ਨਵੀਂ ਦਿੱਲੀ, 17 ਮਈ (ਜਗਤਾਰ ਸਿੰਘ)-ਨੀਟ ਯੂ.ਜੀ. ਪੇਪਰ ਲੀਕ ਮਾਮਲੇ 'ਚ ਦਿੱਲੀ ਦੀ ਰਾਊਜ਼ ਐਵਨਿਊ ਕੋਰਟ ਨੇ ਮੁੱਖ ਮੁਲਜ਼ਮਾਂ 'ਚੋਂ ਇਕ ਪ੍ਰੋਫੈਸਰ ਮਨੀਸ਼ਾ ਗੁਰੂਨਾਥ ਮੰਧਾਰੇ ਨੂੰ ਅਗਲੇ 14 ਦਿਨਾਂ ਲਈ ਸੀ.ਬੀ.ਆਈ. ਦੀ ਹਿਰਾਸਤ 'ਚ ਭੇਜ ਦਿੱਤਾ ਹੈ | ਸੀ.ਬੀ.ਆਈ. ਨੇ ਅਦਾਲਤ 'ਚ ਦਲੀਲ ਦਿੱਤੀ ਕਿ ਪੇਪਰ ਲੀਕ ਦੇ ਇਸ ਵੱਡੇ ਨੈਟਵਰਕ ਤੇ ਇਸ ਪਿੱਛੇ ਲੁਕੇ ਮੁੱਖ ਸਾਜਿਸ਼ਘਾੜਿਆਂ ਦਾ ਪਰਦਾਫਾਸ਼ ਕਰਨ ਲਈ ਮੁਲਜ਼ਮ ਤੋਂ ਡੂੰਘੀ ਪੁੱਛਗਿੱਛ ਦੀ ਬੇਹੱਦ ਲੋੜ ਹੈ, ਜਿਸ ਨੂੰ ਸਵੀਕਾਰ ਕਰਦੇ ਹੋਏ ਅਦਾਲਤ ਨੇ 2 ਹਫ਼ਤਿਆਂ ਦੀ ਹਿਰਾਸਤ ਦੀ ਮਨਜ਼ੂਰੀ ਦਿੱਤੀ | ਦੱਸਣਯੋਗ ਹੈ ਕਿ ਪੁਣੇ ਦੀ ਇਕ ਯੂਨੀਵਰਸਿਟੀ 'ਚ ਪ੍ਰੋਫੈਸਰ ਮਨੀਸ਼ਾ ਮੰਧਾਰੇ ਨੂੰ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਦੁਆਰਾ ਪ੍ਰੀਖਿਆ ਪ੍ਰਕਿਰਿਆ ਲਈ ਮਾਹਿਰ ਨਿਯੁਕਤ ਕੀਤਾ ਗਿਆ ਸੀ | ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੰਧਾਰੇ ਕੋਲ ਨੀਟ ਯੂ.ਜੀ. ਪ੍ਰੀਖਿਆ ਦੇ ਕੁਝ ਸੈਕਸ਼ਨ ਦੇ ਪ੍ਰਸ਼ਨ ਪੱਤਰਾਂ ਤੱਕ ਸਿੱਧੀ ਪਹੁੰਚ ਸੀ | ਸੀ. ਬੀ. ਆਈ. ਦਾ ਦੋਸ਼ ਹੈ ਕਿ ਪ੍ਰੋ. ਮੰਧਾਨੇ ਨੇ ਇਸ ਬੇਹੱਦ ਗੁਪਤ ਜਾਣਕਾਰੀ ਨੂੰ ਲੀਕ ਕੀਤਾ ਤੇ ਇਸ ਨੂੰ ਮੁੱਖ ਮੁਲਜ਼ਮ ਪੀ.ਵੀ. ਕੁਲਕਰਨੀ ਤਕ ਪਹੁੰਚਾਇਆ ¢