28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਅੱਜ ਤੋਂ ਓ.ਟੀ.ਪੀ. ਬਿਨਾਂ ਨਹੀਂ ਮਿਲੇਗਾ ਰਸੋਈ ਗੈਸ ਸਿਲੰਡਰ

ਅਜੀਤ ਡੈਸਕ 01-05-2026
ਮੰਡੀ ਗੋਬਿੰਦਗੜ੍ਹ, 30 ਅਪ੍ਰੈਲ (ਮੋਹਿਤ ਸਿੰਗਲਾ)-ਰਸੋਈ ਗੈਸ ਸਿਲੰਡਰ ਦੀ ਡਲਿਵਰੀ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਅਤੇ ਸੁਰੱਖਿਅਤ ਬਣਾਉਣ ਲਈ 1 ਮਈ ਤੋਂ 'ਡਲਿਵਰੀ ਆਥੈਂਟੀਕੇਸ਼ਨ ਕੋਡ' (ਡੀ ਏ ਸੀ) ਪ੍ਰਣਾਲੀ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ | ਹੁਣ ਖਪਤਕਾਰਾਂ ਲਈ ਗੈਸ ਸਿਲੰਡਰ ਪ੍ਰਾਪਤ ਕਰਨ ਲਈ ਓ.ਟੀ.ਪੀ. ਅਧਾਰਿਤ ਤਸਦੀਕ ਲਾਜ਼ਮੀ ਹੋਵੇਗੀ | ਨਵੇਂ ਨਿਯਮਾਂ ਅਨੁਸਾਰ ਜਦੋਂ ਗੈਸ ਏਜੰਸੀ ਦਾ ਡਲਿਵਰੀ ਕਰਮਚਾਰੀ ਖਪਤਕਾਰਾਂ ਦੇ ਘਰ ਸਿਲੰਡਰ ਲੈ ਕੇ ਪਹੁੰਚੇਗਾ ਤਾਂ ਰਜਿਸਟਰਡ ਮੋਬਾਈਲ ਨੰਬਰ 'ਤੇ ਇੱਕ ਵਨ ਟਾਈਮ ਪਾਸਵਰਡ (ਓ ਟੀ ਪੀ) ਭੇਜਿਆ ਜਾਵੇਗਾ | ਇਸ ਓ.ਟੀ.ਪੀ. ਨੂੰ ਡਲਿਵਰੀ ਕਰਮਚਾਰੀ ਨੂੰ ਦਿਖਾਉਣ ਤੋਂ ਬਾਅਦ ਹੀ ਡਲਿਵਰੀ ਪ੍ਰਕਿਰਿਆ ਪੂਰੀ ਮੰਨੀ ਜਾਵੇਗੀ | ਓ.ਟੀ.ਪੀ. ਬਿਨਾਂ ਸਿਲੰਡਰ ਦੀ ਡਲਿਵਰੀ ਸੰਭਵ ਨਹੀਂ ਹੋਵੇਗੀ | ਗੈਸ ਕੰਪਨੀਆਂ ਵੱਲੋਂ ਇਹ ਪ੍ਰਣਾਲੀ ਉਹਨਾਂ ਗੜਬੜੀਆਂ ਨੂੰ ਰੋਕਣ ਲਈ ਲਾਗੂ ਕੀਤੀ ਗਈ ਹੈ, ਜਿੱਥੇ ਸਿਲੰਡਰ ਕਿਸੇ ਹੋਰ ਵਿਅਕਤੀ ਦੇ ਨਾਂਅ 'ਤੇ ਬੁੱਕ ਹੋ ਕੇ ਗਲਤ ਪਤੇ 'ਤੇ ਪਹੁੰਚ ਜਾਂਦੇ ਸਨ ਜਾਂ ਵਿਚਕਾਰ ਹੀ ਹੇਰਾਫੇਰੀ ਹੋ ਜਾਂਦੀ ਸੀ | ਜੇ ਕਿਸੇ ਖਪਤਕਾਰ ਦਾ ਮੋਬਾਈਲ ਨੰਬਰ ਗੈਸ ਏਜੰਸੀ ਦੇ ਰਿਕਾਰਡ ਵਿੱਚ ਅੱਪਡੇਟ ਨਹੀਂ ਹੈ ਤਾਂ ਚਿੰਤਾ ਦੀ ਗੱਲ ਨਹੀਂ ਹੈ | ਕਿਉਂਕਿ ਡਿਲੀਵਰੀ ਕਰਮਚਾਰੀ ਆਪਣੇ ਮੋਬਾਈਲ ਐਪ ਰਾਹੀਂ ਮੌਕੇ 'ਤੇ ਹੀ ਨੰਬਰ ਅੱਪਡੇਟ ਕਰ ਸਕੇਗਾ | ਇਸ ਤੋਂ ਬਾਅਦ ਤੁਰੰਤ ਓ.ਟੀ.ਪੀ. ਜਨਰੇਟ ਹੋ ਕੇ ਖਪਤਕਾਰ ਦੇ ਫੋਨ 'ਤੇ ਭੇਜ ਦਿੱਤਾ ਜਾਵੇਗਾ | ਇਸ ਨਵੀਂ ਪ੍ਰਣਾਲੀ ਨਾਲ ਨਾ ਸਿਰਫ਼ ਡਿਲੀਵਰੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਆਵੇਗੀ, ਸਗੋਂ ਖਪਤਕਾਰਾਂ ਨੂੰ ਵੀ ਇਹ ਯਕੀਨ ਹੋਵੇਗਾ ਕਿ ਉਹਨਾਂ ਦਾ ਸਿਲੰਡਰ ਸਹੀ ਵਿਅਕਤੀ ਤੱਕ ਹੀ ਪਹੁੰਚਦਾ ਹੈ | ਸਰਕਾਰ ਅਤੇ ਤੇਲ ਕੰਪਨੀਆਂ ਇਸਨੂੰ ਖਪਤਕਾਰਾਂ ਦੇ ਹਿਤ ਵਿੱਚ ਇਕ ਮਹੱਤਵਪੂਰਨ ਕਦਮ ਮੰਨ ਰਹੀਆਂ ਹਨ | ਮਾਹਿਰਾਂ ਅਨੁਸਾਰ ਇਸ ਪ੍ਰਣਾਲੀ ਦੇ ਲਾਗੂ ਹੋਣ ਨਾਲ ਗੈਸ ਵੰਡ ਵਿੱਚ ਫਰਜ਼ੀਵਾੜੇ ਅਤੇ ਬੇਨਿਯਮੀਆਂ 'ਤੇ ਕਾਫ਼ੀ ਹੱਦ ਤੱਕ ਰੋਕ ਲੱਗੇਗੀ |

ਪਿਛਲੀ ਖ਼ਬਰ ਪਾਕਿਸਤਾਨ ਲਈ ਆਈ.ਟੀ. ਦਾ ਅਰਥ 'ਇੰਟਰਨੈਸ਼ਨਲ ਟੈਰਾਰਿਜ਼ਮ'-ਰੱਖਿਆ ਮੰਤਰੀ <br/> ਅਗਲੀ ਖ਼ਬਰ ਅੱਜ ਦੇ ਮੈਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।