ਜੈਪੁਰ, 30 ਅਪ੍ਰੈਲ (ਏਜੰਸੀ)-ਰਾਜਸਥਾਨ ਦੇ ਅਲਵਰ ਜ਼ਿਲ੍ਹੇ 'ਚ ਦਿੱਲੀ-ਮੁੰਬਈ ਹਾਈਵੇਅ 'ਤੇ ਕਾਰ ਨੂੰ ਅੱਗ ਲੱਗਣ ਨਾਲ ਇਕ ਪਰਿਵਾਰ ਦੇ 5 ਮੈਂਬਰ ਜ਼ਿੰਦਾ ਸੜ ਗਏ, ਜਦੋਂ ਕਿ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ | ਇਹ ਮੰਦਭਾਗੀ ਘਟਨਾ ਮੌਜਪੁਰ ਨੇੜੇ ਉਸ ਸਮੇਂ ਵਾਪਰੀ ਜਦੋਂ ਪੀੜਤ ਜੰਮੂ ਕਸ਼ਮੀਰ 'ਚ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਸਨ | ਏ.ਐਸ.ਪੀ. ਪਿ੍ਅੰਕਾ ਰਘੂਵੰਸ਼ੀ ਨੇ ਕਿਹਾ ਕਿ ਪਤਾ ਲੱਗਣ 'ਤੇ ਅੱਗ ਬੁਝਾਊ ਅਮਲਾ ਤੁਰੰਤ ਮੌਕੇ 'ਤੇ ਪਹੁੰਚ ਗਿਆ ਤੇ 15 ਮਿੰਟਾਂ 'ਚ ਅੱਗ 'ਤੇ ਕਾਬੂ ਪਾਇਆ, ਪਰ ਉਸ ਸਮੇੇਂ ਤੱਕ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ | ਮਿ੍ਤਕਾਂ ਦੀ ਪਛਾਣ ਸੰਤੋਸ਼, ਉਸ ਦੀ ਪਤਨੀ ਸ਼ਸ਼ੀ, ਮਾਤਾ ਪਾਰਵਤੀ ਤੇ ਬੇਟੀਆਂ ਰਾਘਨੀ ਤੇ ਸਾਕਸ਼ੀ ਵਜੋਂ ਹੋਈ ਹੈ | ਇਹ ਪਰਿਵਾਰ ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ 'ਚ ਚੈਨਪੁਰਾ ਦਾ ਰਹਿਣ ਵਾਲਾ ਸੀ | ਡੀ.ਐਸ.ਪੀ. ਕੈਲਾਸ਼ ਜਿੰਦਲ ਨੇ ਦੱਸਿਆ ਕਿ ਇਹ ਸੀ.ਐਨ.ਜੀ. ਵਾਹਨ ਸੀ ਤੇ ਲੱਗਦਾ ਹੈ ਕਿ ਅੱਗ ਸ਼ਾਟ ਸਰਕਟ ਕਾਰਨ ਲੱਗੀ ਅਤੇ ਇੰਨੀ ਤੇਜ਼ੀ ਨਾਲ ਫ਼ੈਲੀ ਕਿ ਕਾਰ ਸਵਾਰਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ | ਉਨ੍ਹਾਂ ਕਿਹਾ ਕਿ ਵਾਹਨ 'ਚੋਂ ਕੇਵਲ ਪਿੰਜਰ ਹੀ ਮਿਲੇ | ਡਰਾਈਵਰ ਵਿਨੋਦ ਕੁਮਾਰ ਨੇ ਘਟਨਾ ਮੌਕੇ ਕਾਰ 'ਚੋਂ ਛਾਲ ਮਾਰ ਕੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਉਹ 80 ਫ਼ੀਸਦੀ ਝੁਲਸ ਗਿਆ ਹੈ ਤੇ ਹਸਪਤਾਲ 'ਚ ਜ਼ੇਰੇ ਇਲਾਜ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |