06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਏਅਰ ਇੰਡੀਆ ਦੀ ਪਹਿਲੀ ਉਡਾਣ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੁੱਜੀ

ਅਜੀਤ ਡੈਸਕ 16-05-2026

ਕੇਂਦਰੀ ਮੰਤਰੀ ਬਿੱਟੂ, ਰਾਜ ਸਭਾ ਮੈਂਬਰ ਸਾਹਨੀ ਤੇ ਗੁਪਤਾ ਪਹਿਲੀ ਉਡਾਣ ਰਾਹੀਂ ਪੁੱਜੇ
ਹਲਵਾਰਾ (ਲੁਧਿਆਣਾ), 15 ਮਈ (ਮਨਦੀਪ ਸਿੰਘ ਉੱਭੀ)-ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕਰਨ ਦਾ ਸੁਪਨਾ ਅੱਜ ਸਾਕਾਰ ਹੋ ਗਿਆ ਹੈ | 15 ਮਈ ਦਾ ਦਿਨ ਇਤਿਹਾਸ ਦੇ ਪੰਨਿਆਂ ਵਿਚ ਦਰਜ ਹੋ ਗਿਆ, ਜਦੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਿੱਲੀ ਤੋਂ ਪਹਿਲੀ ਉਡਾਣ ਏ.ਆਈ. 481 ਸਵੇਰੇ 7:05 ਵਜੇ ਹਲਵਾਰਾ ਹਵਾਈ ਅੱਡੇ 'ਤੇ ਉੱਤਰੀ | ਏਅਰਪੋਰਟ ਅਥਾਰਟੀ ਆਫ਼ ਇੰਡੀਆ ਨੇ ਪਾਣੀ ਦੀਆਂ ਬੁਛਾਰਾਂ ਛਿੜਕ ਕੇ ਜਹਾਜ਼ ਨੂੰ ਸਲਾਮੀ ਦਿੱਤੀ ਅਤੇ ਯਾਤਰੀਆਂ ਦਾ ਗਿੱਧਾ ਅਤੇ ਭੰਗੜਾ ਵਰਗੇ ਪੰਜਾਬੀ ਲੋਕ ਨਾਚਾਂ ਨਾਲ ਸਵਾਗਤ ਕੀਤਾ ਗਿਆ | ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਅਤੇ ਰਜਿੰਦਰ ਗੁਪਤਾ ਭਾਜਪਾ ਲੀਡਰਸ਼ਿਪ ਸਮੇਤ ਪਹਿਲੀ ਉਡਾਣ ਰਾਹੀਂ ਹਲਵਾਰਾ ਪਹੁੰਚੇ ਅਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਇਹੀ ਉਡਾਣ ਨੰਬਰ ਏ.ਆਈ. 482 ਸਵੇਰੇ 7:55 ਵਜੇ ਹਲਵਾਰਾ ਤੋਂ ਦਿੱਲੀ ਲਈ ਰਵਾਨਾ ਹੋਈ | ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਿੱਲੀ ਤੋਂ ਪਹਿਲੀ ਉਡਾਣ ਰਾਹੀਂ 71 ਯਾਤਰੀਆਂ ਨਾਲ ਹਲਵਾਰਾ ਤੋਂ ਦਿੱਲੀ ਪਹੁੰਚੇ, ਜਿਨ੍ਹਾਂ ਵਿਚ ਭਾਜਪਾ ਆਗੂ ਵੀ ਸ਼ਾਮਿਲ ਸਨ | ਬਿੱਟੂ 99 ਯਾਤਰੀਆਂ ਨਾਲ ਹਲਵਾਰਾ ਤੋਂ ਦਿੱਲੀ ਲਈ ਉਸੇ ਉਡਾਣ ਏ.ਆਈ. 483 'ਤੇ ਰਵਾਨਾ ਹੋਏ, ਜਿਸ ਕਾਰਨ ਭਾਜਪਾ ਵਰਕਰ ਉਨ੍ਹਾਂ ਦੇ ਸਵਾਗਤ ਲਈ ਬਾਹਰ ਇੰਤਜ਼ਾਰ ਕਰਨ ਤੋਂ ਬਾਅਦ ਨਿਰਾਸ਼ ਹੋ ਗਏ | ਦੁਪਹਿਰ ਦੀ ਉਡਾਣ ਏ.ਆਈ. 483, ਦਿੱਲੀ ਤੋਂ ਹਲਵਾਰਾ ਤੱਕ 40 ਯਾਤਰੀਆਂ ਨੂੰ ਲੈ ਕੇ ਜਾਵੇਗੀ, ਜਦੋਂਕਿ ਆਖਰੀ ਉਡਾਣ ਏ.ਆਈ. 484 ਹਲਵਾਰਾ ਤੋਂ ਦਿੱਲੀ ਤੱਕ ਸਿਰਫ਼ 20 ਯਾਤਰੀਆਂ ਨੂੰ ਲੈ ਕੇ ਜਾਵੇਗੀ | ਏਅਰ ਇੰਡੀਆ ਹਲਵਾਰਾ ਹਵਾਈ ਅੱਡੇ ਤੋਂ ਰੋਜ਼ਾਨਾ ਦੋ ਉਡਾਣਾਂ ਚਲਾਉਂਦੀ ਹੈ | ਦਿੱਲੀ-ਹਲਵਾਰਾ ਉਡਾਣ 1.15 ਘੰਟਿਆਂ ਵਿਚ ਯਾਤਰਾ ਪੂਰੀ ਕਰੇਗੀ | ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੇ ਅਨੁਸਾਰ ਯਾਤਰੀਆਂ ਨੂੰ ਆਪਣੀ ਉਡਾਣ ਤੋਂ ਘੱਟੋ-ਘੱਟ 