11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਰੇਲ ਪਟੜੀਆਂ ਦੀ ਸੁਰੱਖਿਆ ਲਈ ਲਾਏ ਜਾਣਗੇ ਸੀ.ਸੀ.ਟੀ.ਵੀ. ਕੈਮਰੇ ਤੇ ਡਰੋਨ-ਰਵਨੀਤ ਸਿੰਘ ਬਿੱਟੂ <br/>

ਅਜੀਤ ਡੈਸਕ 30-04-2026

ਰਾਜਪੁਰਾ, 29 ਅਪ੍ਰੈਲ (ਰਣਜੀਤ ਸਿੰਘ)-ਰੇਲਵੇ ਲਾਈਨਾਂ ਦੀ ਸੁਰੱਖਿਆ ਲਈ ਸੀ.ਸੀ.ਟੀ.ਵੀ. ਕੈਮਰੇ ਅਤੇ ਡਰੋਨ ਲਾਏ ਜਾਣਗੇ, ਵਿਦੇਸ਼ਾਂ ਵਿਚ ਬੈਠੇ ਸਮਾਜ ਵਿਰੋਧੀ ਅਨਸਰ ਪੰਜਾਬ 'ਚ ਅਮਨ ਸ਼ਾਂਤੀ ਦੀ ਗੱਡੀ ਨੂੰ ਲੀਹ ਤੋਂ ਲਾਹੁਣ ਲਈ ਹਰ ਸਮੇਂ ਕੋਈ ਨਾ ਕੋਈ ਮਨਸੂਬਾ ਘੜਦੇ ਰਹਿੰਦੇ ਹਨ ਪਰ ਅਸੀਂ ਉਨ੍ਹਾਂ ਦੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦਿਆਂਗੇ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸ਼ੰਭੂ ਨੇੜੇ ਈਸ਼ਟਰਨ ਡੈਡੀਕੇਟਿਡ ਫ੍ਰੰਟ ਕਾਰੀਡੋਰ 'ਤੇ ਹੋਏ ਧਮਾਕੇ ਵਾਲੀ ਥਾਂ ਦਾ ਜਾਇਜ਼ਾ ਲੈਣ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਰੇਲਵੇ ਟਰੈਕਾਂ 'ਤੇ ਵਾਰ ਵਾਰ ਹੋ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ | ਉਨ੍ਹਾਂ ਨੇ ਕਿਹਾ ਕਿ ਇਹ ਕਾਰੀਡੋਰ ਸਾਹਨੇਵਾਲ ਤੋਂ ਲੈ ਕੇ ਪੱਛਮੀ ਬੰਗਾਲ ਤੱਕ ਨੂੰ ਆਪਸ ਵਿਚ ਜੋੜਦਾ ਹੈ | ਇਥੇ ਰੋਜ਼ਾਨਾ 30 ਮਾਲ ਗੱਡੀਆਂ ਉਦਯੋਗਿਕ ਅਤੇ ਖੇਤੀਬਾੜੀ ਉਤਪਾਦਾਂ ਦੀ ਢੋਆ ਢੁਆਈ ਕਰਦੀਆਂ ਹਨ | ਬਿੱਟੂ ਨੇ ਕਿਹਾ ਕਿ ਇਸ ਨੈੱਟਵਰਕ ਵਿਚ ਕੋਈ ਵੀ ਵਿਘਨ ਸੂਬੇ ਅਤੇ ਦੇਸ਼ ਦੀ ਆਰਥਿਕਤਾ ਨੂੰ ਡੂੰਘੀ ਸੱਟ ਮਾਰਦਾ ਹੈ | ਉਨ੍ਹਾਂ ਨੇ ਕਿਹਾ ਕਿ ਈਸ਼ਟਰਨ ਡੈਡੀਕੇਟਡ ਫਰੰਟ ਕਾਰੀਡੋਰ (ਈ.ਡੀ.ਐਫ.ਸੀ.) 'ਤੇ 24 ਘੰਟੇ ਗਸ਼ਤ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਮੌਜੂਦਾ ਸਮੇਂ ਅੰਬਾਲਾ ਮੰਡਲ ਦੇ ਪੰਜਾਬ ਖੇਤਰ ਵਿਚ 173 ਸੀ.