ਸੰਗਠਨ ਦੇ ਸਿਪਾਹੀ ਤੋਂ ਸੰਸਦ ਤੱਕ <br/>
ਅਜੀਤ ਡੈਸਕ
05-06-2026
ਚੰਡੀਗੜ੍ਹ, 4 ਜੂਨ-ਰਾਸ਼ਟਰੀ ਸਵੈਸੇਵਕ ਸੰਘ (ਆਰ.ਐਸ.ਐਸ.) ਅਤੇ ਭਾਜਪਾ ਦੀ ਵਿਚਾਰਧਾਰਾ ਨਾਲ ਬਚਪਨ ਤੋਂ ਜੁੜੇ ਤਰੁਣ ਚੁੱਘ ਨੂੰ ਮੱਧ ਪ੍ਰਦੇਸ਼ ਤੋਂ ਰਾਜ ਸਭਾ ਲਈ ਉਮੀਦਵਾਰ ਬਣਾਏ ਜਾਣ ਨੂੰ ਪਾਰਟੀ 'ਚ ਕਾਰਕੁਨਾਂ ਦੇ ਸਨਮਾਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ | ਸੰਗਠਨ ਦੇ ਹਰ ਪੱਧਰ 'ਤੇ ਕੰਮ ਕਰਨ ਤੋਂ ਬਾਅਦ ਕੌਮੀ ਜਨਰਲ ਸਕੱਤਰ ਬਣੇ ਚੁੱਘ ਹੁਣ ਸੰਸਦ 'ਚ ਪਾਰਟੀ ਦੀ ਨੁਮਾਇੰਦਗੀ ਕਰਨਗੇ | ਉਨ੍ਹਾਂ ਦੀ ਉਮੀਦਵਾਰੀ ਨੂੰ ਭਾਜਪਾ ਵਲੋਂ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਵਰਕਰਾਂ ਲਈ ਇਕ ਵੱਡੇ ਸੰਦੇਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ ਕਿ ਪਾਰਟੀ ਵਿਚ ਮਿਹਨਤ, ਸਮਰਪਣ ਅਤੇ ਸੰਗਠਨ ਪ੍ਰਤੀ ਵਫ਼ਾਦਾਰੀ ਨੂੰ ਯੋਗ ਸਨਮਾਨ ਨਾਲ ਨਿਵਾਜਿਆ ਜਾਂਦਾ ਹੈ | ਅੰਮਿ੍ਤਸਰ ਦੇ ਨਮਕ ਮੰਡੀ ਇਲਾਕੇ ਨਾਲ ਸੰਬੰਧਿਤ ਤਰੁਣ ਚੁੱਘ ਬਚਪਨ ਤੋਂ ਹੀ ਰਾਸ਼ਟਰੀ ਸਵੈ ਸੇਵਕ ਸੰਘ ਨਾਲ ਜੁੜੇ ਰਹੇ ਹਨ | ਉਨ੍ਹਾਂ ਦਾ ਪਰਿਵਾਰ ਵੀ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਸੰਘ ਦੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਹੈ | ਵਿਦਿਆਰਥੀ ਜੀਵਨ ਦੌਰਾਨ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏ.ਬੀ.ਵੀ.ਪੀ.) ਰਾਹੀਂ ਸਰਗਰਮ ਰਾਜਨੀਤੀ ਵਿਚ ਆਏ ਤਰੁਣ ਚੁੱਘ ਨੇ 1989 'ਚ ਭਾਜਪਾ ਦੇ ਬੂਥ ਇੰਚਾਰਜ ਵਜੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ | ਸੰਗਠਨ ਵਿਚ ਲਗਾਤਾਰ ਕੰਮ ਕਰਦੇ ਹੋਏ ਉਹ 1993 'ਚ ਜ਼ਿਲ੍ਹਾ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਬਣੇ | ਇਸ ਤੋਂ ਬਾਅਦ 1997 'ਚ ਪੰਜਾਬ ਭਾਜਪਾ ਯੁਵਾ ਮੋਰਚਾ ਦੀ ਕਮਾਨ ਸੰਭਾਲੀ | 2003 ਵਿਚ ਜ਼ਿਲ੍ਹਾ ਭਾਜਪਾ ਉਪ ਪ੍ਰਧਾਨ, 2008 ਵਿਚ ਪੰਜਾਬ ਭਾਜਪਾ ਦੇ ਸੂਬਾ ਸਕੱਤਰ, 2012 ਵਿਚ ਸੂਬਾ ਜਨਰਲ ਸਕੱਤਰ ਅਤੇ 2014 ਵਿਚ ਭਾਜਪਾ ਦੇ ਕੌਮੀ ਸਕੱਤਰ ਵਜੋਂ ਉਨ੍ਹਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਤਤਕਾਲੀਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਅਗਵਾਈ ਹੇਠ ਤਰੁਣ ਚੁੱਘ ਨੂੰ ਕੌਮੀ ਸਕੱਤਰ ਬਣਾਇਆ ਗਿਆ, ਜਦਕਿ ਜਗਤ ਪ੍ਰਕਾਸ਼ ਨੱਢਾ ਦੀ ਪ੍ਰਧਾਨਗੀ ਦੌਰਾਨ ਉਨ੍ਹਾਂ ਨੂੰ ਪਾਰਟੀ ਦਾ ਕੌਮੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਨੇ ਜੰਮੂ-ਕਸ਼ਮੀਰ, ਲੱਦਾਖ, ਤੇਲੰਗਾਨਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਅੰਡੇਮਾਨ-ਨਿਕੋਬਾਰ ਸਮੇਤ ਕਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਅਹਿਮ ਭੂਮਿਕਾ ਨਿਭਾਈ |