25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਫਿਰੋਜ਼ਪੁਰ ਜ਼ਿਲ੍ਹੇ 'ਚ ਭਿਆਨਕ ਸੜਕ ਹਾਦਸਾ-9 ਮੌਤਾਂ <br/>

ਅਜੀਤ ਡੈਸਕ 07-06-2026

• 15 ਜ਼ਖ਼ਮੀ, 3 ਦੀ ਹਾਲਤ ਅਤਿ ਨਾਜ਼ੁਕ • ਪਿੱਕਅਪ ਗੱਡੀ 'ਚ ਸਵਾਰ ਸਨ 30 ਜਣੇ • ਮਿ੍ਤਕ ਰਿਸ਼ਤੇਦਾਰ ਦੇ ਫੁੱਲ ਪ੍ਰਵਾਹ ਕਰਨ ਲਈ ਬਿਆਸ ਜਾ ਰਹੇ ਸਨ
ਮਮਦੋਟ (ਫ਼ਿਰੋਜ਼ਪੁਰ), 6 ਜੂਨ (ਰਾਜਿੰਦਰ ਸਿੰਘ ਹਾਂਡਾ/ਸੁਖਦੇਵ ਸਿੰਘ ਸੰਗਮ)-ਬੰਦੇ ਖਾਣੀ ਸੜਕ ਵਜੋਂ ਜਾਣੇ ਜਾਂਦੇ ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ 'ਤੇ ਅੱਜ ਫਿਰ ਭਿਆਨਕ ਸੜਕ ਹਾਦਸਾ ਵਾਪਰ ਗਿਆ | ਅੱਜ ਸਵੇਰੇ 5:40 ਵਜੇ ਹੁਸੈਨਸ਼ਾਹ ਵਾਲਾ ਦੇ ਕੋਲ 30 ਸਵਾਰੀਆਂ ਨਾਲ ਭਰੀ ਹੋਈ ਮਹਿੰਦਰਾ ਪਿੱਕਅਪ ਗੱਡੀ ਪੀ.ਬੀ.13 ਏ.ਆਰ.5709 ਦੀ ਸਾਹਮਣੇ ਤੋਂ ਆ ਰਹੇ ਘੋੜੇ ਟਰਾਲੇ ਪੀ.ਬੀ.46 ਐਮ. 9936 ਨਾਲ ਜ਼ਬਰਦਸਤ ਟੱਕਰ ਹੋ ਗਈ | ਹਾਦਸੇ 'ਚ ਪਿੱਕਅਪ ਗੱਡੀ 'ਚ ਸਵਾਰ 4 ਜਣਿਆਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ 5 ਜਣੇ ਹੋਰ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਦਮ ਤੋੜ ਗਏ, 15 ਜ਼ਖਮੀਆਂ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਭੇਜ ਦਿੱਤਾ ਗਿਆ ਹੈ, ਜਿਨ੍ਹਾਂ ਵਿਚੋਂ ਤਿੰਨ ਦੀ ਹਾਲਤ ਅਤਿ ਨਾਜ਼ੁਕ ਦੱਸੀ ਜਾ ਰਹੀ ਹੈ, ਜਦੋਂ ਕਿ 3 ਮਾਮੂਲੀ ਜ਼ਖ਼ਮੀਆਂ ਨੂੰ ਮੱਲ੍ਹਮ ਪੱਟੀ ਕਰਨ ਉਪਰੰਤ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ | ਜਾਣਕਾਰੀ ਮੁਤਾਬਿਕ ਜਲਾਲਾਬਾਦ ਪੱਛਮੀ ਤੋਂ 30 ਜਣੇ ਪਿੱਕਅਪ ਗੱਡੀ ਵਿਚ ਸਵਾਰ ਹੋ ਕੇ ਮਿ੍ਤਕ ਔਰਤ ਦੇ ਫੁੱਲ ਪ੍ਰਵਾਹ ਕਰਨ ਲਈ ਡੇਰਾ ਬਿਆਸ ਨੂੰ ਰਵਾਨਾ ਹੋਏ ਸਨ, ਜੋ ਪਿੰਡ ਹੁਸੈਨਸ਼ਾਹ ਵਾਲਾ ਕੋਲ ਹਾਦਸੇ ਦਾ ਸ਼ਿਕਾਰ ਹੋ ਗਏ | ਪ੍ਰਤੱਖ ਦਰਸ਼ੀਆਂ ਅਨੁਸਾਰ ਮਹਿੰਦਰਾ ਪਿੱਕਅਪ ਦੇ ਉਪਰ ਛੱਤ ਬਣਾ ਕੇ ਉਸ ਉੱਪਰ ਵੀ ਸਵਾਰੀਆਂ ਬੈਠੀਆਂ ਹੋਈਆਂ ਸਨ | ਜਿਵੇਂ ਹੀ ਘੋੜੇ ਟਰਾਲੇ ਨਾਲ ਟੱਕਰ ਹੋਈ ਉਪਰਲੀ ਛੱਤ 'ਤੇ ਬੈਠੀਆਂ ਸਵਾਰੀਆਂ ਉਛਲ ਕੇ ਘੋੜੇ ਟਰਾਲੇ ਦਾ ਸਾਹਮਣੇ ਵਾਲਾ ਸ਼ੀਸ਼ਾ ਤੋੜ ਕੇ ਟਰਾਲੇ ਦੇ ਕੈਬਿਨ 'ਚ ਧਸ ਗਈਆਂ ਤੇ ਕੁਝ ਕੈਬਿਨ ਦੇ ਨਾਲ ਟਕਰਾਅ ਗਈਆਂ, ਜਿਨ੍ਹਾਂ ਵਿਚੋਂ ਬਹੁਤਿਆਂ ਦੀ ਮੌਤ ਹੋ ਗਈ | ਹਾਦਸੇ ਦਾ ਪਤਾ ਚੱਲਦਿਆਂ ਹੀ ਸੜਕ ਸੁਰੱਖਿਆ ਫੋਰਸ ਅਤੇ ਥਾਣਾ ਮਮਦੋਟ ਦੀ ਪੁਲਿਸ ਮੌਕੇ 'ਤੇ ਪਹੁੰਚੀ | ਜਿਨ੍ਹਾਂ ਵਲੋਂ 5 ਐਂਬੂਲੈਂਸਾਂ ਬੁਲਾ ਕੇ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਪਹੁੰਚਾਇਆ ਗਿਆ | ਉਧਰ ਹਾਦਸੇ ਦਾ ਪਤਾ ਚੱਲਣ 'ਤੇ ਐਸ. ਐਸ. ਪੀ. ਫ਼ਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਅਤੇ ਡੀ.ਐਸ.ਪੀ. ਦਿਹਾਤੀ ਕਰਨ ਸ਼ਰਮਾ ਵੀ ਮੌਕੇ 'ਤੇ ਪਹੁੰਚੇ, ਜਿਨ੍ਹਾਂ ਵਲੋਂ ਹਾਦਸੇ ਵਾਲੇ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਚਾਲੂ ਕਰਵਾਈ ਗਈ ਅਤੇ ਮਿ੍ਤਕ ਦੇਹਾਂ ਨੂੰ ਸਿਵਲ ਹਸਪਤਾਲ ਫ਼ਿਰੋਜ਼ਪੁਰ ਪਹੁੰਚਾਇਆ ਗਿਆ |

ਪਿਛਲੀ ਖ਼ਬਰ ਸਿੱਖ ਕੌਮ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਸੰਦੇਸ਼ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਦੀ ਰਹੇਗੀ-ਗਿਆਨੀ ਹਰਨਾਮ ਸਿੰਘ... ਅਗਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।