ਸੀ.ਟੀ.ਵੀ. ਕੈਮਰੇ ਪਹਿਲਾਂ ਹੀ ਲੱਗੇ ਹੋਏ ਹਨ ਅਤੇ ਹੋਰ ਕੈਮਰੇ ਲਾਉਣ ਦੀ ਗੱਡੀ ਲਾਇਨ 'ਤੇ ਹੈ | ਉਨ੍ਹਾਂ ਨੇ ਕਿਹਾ ਕਿ ਟਰੈਕ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਰੇਲਵੇ ਕੀ ਮੈਨ ਵਲੋਂ ਲਗਾਤਾਰ ਜ਼ਮੀਨੀ ਗਸ਼ਤ ਕੀਤੀ ਜਾਵੇਗੀ | ਉਨ੍ਹਾਂ ਨੇ ਕਿਹਾ ਕਿ ਸਮਾਜ ਵਿਰੋਧੀ ਤੱਤ ਬਾਹਰਲੇ ਦੇਸ਼ਾਂ ਵਿਚ ਬੈਠੇ ਹਨ ਅਤੇ ਰੇਲਵੇ ਵਰਗੇ ਮਹੱਤਵਪੂਰਨ ਵਿਭਾਗ ਦੀ ਸ਼ਾਂਤੀ ਦੀ ਗੱਡੀ ਨੂੰ ਲੀਹ ਤੋਂ ਲਾਹੁਣ ਦਾ ਯਤਨ ਕਰਦੇ ਰਹਿੰਦੇ ਹਨ | ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਸ਼ਾਂਤੀ ਭੰਗ ਕਰਨ ਦੀ ਗੱਲ ਨਹੀ ਹੈ ਸਗੋਂ ਸੂਬੇ ਦੀ ਆਰਥਿਕਤਾ ਨੂੰ ਡੂੰਘੀ ਸੱਟ ਮਾਰਨ ਦੀ ਸਾਜਿਸ਼ ਹੈ | ਉਨ੍ਹਾਂ ਨੇ ਕਿਹਾ ਪੰਜਾਬ ਵਿਚ ਕਣਕ ਦਾ ਸੀਜਨ ਜ਼ੋਰਾਂ 'ਤੇ ਹੈ | ਪੰਜਾਬ ਦੀ ਕਣਕ ਬਾਹਰਲੇ ਸੂਬਿਆਂ ਨੂੰ ਇਸ ਰਸਤੇ ਰਾਹੀਂ ਹੀ ਜਾ ਰਹੀ ਹੈ | ਇਸ ਲਈ ਇਸ ਈ.ਡੀ.ਐਫ.ਸੀ. 'ਤੇ ਨਿਸ਼ਾਨਾ ਸਾਧਣ ਦੀਆਂ ਕੋਸ਼ਿਸ਼ਾਂ ਜਾਰੀ ਹਨ, ਜਦੋਂ ਕਿ ਤਿੰਨ ਮਹੀਨਿਆਂ ਵਿਚ 35 ਕਿੱਲੋਮੀਟਰ ਦੇ ਦਾਇਰੇ ਵਿਚ ਇਹ ਦੂੂਜੀ ਘਟਨਾ ਹੈ | ਬਿੱਟੂ ਨੇ ਕਿਹਾ ਕਿ ਦੇਸ਼ ਦੀਆਂ ਏਜੰਸੀਆਂ ਇਸ ਘਟਨਾ ਨੂੰ ਲੈ ਕੇ ਪੈਨੀ ਨਜ਼ਰ ਰੱਖ ਰਹੀਆਂ ਹਨ | ਇਸ ਮੌਕੇ ਰੇਲਵੇ ਵਿਭਾਗ ਤੇ ਉਚ ਅਧਿਕਾਰੀ ਅਤੇ ਪਾਰਟੀ ਵਰਕਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਬੰਗਾਲ 'ਚ ਇਸ ਵਾਰ ਲੋਕਾਂ ਨੇ ਨਿਡਰ ਹੋ ਕੇ ਵੋਟਾਂ ਪਾਈਆਂ-ਮੋਦੀ <br/> ਅਗਲੀ ਖ਼ਬਰ ਜਦੋਂ ਮਮਤਾ ਤੇ ਸੁਭੇਂਦੂ ਹੋਏ ਆਹਮੋ-ਸਾਹਮਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।