26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਪੰਜਾਬ ਸਰਕਾਰ ਨੇ ਨਿੱਜੀ ਸਕੂਲਾਂ ਵਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ <br/>

ਅਜੀਤ ਡੈਸਕ 04-06-2026

ਚੰਡੀਗੜ੍ਹ, 3 ਜੂਨ (ਹਰਕਵਲਜੀਤ ਸਿੰਘ)-ਪੰਜਾਬ 'ਚ ਨਿੱਜੀ ਸਕੂਲਾਂ ਵਲੋਂ ਮਨਮਰਜ਼ੀ ਨਾਲ ਫ਼ੀਸਾਂ ਵਧਾਉਣ 'ਤੇ ਰੋਕ ਲਗਾਉਣ ਲਈ ਵਿਧਾਨ ਸਭਾ ਦੇ ਅਗਲੇ ਇਜਲਾਸ 'ਚ ਕਾਨੂੰਨ ਲਿਆਂਦਾ ਜਾਵੇਗਾ | ਇਸ ਸੰਬੰਧੀ ਐਲਾਨ ਮੁੱਖ ਮੰਤਰੀ ਵਲੋਂ ਅੱਜ ਇਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਕੀਤਾ ਗਿਆ | ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੀਤੇ ਦਿਨੀਂ ਵਧੀ ਫੀਸ ਜਮ੍ਹਾਂ ਕਰਵਾਉਣ ਲਈ ਅੰਮਿ੍ਤਸਰ ਦੀ ਇਕ ਸਕੂਲੀ ਵਿਦਿਆਰਥਣ ਨੂੰ ਜਿਵੇਂ ਸਕੂਲ 'ਚ ਜ਼ਲੀਲ ਕੀਤਾ ਗਿਆ, ਉਸ 'ਤੇ ਡੰੂਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਨਿੱਜੀ ਸਕੂਲਾਂ ਦੀ ਫੀਸਾਂ ਚਾਰਜ ਕਰਨ ਸੰਬੰਧੀ ਮਨਮਾਨੀ ਨਹੀਂ ਚੱਲ ਸਕੇਗੀ ਅਤੇ ਸਰਕਾਰ ਵਲੋਂ ਫੈਸਲਾ ਲਿਆ ਗਿਆ ਹੈ ਕਿ ਹੁਣ ਨਿੱਜੀ ਸਕੂਲ ਟਿਊਸ਼ਨ ਫੀਸ ਅਤੇ ਦੂਜੇ ਖਰਚਿਆਂ ਜਿਨ੍ਹਾਂ 'ਚ ਟਰਾਂਸਪੋਰਟ, ਕਿਤਾਬਾਂ ਤੇ ਵਰਦੀ ਆਦਿ ਦੇ ਖਰਚੇ ਹਨ, ਵਿਚ ਸਾਲਾਨਾ 5 ਫ਼ੀਸਦੀ ਤੋਂ ਵੱਧ ਵਾਧਾ ਨਹੀਂ ਕਰ ਸਕਣਗੇ | ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪੰਜਾਬ ਵਿਚ ਸਾਲਾਨਾ 8 ਫ਼ੀਸਦੀ ਵੱਧ ਫੀਸਾਂ ਵਧਾਉਣ 'ਤੇ ਰੋਕ ਸੀ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਇਸ ਫੈਸਲੇ ਨੂੰ ਰੱਦ ਕਰਦਿਆਂ ਨਿੱਜੀ ਸਕੂਲਾਂ ਨੂੰ ਫੀਸਾਂ ਵਧਾਉਣ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ ਸੀ | ਉਨ੍ਹਾਂ ਕਿਹਾ ਕਿ 86 ਤੋਂ 87 ਫ਼ੀਸਦੀ ਨੰਬਰ ਲੈਣ ਵਾਲੀ ਹੋਣਹਾਰ ਲੜਕੀ ਸਕੂਲ ਮਾਫ਼ੀਆ ਦਾ ਸ਼ਿਕਾਰ ਹੋਈ, ਇਹ ਵੱਡੇ ਦੁੱਖ ਵਾਲੀ ਗੱਲ ਹੈ | ਮੁੱਖ ਮੰਤਰੀ ਨੇ ਦੱਸਿਆ ਕਿ ਸਾਡੀ ਸਰਕਾਰ ਵਲੋਂ ਦਿੱਲੀ ਵਿਖੇ ਨਿੱਜੀ ਸਕੂਲਾਂ ਦੀ ਲੁੱਟ ਖ਼ਤਮ ਕਰਨ ਲਈ ਸਖ਼ਤ ਕਾਨੂੰਨ ਲਾਗੂ ਕੀਤਾ ਸੀ, ਪ੍ਰੰਤੂ ਉਥੇ ਭਾਜਪਾ ਸਰਕਾਰ ਆਉਣ ਤੋਂ ਬਾਅਦ ਉਸ ਕਾਨੂੰਨ 'ਤੇ ਅਮਲ ਖ਼ਤਮ ਹੋ ਗਿਆ ਹੈ | ਪ੍ਰੰਤੂ ਮੁੱਖ ਮੰਤਰੀ ਨੇ ਦੱਸਿਆ ਕਿ ਸਿੱਖਿਆ ਖੇਤਰ ਦੇ ਮਾਹਿਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਸਰਕਾਰ ਵਿਧਾਨ ਸਭਾ ਦੇ ਅਗਲੇ ਇਜਲਾਸ ਦੌਰਾਨ ਸਖ਼ਤ ਕਾਨੂੰਨ ਪੇਸ਼ ਕਰੇਗੀ ਤਾਂ ਜੋ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੀ ਨਿੱਜੀ ਸਕੂਲਾਂ ਰਾਹੀ ਲੁੱਟ 'ਤੇ ਵਿਰਾਮ ਲਗਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਸਰਕਾਰ ਵਿਧਾਨ ਸਭਾ ਇਜਲਾਸ ਤੋਂ ਪਹਿਲਾਂ ਇਸ ਸੰਬੰਧੀ ਬਿੱਲ ਵੀ ਲਿਆ ਸਕਦੀ ਹੈ | ਮੁੱਖ ਮੰਤਰੀ ਨੇ ਕਿਹਾ ਕਿ ਇਹ ਕਾਨੂੰਨ ਸੂਬੇ ਦੀ ਹੱਦਬੰਦੀ ਵਿਚਲੇ ਸਾਰੇ ਸਕੂਲਾਂ 'ਤੇ ਲਾਗੂ ਹੋਵੇਗਾ ਅਤੇ ਕਾਨੂੰਨ 'ਤੇ ਅਮਲ ਨਾ ਕਰਨ ਵਾਲੇ ਸਕੂਲ ਨੂੰ ਪਹਿਲੀ ਵਾਰ ਜੁਰਮਾਨਾ ਅਤੇ ਦੂਜੀ ਵਾਰ ਮਾਨਤਾ ਵੀ ਰੱਦ ਹੋ ਸਕੇਗੀ | ਉਨ੍ਹਾਂ ਕਿਹਾ ਇਸ ਸੰਬੰਧੀ ਪਹਿਲਾਂ ਤੋਂ ਹੀ ਬਣੇ ਹੋਏ ਕਾਨੂੰਨ ਦੀ 'ਪੰਜਾਬ ਰੈਗੂਲੇਸ਼ਨ ਆਫ਼ ਫ਼ੀਸ ਆਫ਼ ਅਨਏਡਿਡ ਸਕੂਲਜ਼ 2016' ਸੋਧਾਂ ਨਾਲ ਲਾਗੂ ਹੋਵੇਗਾ | ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਮਗਰਲੇ 3 ਸਾਲਾਂ ਦੌਰਾਨ ਜਿਨ੍ਹਾਂ ਨਿੱਜੀ ਸਕੂਲਾਂ ਵਲੋਂ ਫ਼ੀਸਾਂ 'ਚ 5 ਫ਼ੀਸਦੀ ਤੋਂ ਵੱਧ ਵਾਧੇ ਕੀਤੇ ਗਏ ਹਨ ਜਾਂ ਕੋਈ ਫ਼ਾਲਤੂ ਫ਼ੰਡ ਲਏ ਗਏ ਹਨ, ਉਨ੍ਹਾਂ ਨੂੰ ਉਕਤ ਪੈਸਾ ਵਾਪਸ ਕਰਨਾ ਪਵੇਗਾ ਨਹੀਂ ਤਾਂ ਉਨ੍ਹਾਂ 'ਤੇ ਕਾਰਵਾਈ ਹੋਵੇਗੀ | ਪੰਜਾਬ ਭਾਜਪਾ ਪ੍ਰਧਾਨ ਦੇ ਨਵੇਂ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਜਿਨ੍ਹਾਂ ਅੱਜ ਆਪਣੇ ਅਹੁਦੇ ਦਾ ਚਾਰਜ ਸੰਭਾਲਿਆ ਸੰਬੰਧੀ ਪੁੱਛੇ ਜਾਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਨਹੀਂ ਸਮਝਦਾ ਕਿ ਉਹ ਕੋਈ ਕੋਸ਼ਿਸ਼ ਕਰਨ ਦੀ ਸਮਰੱਥਾ ਰੱਖਦੇ ਹਨ | ਮੇਰੇ ਤੋਂ ਉਹ ਦੋ ਵਾਰ ਚੋਣ ਹਾਰ ਵੀ ਚੁੱਕੇ ਹਨ | ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਬਾਰੇ ਕਿਹਾ ਕਿ ਉਨ੍ਹਾਂ ਨੂੰ ਹੁਣ ਜਦੋਂ ਦੁਬਾਰਾ ਰਾਜ ਸਭਾ ਦੀ ਸੀਟ ਨਹੀਂ ਮਿਲੀ ਤਾਂ ਉਹ ਕਹਿ ਰਹੇ ਹਨ ਕਿ ਦਿੱਲੀ ਤਾਂ ਬਹੁਤ ਸਮਾਂ ਹੋ ਗਿਆ, ਹੁਣ ਉਹ ਵਿਧਾਨ ਸਭਾ ਚੋਣ ਲੜਨਾ ਚਾਹੁਣਗੇ |

ਪਿਛਲੀ ਖ਼ਬਰ ਦੋਫਾੜ ਹੋਈ ਤਿ੍ਣਮੂਲ ਕਾਂਗਰਸ-58 ਵਿਧਾਇਕਾਂ ਨੇ ਵੱਖਰਾ ਧੜਾ ਬਣਾਇਆ <br/> ਅਗਲੀ ਖ਼ਬਰ ਕੁਵੈਤ ਹਵਾਈ ਅੱਡੇ 'ਤੇ ਹਮਲੇ 'ਚ ਭਾਰਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।