ਰਾਣੀਗੰਜ/ਪੁਰੂਲੀਆ (ਪੱਛਮੀ ਬੰਗਾਲ), 28 ਮਾਰਚ (ਏਜੰਸੀ)-ਇਹ ਦਾਅਵਾ ਕਰਦੇ ਹੋਏ ਕਿ ਪੱਛਮੀ ਬੰਗਾਲ ਨੂੰ ਬਰਬਾਦ ਕਰਨ ਦੀ ਕੋਸ਼ਿਸ਼ 'ਚ ਭਾਜਪਾ ਦੇਸ਼ 'ਚ ਸੱਤਾ ਗੁਆ ਦੇਵੇਗੀ, ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੋਣ ਕਮਿਸ਼ਨ 'ਤੇ ਦੋਸ਼ ਲਗਾਇਆ ਕਿ ਉਹ ਐਸ. ਆਈ. ਆਰ. ਪ੍ਰਕਿਰਿਆ ਰਾਹੀਂ ਵੋਟਰਾਂ ਦੇ ਨਾਂਅ ਹਟਾਉਣ ਲਈ ਭਗਵਾ ਪਾਰਟੀ ਦੇ ਇਸ਼ਾਰੇ 'ਤੇ ਕੰਮ ਕਰ ਰਿਹਾ ਹੈ | ਪੱਛਮੀ ਬਰਧਮਾਨ ਦੇ ਰਾਣੀਗੰਜ ਅਤੇ ਪੁਰੂਲੀਆ ਦੇ ਕਾਸ਼ੀਪੁਰ ਤੇ ਰਘੂਨਾਥਪੁਰ 'ਚ ਲਗਾਤਾਰ ਚੋਣ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਮਮਤਾ ਬੈਨਰਜੀ ਨੇ ਕਿਹਾ ਕਿ ਰਾਜ 'ਚ ਲਗਾਤਾਰ ਚÏਥੀ ਵਾਰ ਸੱਤਾ 'ਚ ਆਉਣ ਤੋਂ ਬਾਅਦ ਉਹ ਦਿੱਲੀ 'ਤੇ ਕਬਜ਼ਾ ਕਰਨ ਲਈ ਭਾਜਪਾ ਵਿਰੋਧੀ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਚੱਲੇਗੀ | ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਰਾਜ 'ਚ ਸੱਤਾ 'ਚ ਆਉਂਦੀ ਹੈ, ਤਾਂ ਉਹ ਬੁਲਡੋਜ਼ਰ ਦੀ ਵਰਤੋਂ ਕਰੇਗੀ ਅਤੇ ਸਾਰਿਆਂ ਨੂੰ ਬਾਹਰ ਕੱਢ ਦੇਵੇਗੀ | ਮਮਤਾ ਨੇ ਦੋਸ਼ ਲਗਾਇਆ ਕਿ ਪਾਰਟੀ ਦੀ ਬੰਗਾਲ ਦੇ ਰਾਜ ਦਾ ਦਰਜਾ ਖਤਮ ਕਰਨ ਦੀ ਵੀ ਯੋਜਨਾ ਹੈ | ਉਨ੍ਹਾਂ ਅੱਗੇ ਕਿਹਾ ਕਿ ਬੰਗਾਲ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰਕੇ, ਭਾਜਪਾ ਦੇਸ਼ ਭਰ 'ਚ ਆਪਣੀ ਸੱਤਾ ਗੁਆ ਦੇਵੇਗੀ | ਇਹ ਦੋਸ਼ ਲਗਾਉਂਦੇ ਹੋਏ ਕਿ ਚੋਣ ਕਮਿਸ਼ਨ ਭਾਜਪਾ ਦੇ ਇਸ਼ਾਰੇ 'ਤੇ ਕੰਮ ਕਰ ਰਿਹਾ ਹੈ, ਮਮਤਾ ਨੇ ਦਾਅਵਾ ਕੀਤਾ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) ਜ਼ਰੀਏ 1.20 ਕਰੋੜ ਨਾਂਅ ਹਟਾ ਦਿੱਤੇ ਗਏ ਹਨ |