ ਤੋਂ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਕੋਟਾ ਦੇ ਐਸ.ਪੀ. ਤੇਜਸਵਨੀ ਗੌਤਮ ਨੇ ਦੱਸਿਆ ਕਿ ਦੋਸ਼ੀ ਜੋ ਖੁਦ ਨੂੰ ਰਾਜ ਅਮੇਰਾ ਦੱਸਦਾ ਹੈ, ਨੂੰ ਬੋਰਖੇੜਾ ਥਾਣੇ 'ਚ ਹਿਰਾਸਤ 'ਚ ਲੈ ਲਿਆ ਹੈ | ਹਾਲਾਂਕਿ ਕਰਣੀ ਸੈਨਾ ਤੇ ਭਾਜਪਾ ਦੋਵਾਂ ਨੇ ਉਕਤ ਵਿਅਕਤੀ ਨਾਲ ਕਿਸੇ ਤਰ੍ਹਾਂ ਦਾ ਸੰਬੰਧ ਹੋਣ ਤੋਂ ਇਨਕਾਰ ਕੀਤਾ ਹੈ |

ਪਿਛਲੀ ਖ਼ਬਰ ਵਿਰੋਧੀ ਧਿਰਾਂ ਦੇ ਮੈਂਬਰ ਕਾਹਨੇਕੇ ਨੇ ਲਗਾਏ ਦੋਸ਼ ਅਗਲੀ ਖ਼ਬਰ ਅਗਲੇ 7 ਸਾਲਾਂ 'ਚ 10 ਲੱਖ ਕਰੋੜ ਰੁਪਏ ਕਰਾਂਗੇ ਨਿਵੇਸ਼-ਮੁਕੇਸ਼ ਅੰਬਾਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।