'ਅਕਾਲੀ ਸੀ, ਅਕਾਲੀ ਹਾਂ, ਅਕਾਲੀ ਰਹਾਂਗਾ'-ਇਆਲੀ
ਚੰਡੀਗੜ੍ਹ, 9 ਜੂਨ (ਪੋ੍ਰ. ਅਵਤਾਰ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ 'ਅਕਾਲੀ ਦਲ ਵਾਰਿਸ ਪੰਜਾਬ ਦੇ' ਵਿਚ ਸ਼ਾਮਿਲ ਹੋ ਗਏ ਹਨ | ਸਥਾਨਕ ਪ੍ਰੈੱਸ ਕਲੱਬ ਵਿਖੇ ਰੱਖੇ ਸਮਾਗਮ ਦੌਰਾਨ ਭਾਈ ਅੰਮਿ੍ਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਅਤੇ ਫ਼ਰੀਦਕੋਟ ਤੋਂ ਲੋਕ ਸਭਾ ਮੈਂਬਰ ਭਾਈ ਸਰਬਜੀਤ ਸਿੰਘ ਖ਼ਾਲਸਾ, ਭਾਈ ਮਨਦੀਪ ਸਿੰਘ ਸਿੱਧੂ ਤੇ ਹੋਰ ਸੀਨੀਅਰ ਆਗੂਆਂ ਨੇ ਵਿਧਾਇਕ ਇਆਲੀ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਜੀ ਆਇਆਂ ਆਖਿਆ | ਇਸ ਮੌਕੇ ਪੱਤਰਕਾਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਬੜੇ ਦਿ੍ੜ੍ਹ ਸ਼ਬਦਾਂ ਵਿਚ ਕਿਹਾ, ''ਮੈਂ ਅਕਾਲੀ ਸੀ, ਅਕਾਲੀ ਹਾਂ ਅਤੇ ਅਕਾਲੀ ਹੀ ਰਹਾਂਗਾ |'' ਉਨ੍ਹਾਂ ਸਪੱਸ਼ਟ ਕੀਤਾ ਕਿ ਅਕਾਲੀ ਸੋਚ ਕਿਸੇ ਪਰਿਵਾਰ ਜਾਂ ਕੁਝ ਲੋਕਾਂ ਦੇ ਧੜੇ ਦੀ ਬੰਧਕ ਨਹੀਂ ਹੈ, ਸਗੋਂ ਇਹ ਪੰਜਾਬ, ਪੰਥ ਅਤੇ ਸੂਬੇ ਦੇ ਹੱਕਾਂ ਲਈ ਚੱਲੀ ਇਕ ਇਤਿਹਾਸਕ ਲਹਿਰ ਹੈ | ਸ. ਇਆਲੀ ਨੇ ਕਿਹਾ ਕਿ ਪੰਜਾਬ ਅੱਜ ਬਹੁਤ ਹੀ ਨਾਜ਼ੁਕ ਅਤੇ ਚੁਣੌਤੀਪੂਰਨ ਦੌਰ 'ਚੋਂ ਲੰਘ ਰਿਹਾ ਹੈ | ਸੂਬੇ ਦੀ ਆਰਥਿਕਤਾ, ਕਿਸਾਨੀ, ਨੌਜਵਾਨੀ, ਕੁਦਰਤੀ ਸਰੋਤਾਂ ਅਤੇ ਸਮਾਜਿਕ ਢਾਂਚੇ ਸਾਹਮਣੇ ਗੰਭੀਰ ਸੰਕਟ ਖੜ੍ਹੇ ਹਨ | ਉਨ੍ਹਾਂ ਕਾਨੂੰਨ ਅਤੇ ਮਨੁੱਖੀ ਅਧਿਕਾਰਾਂ ਦਾ ਮੁੱਦਾ ਉਠਾਇਆ | ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਆਪਣੀਆਂ ਅਦਾਲਤੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਲੰਮੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਰੱਖਿਆ ਜਾ ਰਿਹਾ ਹੈ, ਜੋ ਕਿ ਸਰਾਸਰ ਬੇਇਨਸਾਫ਼ੀ ਹੈ | ਉਨ੍ਹਾਂ ਇਸ ਮੌਕੇ ਖਡੂਰ ਸਾਹਿਬ ਦੇ ਲੱਖਾਂ ਲੋਕਾਂ ਵਲੋਂ ਵੱਡੀ ਜਿੱਤ ਦਿਵਾ ਕੇ ਚੁਣੇ ਗਏ ਲੋਕ ਸਭਾ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਜਨਤਾ ਦੀ ਆਵਾਜ਼ ਸਭ ਤੋਂ ਵੱਡੀ ਹੁੰਦੀ ਹੈ ਅਤੇ ਪੰਜਾਬ ਦੇ ਲੋਕਾਂ ਨੇ ਭਾਈ ਅੰਮਿ੍ਤਪਾਲ ਸਿੰਘ ਨੂੰ ਜਿਤਾ ਕੇ ਕੇਂਦਰ ਅਤੇ ਰਾਜ ਸਰਕਾਰ ਨੂੰ ਇਕ ਸਪੱਸ਼ਟ ਸੁਨੇਹਾ ਦਿੱਤਾ ਹੈ | ਇਸ ਲਈ ਸਰਕਾਰ ਨੂੰ ਤੁਰੰਤ ਭਾਈ ਅੰਮਿ੍ਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਰੇ ਸਾਥੀਆਂ ਨੂੰ ਰਿਹਾਅ ਕਰਨਾ ਚਾਹੀਦਾ ਹੈ | ਉਨ੍ਹਾਂ ਨੇ ਕਿਹਾ ਕਿ ਅਨੰਦਪੁਰ ਸਾਹਿਬ ਦੇ ਮਤੇ 'ਤੇ ਪੂਰੀ ਦਿ੍ੜ੍ਹਤਾ ਨਾਲ ਪਹਿਰਾ ਦੇਣਾ ਬੇਹੱਦ ਜ਼ਰੂਰੀ ਹੋ ਗਿਆ ਹੈ | ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲ 'ਆਖ਼ਰ ਅਕਾਲੀ ਦਲ ਵਾਰਿਸ ਪੰਜਾਬ ਦੇ ਪਲੇਟਫਾਰਮ ਨਾਲ ਸਾਂਝ ਕਿਉਂ?'' ਦਾ ਜਵਾਬ ਦਿੰਦਿਆਂ ਇਆਲੀ ਨੇ ਬੇਬਾਕੀ ਨਾਲ ਕਿਹਾ ਕਿ ਪੰਜਾਬ ਦੇ ਲੋਕਾਂ ਸਾਹਮਣੇ ਅੱਜ ਸਿਰਫ਼ ਸੱਤਾ ਜਾਂ ਸਰਕਾਰ ਬਦਲਣ ਦਾ ਮਸਲਾ ਨਹੀਂ ਹੈ, ਸਗੋਂ ਪੰਜਾਬ ਦੀ ਹੋਂਦ, ਅਣਖ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਬਚਾਉਣ ਦਾ ਵੱਡਾ ਸਵਾਲ ਖੜ੍ਹਾ ਹੈ | ਲੰਮੇ ਸਮੇਂ ਤੋਂ ਰਵਾਇਤੀ ਸਿਆਸਤ ਲੋਕਾਂ ਦੀਆਂ ਉਮੀਦਾਂ 'ਤੇ ਪੂਰੀ ਤਰ੍ਹਾਂ ਖਰੀ ਨਹੀਂ ਉਤਰ ਸਕੀ, ਜਿਸ ਕਾਰਨ ਪੰਜਾਬ ਦੇ ਅਹਿਮ ਮਸਲੇ ਲਗਾਤਾਰ ਅਣਗੌਲੇ ਰਹੇ ਹਨ ਅਤੇ ਸੂਬੇ ਦੇ ਹੱਕਾਂ ਦੀ ਮਜ਼ਬੂਤ ਵਕਾਲਤ ਕਰਨ ਵਾਲੀ ਆਵਾਜ਼ ਕਮਜ਼ੋਰ ਹੋਈ ਹੈ | ਇਸ ਮੌਕੇ 'ਤੇ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਮਨਪ੍ਰੀਤ ਸਿੰਘ ਇਆਲੀ ਦਾ ਪਾਰਟੀ ਨਾਲ ਜੁੜਨਾ ਸਿਰਫ ਇਕ ਵਿਅਕਤੀ ਦੀ ਸ਼ਮੂਲੀਅਤ ਨਹੀਂ ਸਗੋਂ ਪੰਜਾਬ ਦੇ ਹੱਕਾਂ ਲਈ ਲੜ ਰਹੀਆਂ ਵਿਚਾਰਧਾਰਕ ਤਾਕਤਾਂ ਦੇ ਇਕ ਮੰਚ 'ਤੇ ਇਕੱਠੇ ਹੋਣ ਦਾ ਸੰਕੇਤ ਹੈ | ਉਨ੍ਹਾਂ ਕਿਹਾ ਕਿ ਪੰਜਾਬ ਅੱਜ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਅਜਿਹੇ ਸਮੇਂ ਤਜਰਬੇਕਾਰ, ਸਿਧਾਂਤਕ ਅਤੇ ਲੋਕਾਂ ਨਾਲ ਜੁੜੇ ਆਗੂਆਂ ਦਾ ਇਸ ਸੰਘਰਸ਼ ਨਾਲ ਜੁੜਨਾ ਬਹੁਤ ਮਹੱਤਵ ਰੱਖਦਾ ਹੈ | ਇਸ ਮੌਕੇ 'ਤੇ ਭਾਈ ਹਰਭਜਨ ਸਿੰਘ ਤੁੜ, ਬਾਬੂ ਸਿੰਘ ਬਰਾੜ, ਕਾਬਲ ਸਿੰਘ, ਭਾਈ ਰਛਪਾਲ ਸਿੰਘ, ਭਾਈ ਸ਼ਮਸ਼ੇਰ ਸਿੰਘ ਪੱਧਰੀ, ਭਾਈ ਕਰਨਵੀਰ ਸਿੰਘ, ਭਾਈ ਜਸ਼ਨਦੀਪ ਸਿੰਘ, ਭਾਈ ਸੰਦੀਪ ਸਿੰਘ ਰੁਪਾਲੋਂ, ਭਾਈ ਜਸਵਿੰਦਰ ਸਿੰਘ ਡਰੋਲੀ, ਗੁਰਸੇਵਕ ਸਿੰਘ, ਸੁਖਬੀਰ ਸਿੰਘ ਵਲਟੋਹਾ ਆਦਿ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਹਾਜ਼ਰ ਸਨ |
ਮਨਪ੍ਰੀਤ ਸਿੰਘ ਇਆਲੀ 'ਅਕਾਲੀ ਦਲ ਵਾਰਿਸ ਪੰਜਾਬ ਦੇ' ਵਿਚ ਸ਼ਾਮਿਲ
ਅਜੀਤ ਡੈਸਕ
10-06-2026