ਜਲੰਧਰ 'ਚ ਠੇਕੇਦਾਰ ਅਮਿਤ ਬਜਾਜ ਤੇ ਲੁਧਿਆਣਾ 'ਚ ਸੀ.ਏ. ਦੇ ਟਿਕਾਣਿਆਂ 'ਤੇ ਛਾਪੇਮਾਰੀ
ਜਲੰਧਰ, 9 ਜੂਨ (ਪੀ. ਟੀ. ਆਈ.)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮੰਗਲਵਾਰ ਨੂੰ ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਅਤੇ ਕੁਝ ਹੋਰਾਂ ਵਿਰੁੱਧ ਮੋਬਾਈਲ ਫੋਨਾਂ ਦੀ ਵਿਕਰੀ ਨਾਲ ਜੁੜੇ 100 ਕਰੋੜ ਰੁਪਏ ਦੇ ਜੀ.ਐਸ.ਟੀ. ਧੋਖਾਧੜੀ ਮਾਮਲੇ 'ਚ ਹਵਾਲਾ ਰਾਸ਼ੀ ਦੀ ਜਾਂਚ ਦੇ ਹਿੱਸੇ ਵਜੋਂ ਨਵੀਂ ਛਾਪੇਮਾਰੀ ਕੀਤੀ ਗਈ¢ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਦੇ ਜਲੰਧਰ ਅਤੇ ਲੁਧਿਆਣਾ, ਜਦੋਂਕਿ ਉੱਤਰ ਪ੍ਰਦੇਸ਼ ਦੇ ਬਰੇਲੀ ਅਤੇ ਨੋਇਡਾ 'ਚ ਲਗਭਗ 6 ਅਹਾਤਿਆਂ ਦੀ ਤਲਾਸ਼ੀ ਲਈ ਗਈ¢ਉਨ੍ਹਾਂ ਕਿਹਾ ਕਿ ਅਰੋੜਾ ਨਾਲ ਜੁੜੀ ਕੰਪਨੀ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਦੇ ਮਾਮਲੇ 'ਚ ਜਾਂਚ ਅਧੀਨ ਵਿਅਕਤੀਆਂ ਅਤੇ ਸੰਸਥਾਵਾਂ ਨਾਲ ਜੁੜੀਆਂ ਰਿਹਾਇਸ਼ਾਂ ਅਤੇ ਵਪਾਰਕ ਦਫ਼ਤਰ ਦੋਵੇਂ ਸ਼ਾਮਿਲ ਹਨ¢ ਜ਼ਿਕਰਯੋਗ ਹੈ ਕਿ 62 ਸਾਲਾ ਅਰੋੜਾ ਨੂੰ ਪਿਛਲੇ ਮਹੀਨੇ ਚੰਡੀਗੜ੍ਹ 'ਚ ਉਨ੍ਹਾਂ ਦੇ ਸਰਕਾਰੀ ਨਿਵਾਸ ਸਥਾਨ 'ਤੇ ਦਿਨ ਭਰ ਚੱਲੀ ਤਲਾਸ਼ੀ ਤੋਂ ਬਾਅਦ ਕੇਂਦਰੀ ਏਜੰਸੀ ਨੇ ਗਿ੍ਫ਼ਤਾਰ ਕੀਤਾ ਸੀ¢ ਉਹ ਇਸ ਸਮੇਂ ਨਿਆਇਕ ਹਿਰਾਸਤ 'ਚ ਹਨ¢ ਸੰਜੀਵ ਅਰੋੜਾ ਬਿਜਲੀ, ਉਦਯੋਗ ਅਤੇ ਵਣਜ ਮੰਤਰੀ ਸਨ¢ ਉਨ੍ਹਾਂ ਦੀ ਗਿ੍ਫ਼ਤਾਰੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਵਿਭਾਗ ਹੋਰ ਮੰਤਰੀਆਂ ਨੂੰ ਅਲਾਟ ਕਰ ਦਿੱਤੇ ਸਨ¢
ਠੇਕੇਦਾਰ ਅਮਿਤ ਬਜਾਜ ਦੇ ਟਿਕਾਣਿਆਂ 'ਤੇ ਛਾਪੇਮਾਰੀ
ਜਲੰਧਰ, (ਸ਼ਿਵ)-ਈ. ਡੀ. ਵਲੋਂ ਅੱਜ ਸਵੇਰੇ ਨਿਊ ਜਵਾਹਰ ਨਗਰ ਸਥਿਤ ਨਗਰ ਨਿਗਮ ਦੇ ਠੇਕੇਦਾਰ ਬਜਾਜ ਭਰਾਵਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ | ਜਾਣਕਾਰੀ ਮੁਤਾਬਕ ਈ. ਡੀ. ਦੀਆਂ ਟੀਮਾਂ ਅੱਜ ਸਵੇਰੇ ਕਰੀਬ 9 ਵਜੇ ਨਗਰ ਨਿਗਮ ਠੇਕੇਦਾਰ ਦੇ ਟਿਕਾਣਿਆਂ 'ਤੇ ਪੁੱਜ ਗਈਆਂ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ | ਈ. ਡੀ. ਵਲੋਂ ਜਿਨ੍ਹਾਂ ਠੇਕੇਦਾਰਾਂ 'ਤੇ ਛਾਪੇਮਾਰੀ ਕੀਤੀ ਗਈ ਹੈ | ਉਹ ਜਲੰਧਰ ਸਮੇਤ ਹੋਰ ਵੀ ਥਾਵਾਂ 'ਤੇ ਸਰਕਾਰੀ ਕੰਮ ਕਰਦੇ ਰਹੇ ਹਨ | ਠੇਕੇਦਾਰ ਨਿਗਮ 'ਚ ਵੀ ਠੇਕੇਦਾਰੀ ਸਮੇਤ ਸਰਕਾਰੀ ਵਿਭਾਗ 'ਚ ਆਊਟਸੋਰਸ ਦਾ ਕੰਮ ਕਰ ਚੁੱਕੇ ਹਨ | ਠੇਕੇਦਾਰ ਸੱਤਾਧਾਰੀ ਪਾਰਟੀ ਦੇ ਕੁਝ ਆਗੂਆਂ ਦੇ ਕਾਫੀ ਨੇੜੇ ਦੱਸੇ ਜਾਂਦੇ ਹਨ, ਜਦਕਿ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਆਗੂਆਂ ਨਾਲ ਵੀ ਉਕਤ ਠੇਕੇਦਾਰ ਦੀ ਨੇੜਤਾ ਰਹੀ ਸੀ ਤੇ ਸੀਨੀਅਰ ਆਗੂ ਉਨਾਂ ਦੇ ਘਰ ਵੀ ਆ ਚੁੱਕੇ ਹਨ | ਉਧਰ, ਠੇਕੇਦਾਰ ਅਮਿਤ ਬਜਾਜ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਪਰ ਉਨਾਂ ਨਾਲ ਗੱਲ ਨਹੀਂ ਹੋ ਸਕੀ |
ਸੀ.ਏ. ਦੇ ਟਿਕਾਣਿਆਂ 'ਤੇ ਛਾਪੇਮਾਰੀ
ਲੁਧਿਆਣਾ, (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸ਼ਹੀਦ ਭਗਤ ਸਿੰਘ ਨਗਰ ਵਿਚ ਅੱਜ ਸਵੇਰੇ ਈ.ਡੀ. ਦੀ ਇਕ ਟੀਮ ਵਲੋਂ ