ਸੰਦੀਪ ਕੁਮਾਰ ਮਾਹਨਾ
ਚੰਡੀਗੜ੍ਹ, 18 ਮਈਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮਾਰਚ 2026 ਦੇ ਐਲਾਨੇ ਗਏ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਨੇ ਪੰਜਾਬੀ ਵਿਸ਼ੇ ਦੀ ਮੌਜੂਦਾ ਹਕੀਕਤ ਨੂੰ ਇਕ ਵਾਰ ਫ਼ਿਰ ਸਾਹਮਣੇ ਲਿਆ ਖੜ੍ਹਾ ਕੀਤਾ ਹੈ | ਇਨ੍ਹਾਂ ਨਤੀਜਿਆਂ 'ਚ ਦਸਵੀਂ ਅਤੇ ਬਾਰ੍ਹਵੀਂ ਦੋਵਾਂ ਜਮਾਤਾਂ 'ਚ ਪੰਜਾਬੀ ਵਿਸ਼ੇ 'ਚ ਅਸਫ਼ਲ ਰਹਿਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਨੇ ਸਿੱਖਿਆ ਪ੍ਰਣਾਲੀ ਦੇ ਨਾਲ-ਨਾਲ ਸਮਾਜਿਕ ਰੁਝਾਨਾਂ 'ਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ | ਅੰਕੜਿਆਂ ਅਨੁਸਾਰ ਦਸਵੀਂ ਜਮਾਤ ਦੀ ਪ੍ਰੀਖਿਆ 'ਚ ਕੁੱਲ 2.84 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ 'ਚੋਂ 1,859 ਵਿਦਿਆਰਥੀ ਪੰਜਾਬੀ ਵਿਸ਼ੇ 'ਚ ਫ਼ੇਲ੍ਹ ਰਹੇ | ਇਹ ਗਿਣਤੀ ਭਾਵੇਂ ਫ਼ੀਸਦੀ ਦੇ ਹਿਸਾਬ ਨਾਲ ਘੱਟ ਲਗਦੀ ਹੈ, ਪਰ ਪਿਛਲੇ ਕੁਝ ਸਾਲਾਂ ਤੋਂ ਇਸ 'ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ | ਬਾਰ੍ਹਵੀਂ ਜਮਾਤ ਦੇ ਨਤੀਜਿਆਂ 'ਚ ਵੀ ਪੰਜਾਬੀ ਵਿਸ਼ੇ ਦੀ ਸਥਿਤੀ ਵੱਡੀ ਚੁਣੌਤੀ ਵਜੋਂ ਸਾਹਮਣੇ ਆਈ ਹੈ | ਕੁੱਲ 2,65,040 ਵਿਦਿਆਰਥੀਆਂ 'ਚੋਂ 3,791 ਵਿਦਿਆਰਥੀ ਪੰਜਾਬੀ ਵਿਸ਼ੇ 'ਚ ਅਸਫ਼ਲ ਰਹੇ ਹਨ, ਜਦਕਿ ਪਾਸ ਫ਼ੀਸਦੀ 98.56 ਫ਼ੀਸਦੀ ਦਰਜ ਕੀਤਾ ਗਿਆ | ਇਸ ਦੇ ਬਾਵਜੂਦ ਫ਼ੇਲ੍ਹ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਨੇ ਮਾਂ-ਬੋਲੀ ਪ੍ਰਤੀ ਰੁਚੀ 'ਤੇ ਸਵਾਲ ਖੜ੍ਹੇ ਕੀਤੇ ਹਨ | ਏ.ਐਸ.ਈ.