ਹਰਦੋਈ/ਲਖਨਊ, 29 ਅਪ੍ਰੈਲ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਵਾਰ ਪੱਛਮੀ ਬੰਗਾਲ 'ਚ ਵੋਟਰ ਨਿਡਰ ਮਾਹੌਲ 'ਚ ਆਪਣੀ ਵੋਟ ਪਾਈ, ਜਿਸ ਦੀ ਪਿਛਲੇ ਛੇ ਜਾਂ 7 ਦਹਾਕਿਆਂ 'ਚ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ | ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ 4 ਮਈ ਨੂੰ ਆਉਣ ਵਾਲੇ ਵਿਧਾਨ ਸਭਾ ਚੋਣਾਂ ਦੇ ਨਤੀਜੇ ਇਕ ਵਿਕਸਿਤ ਭਾਰਤ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਨਗੇ | ਗੰਗਾ ਐਕਸਪ੍ਰੈਸਵੇਅ ਦੇ ਉਦਘਾਟਨ ਬਾਅਦ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਅੱਜ ਲੋਕਤੰਤਰ ਦੇ ਇਸ ਉਤਸਵ 'ਚ ਇਕ ਅਹਿਮ ਦਿਨ ਹੈ | ਉਨ੍ਹਾਂ ਕਿਹਾ ਕਿ ਬੰਗਾਲ 'ਚ ਦੂਜੇ ਪੜਾਅ ਦੀ ਵੋਟਿੰਗ 'ਚ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਭਾਰੀ ਗਿਣਤੀ 'ਚ ਲੋਕ ਵੋਟ ਪਾਉਣ ਆ ਰਹੇ ਹਨ, ਠੀਕ ਉਸੇ ਤਰਾਂ ਜਿਵੇਂ ਪਹਿਲੇ ਪੜਾਅ 'ਚ ਆਏ ਸਨ | ਉਨ੍ਹਾਂ ਕਿਹਾ ਕਿ ਪੋਲਿੰਗ ਸਟੇਸ਼ਨਾਂ 'ਤੇ ਲੰਬੀਆਂ ਕਤਾਰਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ, ਜੋ ਲੋਕਾਂ ਦੇ ਆਪਣੇ ਲੋਕਤੰਤਰਿਕ ਅਧਿਕਾਰ ਦੀ ਵਰਤੋਂ ਕਰਨ ਦੇ ਉਤਸ਼ਾਹ ਨੂੰ ਦਿਖਾਉਂਦੀਆਂ ਹਨ | ਉਨ੍ਹਾਂ ਕਿਹਾ ਕਿ ਅੱਜ ਅਸੀਂ ਬੰਗਾਲ 'ਚ ਜੋ ਦੇਖ ਰਹੇ ਹਾਂ ਉਹ ਬੇਮਿਸਾਲ ਹੈ, ਜਿਸ ਦੀ ਪਿਛਲੇ ਛੇ ਤੋਂ ਸੱਤ ਦਹਾਕਿਆਂ 'ਚ ਕਲਪਨਾ ਕਰਨਾ ਮੁਸ਼ਕਿਲ ਸੀ | ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਦੇ ਮਜ਼ਬੂਤ ਹੋਣ ਦਾ ਇਕ ਸ਼ਕਤੀਸ਼ਾਲੀ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਉਹ ਬੰਗਾਲ ਦੇ ਮਹਾਨ ਲੋਕਾਂ ਦਾ ਧੰਨਵਾਦ ਕਰਦੇ ਹਨ ਕਿ ਉਹ ਆਪਣੇ ਅਧਿਕਾਰਾਂ ਪ੍ਰਤੀ ਏਨੇ ਜਾਗਰੂਕ ਹਨ ਅਤੇ ਵੱਡੀ ਗਿਣਤੀ 'ਚ ਇਸ ਵਿਚ ਹਿੱਸਾ ਲੈ ਰਹੇ ਹਨ | ਮੋਦੀ ਨੇ ਕਿਹਾ ਕਿ ਹਾਲ ਹੀ 'ਚ ਹੋਈਆਂ ਬਿਹਾਰ ਵਿਧਾਨ ਸਭਾ ਚੋਣਾਂ 'ਚ ਭਾਜਪਾ ਅਤੇ ਐਨ. ਡੀ. ਏ. ਨੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ | ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ 594 ਕਿੱਲੋਮੀਟਰ ਲੰਬੇ ਗੰਗਾ ਐਕਸਪ੍ਰੈਸਵੇਅ, ਮੇਰਠ ਨੂੰ ਪ੍ਰਯਾਗਰਾਜ ਨਾਲ ਜੋੜਨ ਵਾਲਾ ਇਕ ਵੱਡਾ ਬੁਨਿਆਦੀ ਢਾਂਚਾ ਪ੍ਰਾਜੈਕਟ, ਦਾ ਉਦਘਾਟਨ ਕੀਤਾ | ਪ੍ਰਧਾਨ ਮੰਤਰੀ ਨੇ ਦੁਪਹਿਰ ਦੇ ਕਰੀਬ ਹਰਦੋਈ ਜ਼ਿਲ੍ਹੇ 'ਚ ਪਹੁੰਚੇ ਅਤੇ ਰਾਜਪਾਲ ਆਨੰਦੀਬੇਨ ਪਟੇਲ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਹੋਰਾਂ ਦੀ ਮÏਜੂਦਗੀ 'ਚ ਬਟਨ ਦਬਾ ਕੇ ਐਕਸਪ੍ਰੈਸਵੇਅ ਦਾ ਉਦਘਾਟਨ ਕੀਤਾ |
ਬੰਗਾਲ 'ਚ ਇਸ ਵਾਰ ਲੋਕਾਂ ਨੇ ਨਿਡਰ ਹੋ ਕੇ ਵੋਟਾਂ ਪਾਈਆਂ-ਮੋਦੀ <br/>
ਅਜੀਤ ਡੈਸਕ
30-04-2026