06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਕੇਂਦਰੀ ਖ਼ੁਰਾਕ ਮੰਤਰਾਲੇ ਦੀ ਟੀਮ ਵਲੋਂ ਬਨੂੜ ਅਨਾਜ ਮੰਡੀ 'ਚ ਕਣਕ ਦੀ ਜਾਂਚ

ਅਜੀਤ ਡੈਸਕ 13-04-2026

  ਬਨੂੜ, 12 ਅਪ੍ਰੈਲ (ਭੁਪਿੰਦਰ ਸਿੰਘ)-ਕੇਂਦਰੀ ਖ਼ੁਰਾਕ ਸਪਲਾਈ ਮੰਤਰਾਲੇ ਦੀ ਦੋ ਮੈਂਬਰੀ ਟੀਮ ਨੇ ਅੱਜ ਬਨੂੜ ਅਨਾਜ ਮੰਡੀ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਮੰਡੀ ਵਿਚ ਪਈ ਕਣਕ ਦੀਆਂ ਢੇਰੀਆਂ ਦੀ ਜਾਂਚ ਕੀਤੀ ਅਤੇ ਕਈ ਢੇਰੀਆਂ ਦੇ ਨਮੂਨੇ ਹਾਸਲ ਕੀਤੇ | ਇਸ ਮੌਕੇ ਉਨ੍ਹਾਂ ਨਾਲ ਭਾਰਤੀ ਖ਼ੁਰਾਕ ਨਿਗਮ, ਖ਼ੁਰਾਕ ਸਪਲਾਈ ਵਿਭਾਗ ਅਤੇ ਖ਼ਰੀਦ ਅਧਿਕਾਰੀ ਹਾਜ਼ਰ ਸਨ | ਬੇਮੌਸਮੀ ਮੀਂਹ ਕਾਰਨ ਕਣਕ ਦੇ ਦਾਣੇ ਦੀ ਚਮਕ ਫਿੱਕੀ ਪੈ ਗਈ ਹੈ ਅਤੇ ਦਾਣਾ ਕਾਲਾ ਪੈਣ ਨਾਲ ਸੁੰਗੜ ਗਿਆ ਹੈ, ਜੋ ਸਰਕਾਰੀ ਮਾਪਦੰਡਾਂ ਅਨੁਸਾਰ ਖਰਾ ਨਹੀਂ ਉਤਰ ਰਿਹਾ, ਜਿਸ ਕਾਰਨ ਅੱਜ ਕੇਂਦਰੀ ਟੀਮ ਨੇ ਦੌਰਾ ਕੀਤਾ | ਉਨ੍ਹਾਂ ਐੱਸ.ਜੇ. ਟਰੇਡਰਜ਼, ਅਗਰਵਾਲ ਟਰੇਡਰਜ਼, ਬੀ.ਕੇ. ਟਰੇਡਰਜ਼ ਤੇ ਏ.ਐੱਸ. ਟਰੇਡਰਜ਼ ਚਾਰ ਆੜ੍ਹਤ ਤੋਂ ਨਮੂਨੇ ਭਰੇ | ਉਹ ਇਕ ਘੰਟਾ ਮੰਡੀ ਵਿਚ ਰਹੇ, ਹਰੇਕ ਢੇਰੀ ਦੀ ਜਾਂਚ ਕੀਤੀ ਅਤੇ ਚਾਰ ਸੈਂਪਲ ਲੈ ਕੇ ਚਲਦੇ ਬਣੇ | ਜਦੋਂ ਮੌਕੇ 'ਤੇ ਟੀਮ ਦੇ ਇੰਚਾਰਜ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਗੱਲ ਕਰਨ ਤੋਂ ਨਾਂਹ ਕਰ ਦਿੱਤੀ | ਐਫ.ਸੀ.ਆਈ. ਦੇ ਖ਼ਰੀਦ ਅਧਿਕਾਰੀ ਮਨੋਜ ਨੇ ਦੱਸਿਆ ਕਿ ਇਸ ਵਰ੍ਹੇ ਕਣਕ ਐਫ.ਸੀ.ਆਈ. ਦੇ ਮਾਪਦੰਡਾਂ ਅਨੁਸਾਰ ਨਹੀਂ ਹੈ | ਉਨ੍ਹਾਂ ਕਿਹਾ ਕਿ ਕਣਕ ਦਾ ਦਾਣਾ ਕਰੀਬ 60 ਫ਼ੀਸਦੀ ਫਿੱਕਾ ਪੈ ਚੁੱਕਾ ਹੈ ਅਤੇ ਦਾਣਾ ਕਾਲਾ ਵੀ ਹੈ | ਉਨ੍ਹਾਂ ਕਿਹਾ ਕਿ ਉੱਪਰਲੀ ਹਦਾਇਤਾਂ ਤੋਂ ਬਾਅਦ ਹੀ ਐਫ.ਸੀ.ਆਈ. ਕਣਕ ਦੀ ਖ਼ਰੀਦ ਕਰੇਗੀ | ਇਸ ਮੌਕੇ ਮਾਰਕਫੈੱਡ ਦੇ ਇੰਸਪੈਕਟਰ ਨਰੇਸ਼ ਜਿੰਦਲ, ਪਨਗ੍ਰੇਨ ਦੇ ਦੀਪਕ ਸਿਨਹਾ ਆਦਿ ਖ਼ਰੀਦ ਅਧਿਕਾਰੀਆਂ ਤੋਂ ਇਲਾਵਾ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਪੁਨੀਤ ਜੈਨ, ਪਰਮਜੀਤ ਪਾਸੀ, ਸਚਿਨ ਜੈਨ, ਗੁਰਵਿੰਦਰ ਸਿੰਘ, ਵਿੱਕੀ ਬਾਂਸਲ, ਪਿੰਕੀ ਆੜ੍ਹਤੀ ਆਦਿ ਵੀ ਹਾਜ਼ਰ ਸਨ | ਕਿਸਾਨ ਸਭਾ ਦੇ ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਕਿ੍ਪਾਲ ਸਿੰਘ ਸਿਆਓ ਤੇ ਲਖਵੀਰ ਸਿੰਘ, ਚੜੂਨੀ ਦੇ ਜਗਜੀਤ ਸਿੰਘ ਕਰਾਲਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਨੂੰ ਰਾਜਸਥਾਨ ਦੀ ਤਰਜ਼ 'ਤੇ ਲਸਕਰ ਚਮਕ 'ਤੇ 15 ਫ਼ੀਸਦੀ ਤੇ ਬੇਰੰਗ ਦਾਣੇ 'ਤੇ 50 ਫ਼ੀਸਦੀ ਛੋਟ ਦਿੱਤੀ ਜਾਵੇ |

ਪਿਛਲੀ ਖ਼ਬਰ ਅਰੁਣਾਚਲ ਪ੍ਰਦੇਸ਼ 'ਚ ਥਾਵਾਂ ਦੇ 'ਮਨਘੜਤ' ਨਾਂਅ ਰੱਖਣ ਦੀਆਂ ਚੀਨ ਦੀਆਂ 'ਸ਼ਰਾਰਤੀ ਕੋਸ਼ਿਸ਼ਾਂ' ਭਾਰਤ ਵਲੋਂ ਰੱਦ ਅਗਲੀ ਖ਼ਬਰ ਮਨੀਪੁਰ 'ਚ ਮੋਬਾਈਲ ਇੰਟਰਨੈੱਟ ਪਾਬੰਦੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।