142 ਸੀਟਾਂ ਲਈ ਹੋਵੇਗਾ ਮਤਦਾਨ
ਕੋਲਕਾਤਾ, 28 ਅਪ੍ਰੈਲ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਦੂਸਰੇ ਅਤੇ ਆਖ਼ਰੀ ਪੜਾਅ ਦਾ ਮਤਦਾਨ ਬੁੱਧਵਾਰ ਨੂੰ ਹੋਵੇਗਾ | ਇਸ ਪੜਾਅ 'ਚ 142 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਪਾਈਆਂ ਜਾਣਗੀਆਂ ਅਤੇ 3.2 ਕਰੋੜ ਤੋਂ ਜ਼ਿਆਦਾ ਵੋਟਰ ਇਹ ਤੈਅ ਕਰਨਗੇ ਕਿ ਅਗਲੇ ਪੰਜ ਸਾਲਾਂ ਲਈ ਬੰਗਾਲ ਦੀ ਸੱਤਾ ਦੀ ਸੀਟ 'ਤੇ ਕੌਣ ਬੈਠੇਗਾ | ਇਨ੍ਹਾਂ 142 ਹਲਕਿਆਂ 'ਚੋਂ ਤਿ੍ਣਮੂਲ ਕਾਂਗਰਸ ਨੇ ਪਿਛਲੀਆਂ ਚੋਣਾਂ 'ਚ 123 ਸੀਟਾਂ ਜਿੱਤੀਆਂ ਸਨ, ਜਦੋਂਕਿ ਭਾਜਪਾ ਨੂੰ ਸਿਰਫ਼ 18 ਸੀਟਾਂ ਮਿਲੀਆਂ ਸਨ¢ ਜੇਕਰ ਤਿ੍ਣਮੂਲ ਕਾਂਗਰਸ 2021 ਦੇ ਨਤੀਜਿਆਂ ਨੂੰ ਦੁਹਰਾਉਂਦੀ ਹੈ, ਤਾਂ ਨਬੰਨਾ (ਰਾਜ ਸਕੱਤਰੇਤ) ਦੇ ਦਰਵਾਜ਼ੇ ਉਨ੍ਹਾਂ ਲਈ ਇਕ ਵਾਰ ਫਿਰ ਖੁੱਲ੍ਹ ਜਾਣਗੇ | ਭਵਾਨੀਪੁਰ ਵਿਧਾਨ ਸਭਾ ਸੀਟ 'ਤੇ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਭਾਜਪਾ ਆਗੂ ਸੁਭੇਂਦੂ ਅਧਿਕਾਰੀ ਵਿਚਕਾਰ ਮੁਕਾਬਲਾ ਹੈ | ਬ੍ਰਾਤ ਬਾਸੂ, ਫਿਰਹਾਦ ਹਾਕਿਮ, ਬੇਚਾਰਾਮ ਮਾਨਾ, ਰੂਪਾ ਗੰਗੂਲੀ, ਆਰਜ਼ੀ ਕਰ 'ਚ ਜਬਰ ਜਨਾਹ ਤੋਂ ਬਾਅਦ ਹੱਤਿਆ ਦੀ ਸ਼ਿਕਾਰ ਨੌਜਵਾਨ ਡਾਕਟਰ ਦੀ ਮਾਂ ਰਤਨਾ ਦੇਵਨਾਥ ਸਮੇਤ 1448 ਉਮੀਦਵਾਰ ਚੋਣ ਮੈਦਾਨ 'ਚ ਹਨ | ਤਿ੍ਣਮੂਲ ਕਾਂਗਰਸ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਸਾਰੀਆਂ 142 ਸੀਟਾਂ 'ਤੇ ਚੋਣ ਲੜ ਰਹੀਆਂ ਹਨ | 3 ਕਰੋੜ 21 ਲੱਖ 73 ਹਜ਼ਾਰ 837 ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ | ਖੱਬਾ ਮੋਰਚਾ ਅਤੇ ਆਈ.ਐਸ.ਐਫ. ਵੀ ਚੋਣ ਮੈਦਾਨ 'ਚ ਹਨ | ਜ਼ਿਕਰਯੋਗ ਹੈ ਕਿ ਦੂਜੇ ਗੇੜ 'ਚ ਕੋਲਕਾਤਾ ਅਤੇ ਇਸ ਦੇ ਨਾਲ ਲੱਗਦੇ ਜ਼ਿਲਿ੍ਹਆਂ ਵਲੋਂ ਤੈਅ ਕੀਤਾ ਜਾਂਦਾ ਹੈ ਕਿ ਸਰਕਾਰ ਕੌਣ ਬਣਾ ਸਕਦਾ ਹੈ | ਸਾਲ 2021 'ਚ 142 ਸੀਟਾਂ 'ਚੋਂ ਭਾਜਪਾ ਨੰੂ ਸਿਰਫ਼ 18 ਸੀਟਾਂ ਮਿਲੀਆਂ ਸਨ | ਤਿ੍ਣਮੂਲ ਕਾਂਗਰਸ ਨੇ 123 ਸੀਟਾਂ 'ਤੇ ਜਿੱਤ ਹਾਸਿਲ ਕੀਤੀ ਸੀ | ਚਾਰ ਜ਼ਿਲਿ੍ਹਆਂ 'ਚ 91 ਸੀਟਾਂ 'ਤੇ ਤਿ੍ਣਮੂਲ ਕਾਂਗਰਸ ਦਾ ਦਬਦਬਾ ਸੀ | ਕੋਲਕਾਤਾ ਦੀਆਂ ਸਾਰੀਆਂ 11, ਹਾਵੜਾ ਦੀਆਂ ਸਾਰੀਆਂ 16 ਸੀਟਾਂ 'ਤੇ ਤਿ੍ਣਮੂਲ ਕਾਂਗਰਸ ਨੇ ਕਬਜ਼ਾ ਕੀਤਾ ਸੀ | ਇਸ ਵਾਰ ਐਸ.ਆਈ.ਆਰ. ਕਰ ਕੇ ਤਕਰੀਬਨ ਹਰ ਸੀਟ 'ਤੇ 40 ਹਜ਼ਾਰ ਵੋਟਾਂ ਕੱਟ ਦਿੱਤੀਆਂ ਗਈਆਂ ਹਨ | ਮੰਨਿਆ ਜਾ ਰਿਹਾ ਹੈ ਕਿ ਐਸ.ਆਈ.ਆਰ. ਦਾ ਨਤੀਜਿਆਂ 'ਤੇ ਭਾਰੀ ਅਸਰ ਹੋਵੇਗਾ |
ਪੱਛਮੀ ਬੰਗਾਲ 'ਚ ਆਖ਼ਰੀ ਪੜਾਅ ਤਹਿਤ ਵੋਟਾਂ ਅੱਜ
ਅਜੀਤ ਡੈਸਕ
29-04-2026