ਆਰ. 2024 ਦੀ ਰਿਪੋਰਟ ਅਨੁਸਾਰ ਪੰਜਾਬ ਵਿਚ ਬੁਨਿਆਦੀ ਸਿੱਖਿਆ ਦੇ ਪੱਧਰ 'ਤੇ ਵੀ ਪੰਜਾਬੀ ਭਾਸ਼ਾ ਦੀ ਸਥਿਤੀ ਕਮਜ਼ੋਰ ਦਿਖਾਈ ਦੇ ਰਹੀ ਹੈ | ਰਿਪੋਰਟ ਮੁਤਾਬਕ ਪੰਜਵੀਂ ਜਮਾਤ ਦੇ ਸਿਰਫ 48 ਫ਼ੀਸਦੀ ਬੱਚੇ ਹੀ ਦੂਜੀ ਜਮਾਤ ਦੀ ਪੰਜਾਬੀ ਕਿਤਾਬ ਠੀਕ ਤਰੀਕੇ ਨਾਲ ਪੜ੍ਹ ਸਕਦੇ ਹਨ, ਜਦਕਿ 2018 ਵਿਚ ਇਹ ਅੰਕੜਾ 62 ਫ਼ੀਸਦੀ ਸੀ | ਇਹ ਗਿਰਾਵਟ ਸਿੱਖਿਆ ਪ੍ਰਣਾਲੀ ਲਈ ਵੱਡਾ ਸੰਕੇਤ ਮੰਨੀ ਜਾ ਰਹੀ ਹੈ | ਉੱਚ ਸਿੱਖਿਆ 'ਚ ਵੀ ਪੰਜਾਬੀ ਵਿਸ਼ੇ ਦੀ ਸਥਿਤੀ ਬੇਹੱਦ ਚਿੰਤਾਜਨਕ ਹੈ | ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਐਮ.ਏ. ਪੰਜਾਬੀ ਦੀਆਂ 120 ਸੀਟਾਂ 'ਚੋਂ ਸਿਰਫ਼ 42 ਸੀਟਾਂ ਹੀ ਭਰੀਆਂ ਗਈਆਂ, ਜਦਕਿ ਵੱਡੀ ਗਿਣਤੀ ਸੀਟਾਂ ਖ਼ਾਲੀ ਰਹੀਆਂ | ਇਸ ਤੋਂ ਇਲਾਵਾ ਕਈ ਕਾਲਜਾਂ ਵਲੋਂ 21 ਪੰਜਾਬੀ ਆਨਰਜ਼ ਕੋਰਸ ਵੀ ਪਿਛਲੇ ਕੁਝ ਸਾਲਾਂ 'ਚ ਬੰਦ ਕੀਤੇ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ | ਪੰਜਾਬੀ ਭਾਸ਼ਾ ਦੀ ਘਟਦੀ ਰੁਚੀ ਦਾ ਇਕ ਵੱਡਾ ਕਾਰਨ ਰੁਜ਼ਗਾਰ ਨਾਲ ਕਮਜ਼ੋਰ ਜੋੜ ਅਤੇ ਡਿਜੀਟਲ ਮੀਡੀਆ 'ਤੇ ਘੱਟ ਮੌਜੂਦਗੀ ਹੈ | ਅੰਤਰਰਾਸ਼ਟਰੀ ਰਿਪੋਰਟਾਂ ਅਨੁਸਾਰ ਇੰਟਰਨੈੱਟ 'ਤੇ ਭਾਰਤੀ ਭਾਸ਼ਾਵਾਂ ਦਾ ਹਿੱਸਾ ਬਹੁਤ ਘੱਟ ਹੈ, ਜਿਸ ਦਾ ਸਿੱਧਾ ਅਸਰ ਮਾਂ-ਬੋਲੀ ਦੀ ਵਰਤੋਂ ਅਤੇ ਪ੍ਰਸਾਰ 'ਤੇ ਪੈ ਰਿਹਾ ਹੈ | ਸਕੂਲੀ ਨਤੀਜਿਆਂ ਤੋਂ ਲੈ ਕੇ ਉੱਚ ਸਿੱਖਿਆ ਤੱਕ ਸਾਹਮਣੇ ਆ ਰਹੇ ਅੰਕੜੇ ਇਹ ਸਪਸ਼ਟ ਕਰਦੇ ਹਨ ਕਿ ਪੰਜਾਬੀ ਭਾਸ਼ਾ ਦੀ ਸਥਿਤੀ ਗੰਭੀਰ ਮੋੜ 'ਤੇ ਹੈ | ਜੇਕਰ ਸਮੇਂ ਸਿਰ ਠੋਸ ਕਦਮ ਨਾ ਚੁੱਕੇ ਗਏ ਤਾਂ ਮਾਂ-ਬੋਲੀ ਪ੍ਰਤੀ ਇਹ ਦੂਰੀ ਆਉਣ ਵਾਲੇ ਸਮੇਂ 'ਚ ਹੋਰ ਵਧ ਸਕਦੀ ਹੈ, ਜੋ ਪੰਜਾਬ ਦੀ ਸੱਭਿਆਚਾਰਕ ਪਹਿਚਾਣ ਲਈ ਵੱਡੀ ਚੁਣੌਤੀ ਹੋਵੇਗੀ |
ਮਾਂ-ਬੋਲੀ ਪੰਜਾਬੀ ਭਾਸ਼ਾ ਦੀ ਸਥਿਤੀ ਬੇਹੱਦ ਚਿੰਤਾਜਨਕ-ਸਕੂਲੀ ਤੇ ਉੱਚ ਸਿੱਖਿਆ 'ਚ ਨਤੀਜਿਆਂ ਨੇ ਖੜ੍ਹੇ ਕੀਤੇ ਗੰਭੀਰ ਸਵਾਲ <br/>
ਅਜੀਤ ਡੈਸਕ
19-05-2026