ਨਵੀਂ ਦਿੱਲੀ, 30 ਅਪ੍ਰੈਲ (ਉਪਮਾ ਡਾਗਾ ਪਾਰਥ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਅੱਤਵਾਦ ਨੂੰ ਉਤਸ਼ਾਹਿਤ ਕਰਨ ਵਾਲਾ ਦੇਸ਼ ਦੱਸਦਿਆਂ ਉਸ 'ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਪਾਕਿਸਤਾਨ ਲੰਬੇ ਸਮੇਂ ਤੋਂ ਅੱਤਵਾਦ ਨੂੰ ਸਮਰਥਨ ਦਿੰਦਾ ਰਿਹਾ ਹੈ, ਇਹੀ ਕਾਰਨ ਹੈ ਕਿ ਉਸ ਦਾ ਅਕਸ ਅੰਤਰਰਾਸ਼ਟਰੀ ਪੱਧਰ 'ਤੇ ਖ਼ਰਾਬ ਹੋਇਆ ਹੈ | ਉਨ੍ਹਾਂ ਕਿਹਾ ਜਿਥੇ ਭਾਰਤ ਨੂੰ ਆਈ.ਟੀ. ਭਾਵ ਸੂਚਨਾ ਤਕਨੀਕ ਲਈ ਜਾਣਿਆ ਜਾਂਦਾ ਹੈ, ਉਥੇ ਪਾਕਿਸਤਾਨ ਨੂੰ ਆਈ.ਟੀ. ਭਾਵ 'ਇੰਟਰਨੈਸ਼ਨਲ ਟੈਰਾਰਿਜ਼ਮ' ਦਾ ਕੇਂਦਰ ਮੰਨਿਆ ਜਾਂਦਾ ਹੈ | ਰੱਖਿਆ ਮੰਤਰੀ ਨੇ ਉਕਤ ਬਿਆਨ ਇਕ ਖ਼ਬਰ ਏਜੰਸੀ ਵਲੋਂ ਕਰਵਾਏ ਗਏ ਰਾਸ਼ਟਰੀ ਸੁਰੱਖਿਆ ਸਿਖ਼ਰ ਸੰਮੇਲਨ 2.0 ਨੂੰ ਸੰਬੋਧਨ ਕਰਦਿਆਂ ਦਿੱਤਾ | ਰਾਜਨਾਥ ਸਿੰਘ ਨੇ ਕਿਹਾ ਕਿ ਜਦੋਂ ਤੱਕ ਅੱਤਵਾਦ ਹੈ, ਇਹ ਸਾਡੀ ਸਮੂਹਿਕ ਸ਼ਾਂਤੀ ਤੇ ਵਿਕਾਸ ਨੂੰ ਚੁਣੌਤੀ ਦਿੰਦਾ ਰਹੇਗਾ | ਰਾਜਨਾਥ ਸਿੰਘ ਨੇ 'ਆਪ੍ਰੇਸ਼ਨ ਸੰਧੂਰ' ਨੂੰ ਵੱਡੀ ਸਫ਼ਲਤਾ ਦੱਸਦਿਆਂ ਕਿਹਾ ਕਿ ਇਹ ਆਪ੍ਰੇਸ਼ਨ ਸਿਰਫ਼ 72 ਘੰਟਿਆਂ 'ਚ ਪੂਰਾ ਕੀਤਾ ਗਿਆ, ਪਰ ਇਸ ਦੀ ਤਿਆਰੀ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਸੀ | ਉਨ੍ਹਾਂ ਇਹ ਵੀ ਕਿਹਾ ਕਿ 'ਆਪ੍ਰੇਸ਼ਨ ਸੰਧੂਰ' ਭਾਰਤ ਨੇ ਆਪਣੀਆਂ ਸ਼ਰਤਾਂ 'ਤੇ ਰੋਕਿਆ ਸੀ, ਨਾ ਕਿ ਕਿਸੇ ਮਜਬੂਰੀ 'ਚ | ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਲੋੜ ਪੈਂਦੀ ਤਾਂ ਭਾਰਤ ਲੰਬੀ ਲੜਾਈ ਲਈ ਵੀ ਤਿਆਰ ਸੀ | ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਪ੍ਰਮਾਣੂ ਹਮਲੇ ਦੀ ਧਮਕੀ ਵੀ ਦਿੱਤੀ ਗਈ ਸੀ, ਪਰ ਦੇਸ਼ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਕਿਸੇ ਦਬਾਅ 'ਚ ਨਹੀਂ ਆਇਆ |