ਪੰਜਾਬੀਆਂ ਨੂੰ ਲਿਆਉਣ ਲਈ ਦਿੱਲੀ ਪਹੁੰਚੀ ਸੂਬੇ ਦੀ ਪੁਲਿਸ
ਨਵੀਂ ਦਿੱਲੀ, 30 ਅਪ੍ਰੈਲ (ਉਪਮਾ ਡਾਗਾ ਪਾਰਥ)- ਆਸਟ੍ਰੇਲੀਆ ਤੋਂ ਪ੍ਰਵਾਸੀ ਨੇਮਾਂ ਦੀ ਉਲੰਘਣਾ ਕਰਕੇ ਵਾਪਸ ਭੇਜੇ ਗਏ 11 ਭਾਰਤੀ ਵੀਰਵਾਰ ਸਵੇਰੇ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਪਹੁੰਚੇ, ਜਿੱਥੇ ਉਨ੍ਹਾਂ ਤੋਂ ਪ੍ਰਸ਼ਾਸਨ ਵਲੋਂ ਤਕਰੀਬਨ 5 ਘੰਟੇ ਦੀ ਪੁੱਛਗਿੱਛ ਕੀਤੀ ਗਈ | ਵਾਪਸ ਪਰਤੇ ਭਾਰਤੀਆਂ 'ਚੋਂ 9 ਪੰਜਾਬੀ, 1 ਉੱਤਰਾਖੰਡ ਅਤੇ ਇਕ ਤੇਲੰਗਾਨਾ ਦਾ ਵਸਨੀਕ ਹੈ | ਹਾਲਾਂਕਿ ਪਹਿਲਾਂ ਹਾਸਿਲ ਜਾਣਕਾਰੀ ਮੁਤਾਬਿਕ 15 ਭਾਰਤੀਆਂ ਨੂੰ ਆਸਟ੍ਰੇਲੀਆ ਤੋਂ ਵਾਪਸ ਭਾਰਤ ਭੇਜਿਆ ਗਿਆ ਸੀ, ਜਿਨ੍ਹਾਂ 'ਚੋਂ ਪੰਜਾਬ ਦੇ 11, ਤੇਲੰਗਾਨਾ ਦੇ 2, ਉੱਤਰਾਖੰਡ ਅਤੇ ਹਰਿਆਣਾ ਦਾ ਇਕ-ਇਕ ਵਸਨੀਕ ਸ਼ਾਮਿਲ ਸੀ | ਹਾਸਿਲ ਜਾਣਕਾਰੀ ਮੁਤਾਬਿਕ ਵੀਰਵਾਰ ਨੂੰ ਵਾਪਸ ਪਰਤੇ 9 ਪੰਜਾਬੀਆਂ 'ਚੋਂ 8 ਮਰਦ ਅਤੇ ਇਕ ਔਰਤ ਸ਼ਾਮਿਲ ਸਨ, ਜਦਕਿ ਬਾਕੀ ਦੋਵੇਂ ਰਾਜਾਂ ਦਾ ਇਕ-ਇਕ ਵਿਅਕਤੀ ਵਾਪਸ ਭੇਜਿਆ ਗਿਆ | ਪੰਜਾਬ ਸਰਕਾਰ ਵਲੋਂ ਇਨ੍ਹਾਂ ਨੂੰ ਵਾਪਸ ਲੈਣ ਲਈ ਇਕ ਟੀਮ ਦਿੱਲੀ ਪੁੱਜੀ ਸੀ ਤਾਂ ਜੋ ਉਨ੍ਹਾਂ ਨੂੰ ਆਪੋ-ਆਪਣੇ ਜ਼ਿਲਿ੍ਹਆਂ 'ਚ ਵਾਪਸ ਭੇਜਿਆ ਜਾ ਸਕੇ | ਸੂਬਾ ਸਰਕਾਰ ਵਲੋਂ ਇਨ੍ਹਾਂ ਨੂੰ ਲਿਜਾਣ ਲਈ ਟੈਂਪੂ ਟ੍ਰੈਵਰਲਰ ਸਮੇਤ ਕਈ ਵਾਹਨਾਂ ਦਾ ਇੰਤਜ਼ਾਮ ਕੀਤਾ ਗਿਆ ਸੀ | ਸੂਬਾ ਅਧਿਕਾਰੀਆਂ ਮੁਤਾਬਿਕ ਆਸਟ੍ਰੇਲੀਆ ਤੋਂ ਵਾਪਸ ਭੇਜੇ ਗਏ ਇਹ ਲੋਕ ਜਲੰਧਰ, ਹੁਸ਼ਿਆਰਪੁਰ, ਖੰਨਾ, ਮੋਗਾ, ਨਵਾਂਸ਼ਹਿਰ, ਗੜ੍ਹਸ਼ੰਕਰ, ਤਰਨ ਤਾਰਨ, ਫਿਰੋਜ਼ਪੁਰ ਅਤੇ ਰੋਪੜ ਨਾਲ ਸੰਬੰਧਿਤ ਹਨ | ਜਿਨ੍ਹਾਂ ਦੀ ਉਮਰ 25 ਤੋਂ 41 ਸਾਲ ਦੇ ਵਿਚਕਾਰ ਹੈ | ਕਿਸੇ ਵੀ ਵਿਅਕਤੀ ਨੇ ਮੀਡੀਆ ਵਲੋਂ ਪੁੱਛੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ | ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਸੂਬਾ ਪੁਲਿਸ ਪੜਤਾਲ ਕਰੇਗੀ ਕਿ ਉਹ ਆਸਟ੍ਰੇਲੀਆ ਕਿਵੇਂ ਪਹੁੰਚੇ | ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਇਹ ਕਹਿ ਚੁੱਕੇ ਹਨ ਕਿ ਇਨ੍ਹਾਂ ਲੋਕਾਂ ਨੂੰ ਆਸਟ੍ਰੇਲੀਆ ਜਾ ਕੇ ਉਥੋਂ ਦੇ ਨੇਮ ਤੋੜਣ ਦੇ ਕਾਰਨ ਵਾਪਸ ਭੇਜਿਆ ਜਾ ਰਿਹਾ ਹੈ | ਉਨ੍ਹਾਂ ਨੇ ਇਸ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਇਹ ਸਾਡੇ ਆਪਣੇ ਲੋਕ ਹਨ ਅਤੇ ਸਰਕਾਰ ਵਲੋਂ ਉਨ੍ਹਾਂ ਦੇ ਮੁੜਵਸੇਬੇ ਦੀ ਕੋਸ਼ਿਸ਼ ਕੀਤੀ ਜਾਵੇਗੀ |
ਵਾਪਸ ਭੇਜੇ ਨੌਜਵਾਨਾਂ ਦੀ ਪਟਿਆਲਾ 'ਚ ਹੋਈ ਪੁੱਛ ਪੜਤਾਲ
ਪਟਿਆਲਾ, (ਮਨਦੀਪ ਸਿੰਘ ਖਰੌੜ)-ਆਸਟ੍ਰੇਲੀਆ ਤੋਂ ਵਾਪਸ ਭੇਜੇ ਨੌਜਵਾਨਾਂ ਦੀ ਪਟਿਆਲਾ ਪੁਲਿਸ ਵਲੋਂ ਜਾਂਚ ਪੜਤਾਲ ਕੀਤੀ ਗਈ | ਇਸ ਸੰਬੰਧੀ ਕਿਸੇ ਵੀ ਪੁਲਿਸ ਅਧਿਕਾਰੀ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ | ਵਾਪਸ ਭੇਜੇ ਗਏ ਨੌਜਵਾਨਾਂ ਦੀ ਕੁਲ ਗਿਣਤੀ ਕਿੰਨੀ ਹੈ ਇਸ ਦੀ ਅਧਿਕਾਰਕ ਤੌਰ 'ਤੇ ਕਿਸੇ ਨੇ ਪੁਸ਼ਟੀ ਨਹੀਂ ਕੀਤੀ | ਸੂਤਰਾਂ ਦਾ ਕਹਿਣਾ ਹੈ ਕਿ ਏਅਰਪੋਰਟ ਤੋਂ ਉਤਰਨ ਤੋਂ ਬਾਅਦ ਲੜਕੇ-ਲੜਕੀਆਂ ਨੂੰ ਪੁੱਛ-ਪੜਤਾਲ ਲਈ ਪਟਿਆਲਾ ਸਿਵਲ ਲਾਈਨ 'ਚ ਲਿਆਂਦਾ ਗਿਆ ਜਿਥੇ ਇਨ੍ਹਾਂ ਦੇ ਕਾਗਜ਼ਾਂ ਦਾ ਨਿਰੀਖਣ ਕੀਤਾ ਗਿਆ | ਵਾਪਸ ਆਏ ਮੋਗਾ ਦੇ ਇਕ ਨੌਜਵਾਨ ਦੇ ਪਰਿਵਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਬੜੇ ਚਾਵਾਂ ਦੇ ਨਾਲ ਪੈਸੇ ਲਾ ਕੇ ਆਸਟੇ੍ਰਲੀਆ ਭੇਜਿਆ ਸੀ ਅਤੇ ਉਸ ਦਾ ਵਿਆਹ ਵੀ ਕੀਤਾ ਸੀ ਪਰ ਜਿਸ ਲੜਕੀ ਦੇ ਨਾਲ ਉਸ ਦਾ ਵਿਆਹ ਹੋਇਆ ਉਸ ਦੇ ਨਾਲ ਉਸ ਦਾ ਤਕਰਾਰ ਹੋ ਗਿਆ | ਜਿਸ ਤੋਂ ਬਾਅਦ ਲੜਕੀ ਦੇ ਦੁਆਰਾ ਉਸ ਦੇ ਕਾਗ਼ਜ਼ ਨਹੀਂ ਲਗਾਏ ਗਏ ਜਿਸ ਦੇ ਚੱਲਦਿਆਂ ਉਹ ਆਸਟੇ੍ਰਲੀਆ ਦੇ ਕਾਨੂੰਨ 'ਚ ਡਿਫਾਲਟਰ ਹੋ ਗਿਆ ਤੇ ਉਸ ਨੂੰ ਵਾਪਸ ਭੇਜ ਦਿੱਤਾ ਗਿਆ ਹੈ | ਇਸ ਸੰਬੰਧੀ ਹੋਰ ਪਰਿਵਾਰਾਂ ਦਾ ਕਹਿਣਾ ਸੀ ਕਿ ਜ਼ਿਆਦਾਤਰ ਮੁੰਡੇ ਉਹ ਸਨ ਜਿਨ੍ਹਾਂ ਨੂੰ ਵਿਦੇਸ਼ 'ਚ ਬੈਠੀਆਂ ਕੁੜੀਆਂ ਦੇ ਦੁਆਰਾ ਕਾਗ਼ਜ਼ ਨਾ ਲਗਾਉਣ ਦੇ ਚਲਦਿਆਂ ਡਿਫਾਲਟਰ ਹੋਣਾ ਪਿਆ ਜਿਸ ਕਾਰਨ ਉਨ੍ਹਾਂ ਨੂੰ ਵਾਪਸ ਮੁੜਨਾ ਪਿਆ |