ਖੇਤਾਂ 'ਚ ਰਸਾਇਣਾਂ ਦੀ ਵਰਤੋਂ ਨਾਲ ਧਰਤੀ ਮਾਂ ਦਾ ਨੁਕਸਾਨ ਹੋਇਆ
ਬੈਂਗਲੁਰੂ/ਹੈਦਰਾਬਾਦ, 10 ਮਈ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਦੇ ਮੌਜੂਦਾ ਸੰਕਟ ਨੂੰ ਦੇਖਦੇ ਹੋਏ ਅੱਜ ਦੇਸ਼ ਵਾਸੀਆਂ ਨੂੰ ਇਕ ਖਾਸ ਅਪੀਲ ਕੀਤੀ | ਉਨ੍ਹਾਂ ਕਿਹਾ ਹੈ ਕਿ ਦੇਸ਼ ਵਾਸੀ ਤੇਲ ਦੀ ਬਚਤ ਕਰਨ ਲਈ ਕਾਰਾਂ ਸਾਂਝੀਆਂ ਕਰਨ (ਕਾਰ ਪੂਲਿੰਗ), ਬੱਸਾਂ ਜਾਂ ਰੇਲ ਗੱਡੀਆਂ ਵਰਗੇ ਸਰਕਾਰੀ ਸਾਧਨਾਂ ਦੀ ਵਰਤੋਂ ਕਰਨ ਅਤੇ ਵਿਦੇਸ਼ੀ ਯਾਤਰਾਵਾਂ ਤੋਂ ਪਰਹੇਜ਼ ਕਰਨ | ਇਸ ਦੇ ਨਾਲ ਹੀ ਉਨ੍ਹਾਂ ਕੋਰੋਨਾ ਕਾਲ ਦੇ ਸਮੇਂ ਵਾਂਗ ਘਰ ਤੋਂ ਕੰਮ ਕਰਨ (ਵਰਕ ਫਰੌਮ ਹੋਮ) ਅਤੇ ਆਨਲਾਈਨ ਮੀਟਿੰਗਾਂ ਕਰਨ ਦਾ ਸੁਝਾਅ ਦਿੱਤਾ ਹੈ ਤਾਂ ਜੋ ਤੇਲ ਦੀ ਖਪਤ ਘਟਾਈ ਜਾ ਸਕੇ ਅਤੇ ਦੇਸ਼ ਆਪਣੀ ਜ਼ਿੰਮੇਵਾਰੀ ਨਿਭਾ ਸਕੇ | ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਬਿਮਾਰੀ ਵਿਚ ਵੀ ਲੋਕ ਕੁਦਰਤੀ ਇਲਾਜ ਦੀ ਭਾਲ ਕਰ ਰਹੇ ਹਨ | ਸਾਡੀ ਧਰਤੀ ਮਾਂ ਨੂੰ ਵੀ ਕੁਦਰਤੀ ਇਲਾਜ ਦੀ ਲੋੜ ਹੈ | ਰਸਾਇਣਕ ਖਾਦਾਂ ਨੇ ਸਾਡੇ ਖੇਤਾਂ ਨੂੰ ਖਤਮ ਕਰ ਦਿੱਤਾ ਹੈ ਤੇ ਧਰਤੀ ਮਾਂ ਨੂੰ ਨੁਕਸਾਨ ਪਹੁੰਚਾਇਆ ਹੈ | ਧਰਤੀ ਮਾਂ ਨੂੰ ਰਸਾਇਣਾਂ ਤੋਂ ਬਚਾਉਣਾ ਵੀ ਜੀਵਨ ਦੀ ਕਲਾ ਹੈ | ਉਨ੍ਹਾਂ 'ਏਕ ਪੇੜ ਮਾਂ ਕੇ ਨਾਮ' ਮੁਹਿੰਮ ਲਈ ਵਧੇਰੇ ਸਮਰਥਨ ਦੀ ਮੰਗ ਕੀਤੀ, ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਾਤਾਵਰਨ ਦੀ ਰੱਖਿਆ ਟਿਕਾਊ ਵਿਕਾਸ ਤੋਂ ਅਟੁੱਟ ਹੈ | ਉਨ੍ਹਾਂ ਕਿਹਾ ਕਿ ਵਾਤਾਵਰਨ ਤੇ ਅਰਥਵਿਵਸਥਾ ਨੂੰ ਵੱਖ ਨਹੀਂ ਕੀਤਾ ਜਾ ਸਕਦਾ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਰਟ ਆਫ਼ ਲਿਵਿੰਗ ਫਾਊਾਡੇਸ਼ਨ ਦੀ 45ਵੀਂ ਵਰ੍ਹੇਗੰਢ ਮਨਾਉਣ ਅਤੇ ਸੰਸਥਾਪਕ ਸ਼੍ਰੀ ਸ਼੍ਰੀ ਰਵੀ ਸ਼ੰਕਰ ਨਾਲ ਜੁੜੇ ਜਸ਼ਨਾਂ ਵਿੱਚ ਹਿੱਸਾ ਲੈਣ ਲਈ ਬੈਂਗਲੂਰੂ ਵਿਖੇ ਆਰਟ ਆਫ਼ ਲਿਵਿੰਗ ਇੰਟਰਨੈਸ਼ਨਲ ਸੈਂਟਰ ਵਿਖੇ ਇਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ | ਇਸ ਤੋਂ ਪਹਿਲਾਂ ਹੈਦਰਾਬਾਦ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੌਮਾਂਤਰੀ ਸੰਘਰਸ਼ਾਂ ਕਾਰਨ ਦੁਨੀਆ ਭਰ 'ਚ ਵਿਗੜੀ ਆਰਥਿਕਤਾ, ਸਾਮਾਨ ਦੀ ਸਪਲਾਈ 'ਚ ਆ ਰਹੀਆਂ ਮੁਸ਼ਕਲਾਂ ਅਤੇ ਵਧਦੀ ਮਹਿੰਗਾਈ ਦਾ ਮੁਕਾਬਲਾ ਕਰਨ ਲਈ ਸਾਰੇ ਭਾਰਤੀਆਂ ਨੂੰ ਇਕਜੁੱਟ ਹੋ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਦੇਸ਼ ਭਗਤੀ ਸਿਰਫ਼ ਦੇਸ਼ ਲਈ ਜਾਨ ਕੁਰਬਾਨ ਕਰਨ ਬਾਰੇ ਹੀ ਨਹੀਂ ਹੈ, ਸਗੋਂ ਔਖੇ ਸਮੇਂ 'ਚ ਜ਼ਿੰਮੇਵਾਰੀ ਨਾਲ ਜਿਊਣ ਅਤੇ ਦੇਸ਼ ਪ੍ਰਤੀ ਫ਼ਰਜ਼ ਨਿਭਾਉਣ ਬਾਰੇ ਵੀ ਹੈ | ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੇਲੋੜੀ ਵਿਦੇਸ਼ੀ ਯਾਤਰਾ, ਵਿਦੇਸ਼ਾਂ 'ਚ ਛੁੱਟੀਆਂ ਮਨਾਉਣ ਅਤੇ ਵਿਦੇਸ਼ੀ ਵਿਆਹਾਂ ਤੋਂ ਬਚ ਕੇ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਚਾਉਣ 'ਚ ਮਦਦ ਕਰਨ | ਉਨ੍ਹਾਂ ਭਾਰਤ ਦੇ ਅੰਦਰ ਹੀ ਘਰੇਲੂ ਸੈਰ-ਸਪਾਟਾ ਕਰਨ ਅਤੇ ਦੇਸ਼ ਵਿੱਚ ਹੀ ਜਸ਼ਨ ਮਨਾਉਣ ਦੀ ਸਲਾਹ ਦਿੱਤੀ ਹੈ | ਪ੍ਰਧਾਨ ਮੰਤਰੀ ਨੇ ਪਰਿਵਾਰਾਂ ਨੂੰ ਖਾਣ ਵਾਲੇ ਤੇਲ ਦੀ ਵਰਤੋਂ ਘਟਾਉਣ ਲਈ ਕਿਹਾ ਹੈ | ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਜਿਹਾ ਕਰਨ ਨਾਲ ਦੇਸ਼ ਦੀ ਆਰਥਿਕ ਸਿਹਤ ਅਤੇ ਲੋਕਾਂ ਦੀ ਨਿੱਜੀ ਸਿਹਤ, ਦੋਵਾਂ ਨੂੰ ਵੱਡਾ ਫਾਇਦਾ ਹੋਵੇਗਾ | ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਵੀ ਇਕ ਬੇਨਤੀ ਕੀਤੀ ਅਤੇ ਉਨ੍ਹਾਂ ਨੂੰ ਰਸਾਇਣਕ ਖਾਦਾਂ ਦੀ ਵਰਤੋਂ 50 ਫ਼ੀਸਦੀ ਘਟਾਉਣ, ਕੁਦਰਤੀ ਖੇਤੀ ਦੇ ਅਭਿਆਸਾਂ ਵੱਲ ਵਧਣ ਅਤੇ ਮਿੱਟੀ ਦੀ ਸਿਹਤ ਨੂੰ ਬਚਾਉਣ ਅਤੇ ਦਰਾਮਦ 'ਤੇ ਨਿਰਭਰਤਾ ਘਟਾਉਣ 'ਚ ਮਦਦ ਕਰਨ ਲਈ ਕਿਹਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀਬਾੜੀ 'ਚ ਡੀਜ਼ਲ ਪੰਪਾਂ ਦੀ ਬਜਾਏ ਸੂਰਜੀ ਊਰਜਾ ਨਾਲ ਚੱਲਣ ਵਾਲੇ ਸਿੰਚਾਈ ਪੰਪਾਂ ਨੂੰ ਵੱਡੇ ਪੱਧਰ 'ਤੇ ਅਪਣਾਉਣ ਨਾਲ ਵੀ ਇਸ ਸਮੇਂ ਮਦਦ ਮਿਲੇਗੀ |
ਤੇਲੰਗਾਨਾ 'ਚ 9,400 ਕਰੋੜ ਦੇ ਵਿਕਾਸ ਪ੍ਰਾਜੈਕਟ ਸ਼ੁਰੂ
ਪ੍ਰਧਾਨ ਮੰਤਰੀ ਵਲੋਂ ਤੇਲੰਗਾਨਾ 'ਚ ਲਗਭਗ 9,400 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਵੀ ਕੀਤਾ ਗਿਆ | ਇਸ ਮੌਕੇ ਤੇਲੰਗਾਨਾ ਦੇ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ, ਮੁੱਖ ਮੰਤਰੀ ਏ. ਰੇਵੰਤ ਰੈਡੀ, ਕੇਂਦਰੀ ਮੰਤਰੀ ਜੀ ਕਿਸ਼ਨ ਰੈਡੀ, ਬੰਦੀ ਸੰਜੇ ਕੁਮਾਰ ਤੇ ਕਈ ਹੋਰ ਨੇਤਾ ਹੈਦਰਾਬਾਦ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਵਿਖੇ ਹਾਜ਼ਰ ਸਨ |
ਪੈਟਰੋਲ, ਡੀਜ਼ਲ ਦੀ ਵਰਤੋਂ ਸੰਜਮ ਨਾਲ ਕਰਨਾ ਸਮੇਂ ਦੀ ਲੋੜ-ਮੋਦੀ
ਅਜੀਤ ਡੈਸਕ
11-05-2026