ਨਵੀਂ ਦਿੱਲੀ, 30 ਅਪ੍ਰੈਲ (ਏਜੰਸੀ)-ਭਾਰਤ ਅਤੇ ਇਟਲੀ ਨੇ ਵੀਰਵਾਰ ਨੂੰ ਸੈਨਿਕ ਸਾਜੋ-ਸਾਮਾਨ ਦੇ ਸਹਿ-ਉਤਪਾਦਨ ਲਈ ਇਕ ਰੱਖਿਆ ਉਦਯੋਗਿਕ ਢਾਂਚਾ ਵਿਕਸਿਤ ਕਰਨ ਦਾ ਸੰਕਲਪ ਲਿਆ | ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਦੋਵੇਂ ਦੇਸ਼ ਬਦਲਦੇ ਸੁਰੱਖਿਆ ਦਿ੍ਸ਼, ਜਿਸ ਵਿਚ ਪੱਛਮੀ ਏਸ਼ੀਆ 'ਚ ਚੱਲ ਰਿਹਾ ਸੰਕਟ ਵੀ ਸ਼ਾਮਿਲ ਹੈ, ਦਾ ਸਾਹਮਣਾ ਕਰ ਰਹੇ ਹਨ | ਦੁਵੱਲੇ ਰੱਖਿਆ ਅਤੇ ਰਣਨੀਤਕ ਸੰਬੰਧਾਂ ਨੂੰ ਮਜ਼ਬੂਤ ਕਰਨ ਦਾ ਇਹ ਫ਼ੈਸਲਾ ਨਵੀਂ ਦਿੱਲੀ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਨ੍ਹਾਂ ਦੇ ਇਤਾਲਵੀ ਹਮਰੁਤਬਾ ਗੁਈਡੋ ਕ੍ਰੋਸੇਟੋ ਦਰਮਿਆਨ ਹੋਈ ਗੱਲਬਾਤ ਦੌਰਾਨ ਲਿਆ ਗਿਆ | ਬੈਠਕ ਦੇ ਬਾਅਦ ਦੋਵੇਂ ਧਿਰਾਂ ਨੇ ਦੋਵੇਂ ਦੇਸ਼ਾਂ ਦੀਆਂ ਹਥਿਆਰਬੰਦ ਸੈਨਾਵਾਂ ਦਰਮਿਆਨ ਸੈਨਿਕ ਸੰਬੰਧਾਂ ਦੇ ਸੰਬੰਧ 'ਚ ਇਕ ਦੁਵੱਲੀ ਸੈਨਿਕ ਸਹਿਯੋਗ ਯੋਜਨਾ 2026-27 ਦੀ ਸ਼ੁਰੂਆਤ ਕੀਤੀ | ਰਾਜਨਾਥ ਸਿੰਘ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਅਸੀਂ ਪੱਛਮੀ ਏਸ਼ੀਆ ਦੀ ਮੌਜੂਦਾ ਸਥਿਤੀ ਸਮੇਤ ਕਈ ਖੇਤਰੀ ਅਤੇ ਕੌਮਾਂਤਰੀ ਮੁੱਦਿਆਂ 'ਤੇ ਚਰਚਾ ਕੀਤੀ | ਉਨ੍ਹਾਂ ਅੱਗੇ ਕਿਹਾ ਕਿ ਅਸੀਂ ਭਾਰਤ ਦੇ ਆਤਮਨਿਰਭਰ ਭਾਰਤ ਪ੍ਰੋਗਰਾਮ ਅਤੇ ਇਟਲੀ ਦੀ ਰੱਖਿਆ ਸਹਿਯੋਗ ਪਹਿਲ ਤਹਿਤ ਆਪਸੀ ਫਾਇਦੇ ਵਾਲੇ ਰੱਖਿਆ ਉਦਯੋਗਿਕ ਸਹਿਯੋਗ ਨੂੰ ਹੋਰ ਵਿਕਸਿਤ ਕਰਨ ਦੇ ਤਰੀਕਿਆਂ 'ਤੇ ਵੀ ਚਰਚਾ ਕੀਤੀ | ਰੱਖਿਆ ਮੰਤਰਾਲੇ ਨੇ ਕਿਹਾ ਕਿ ਰਾਜਨਾਥ ਸਿੰਘ ਅਤੇ ਕ੍ਰੋਸੇਟੋ ਨੇ ਇਸ ਗੱਲ ਨੂੰ ਦੁਹਰਾਇਆ ਕਿ ਭਾਰਤ-ਇਟਲੀ ਰਣਨੀਤਕ ਸਾਂਝੇਦਾਰੀ ਸ਼ਾਂਤੀ, ਸਥਿਰਤਾ, ਸੁਤੰਤਰਤਾ ਅਤੇ ਆਪਸੀ ਸਨਮਾਨ ਦੇ ਸਾਂਝੇ ਮੁੱਲਾਂ 'ਤੇ ਆਧਾਰਿਤ ਹੈ | ਮੰਤਰਾਲੇ ਨੇ ਕਿਹਾ ਕਿ ਸਮੁੰਦਰ ਨਾਲ ਜੁੜੇ ਇਨ੍ਹਾਂ ਦੋਵੇਂ ਪ੍ਰਾਚੀਨ ਰਾਸ਼ਟਰਾਂ ਦਰਮਿਆਨ ਵੱਖ-ਵੱਖ ਪ੍ਰਮੁੱਖ ਸਮੁੰਦਰੀ ਮੁੱਦਿਆਂ 'ਤੇ ਇਕਮਤ ਹੋਣ ਦੀ ਗੱਲ 'ਤੇ ਵੀ ਜ਼ੋਰ ਦਿੱਤਾ ਗਿਆ, ਜਿਸ ਵਿਚ ਗੁਰੂਗ੍ਰਾਮ ਵਿਚ ਸਥਿਤ ਇਨਫਾਰਮੇਸ਼ਨ ਫਿਊਜ਼ਨ ਸੈਂਟਰ-ਇੰਡੀਅਨ ਓਸ਼ੀਅਨ ਰਿਜ਼ਨ ਜ਼ਰੀਏ ਸੂਚਨਾਵਾਂ ਦਾ ਆਦਾਨ-ਪ੍ਰਦਾਨ ਵੀ ਸ਼ਾਮਿਲ ਹੈ | ਬੈਠਕ ਤੋਂ ਪਹਿਲਾਂ ਇਤਾਲਵੀ ਰੱਖਿਆ ਮੰਤਰੀ ਨੇ ਰਾਸ਼ਟਰੀ ਜੰਗੀ ਯਾਦਗਾਰ 'ਤੇ ਉਨ੍ਹਾਂ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਿਨ੍ਹਾਂ ਨੇ ਰਾਸ਼ਟਰ ਦੀ ਸੇਵਾ 'ਚ ਆਪਣੀ ਕੁਰਬਾਨੀ ਦਿੱਤੀ | ਕ੍ਰੋਸੇਟੋ ਨੇ ਤਿੰਨਾਂ ਸੈਨਾਵਾਂ ਦੇ 'ਗਾਰਡ ਆਫ ਆਨਰ' ਦਾ ਵੀ ਨਿਰੀਖਣ ਕੀਤਾ |
ਭਾਰਤ ਤੇ ਇਟਲੀ ਸੈਨਿਕ ਸਾਜ਼ੋ-ਸਾਮਾਨ ਦੇ ਸਹਿ-ਉਤਪਾਦਨ ਲਈ ਰੱਖਿਆ ਉਦਯੋਗਿਕ ਢਾਂਚੇ ਨੂੰ ਮਜ਼ਬੂਤ ਕਰਨਗੇ
ਅਜੀਤ ਡੈਸਕ
01-05-2026