90 ਮਿੰਟ ਪਹਿਲਾਂ ਹਵਾਈ ਅੱਡੇ 'ਤੇ ਪਹੁੰਚਣਾ ਚਾਹੀਦਾ ਹੈ | ਕੇਂਦਰੀ ਮੰਤਰੀ ਬਿੱਟੂ ਨਾਲ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਰਜਨੀਸ਼ ਧੀਮਾਨ, ਲੁਧਿਆਣਾ ਦਿਹਾਤੀ ਦੇ ਪ੍ਰਧਾਨ ਸੰਨੀ ਕੈਂਥ, ਜਤਿੰਦਰ ਮਿੱਤਲ, ਪਰਵੀਨ ਬਾਂਸਲ, ਨਰਿੰਦਰ ਮੱਲ੍ਹੀ, ਨਵਲ ਜੈਨ, ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਸੀਨੂ ਚੁੱਘ, ਨੀਨਾ ਟਪਾਰੀਆ, ਰਾਸ਼ੀ ਅਗਰਵਾਲ, ਮੰਕਸ਼ ਕਪੂਰ, ਪਿ੍ਤਪਾਲ ਸਿੰਘ ਬਲੀਏਵਾਲ ਸਪੋਕਸਪਰਸਨ, ਹਰਜਿੰਦਰ ਸਿੰਘ ਢੀਂਡਸਾ, ਗੁਰਦੀਪ ਸਿੰਘ (ਦੋਵੇਂ ਪੀ.ਏ. ਕੇਂਦਰੀ ਮੰਤਰੀ ਬਿੱਟੂ), ਸੀਨੀਅਰ ਬੀ.ਜੇ.ਪੀ. ਆਗੂ ਵਿਪਨ ਸੂਦ ਕਾਕਾ, ਰੁਪਿੰਦਰ ਗੁਜਰਾਲ, ਪਵਨ ਗਰਗ, ਅਸ਼ੀਸ਼ ਗੁਪਤਾ, ਜੀ.ਐੱਚ.ਜੀ. ਖ਼ਾਲਸਾ ਕਾਲਜ ਸੁਧਾਰ ਦੇ ਪ੍ਰਧਾਨ ਮਨਜੀਤ ਸਿੰਘ ਗਿੱਲ, ਏਅਰਪੋਰਟ 'ਤੇ ਡੀ.ਐੱਸ.ਪੀ. ਦਾਖਾ ਕਰਨ ਸਿੰਘ ਸੰਧੂ, ਥਾਣਾ ਸੁਧਾਰ ਮੁਖੀ ਇੰਸਪੈਕਟਰ ਗੁਰਦੀਪ ਸਿੰਘ, ਥਾਣਾ ਜੋਧਾਂ ਮੁਖੀ ਸਾਹਿਬਮੀਤ ਸਿੰਘ ਨੇ ਪੁਲਿਸ ਟੀਮ ਸਮੇਤ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ | ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਵਿਚ ਇੰਦਰਜੀਤ ਸਿੰਘ ਧਾਲੀਵਾਲ ਸੁਧਾਰ, ਇੰਦਰਜੀਤ ਸਿੰਘ ਗਿੱਲ, ਸਰਪੰਚ ਦਵਿੰਦਰ ਸਿੰਘ ਕਹਿਲ ਰੂਪਾਪੱਤੀ, ਪਰਮਜੀਤ ਸਿੰਘ ਟੂਸਾ, ਜਸਪਾਲ ਸ਼ਰਮਾ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ | ਇਸ ਮੌਕੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ 'ਆਪ' 'ਤੇ ਸ਼ਬਦੀ ਤਿੱਖੇ ਹਮਲੇ ਕੀਤੇ ਗਏ ਅਤੇ ਏਅਰਪੋਰਟ ਦੇ ਨਿਰਮਾਣ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰ ਬੰਨਿ੍ਹਆ | ਇਲਾਕੇ ਦੇ ਭਾਜਪਾ ਆਗੂ ਤੇ ਵਰਕਰ ਕੇਂਦਰੀ ਮੰਤਰੀ ਬਿੱਟੂ ਸਵਾਗਤ ਲਈ ਬਾਹਰ ਖੜੇ੍ਹ ਉਡੀਕਦੇ ਰਹਿ ਗਏ, ਜਦਕਿ ਮੰਤਰੀ ਹਵਾਈ ਅੱਡੇ ਦੇ ਅੰਦਰੋਂ ਹੀ ਵਾਪਸ ਚਲੇ ਗਏ | ਕਾਂਗਰਸ ਦੇ ਹਲਕਾ ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਵੀ ਨਹੀਂ ਪਹੁੰਚੇ, ਜਦਕਿ ਹਵਾਈ ਅੱਡੇ ਨੂੰ ਨੇਪਰੇ ਚਾੜ੍ਹਨ ਲਈ ਉਨ੍ਹਾਂ ਦਾ ਵਿਸ਼ੇਸ਼ ਯੋਗਦਾਨ ਰਿਹਾ |

ਪਿਛਲੀ ਖ਼ਬਰ ਨੀਟ ਦੀ ਮੁੜ ਪ੍ਰੀਖਿਆ 21 ਜੂਨ ਨੂੰ ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਵਲੋਂ ਜ਼ੀਰਕਪੁਰ ਦੀਆਂ ਸੜਕਾਂ 'ਤੇ ਰੋਸ ਮਾਰਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।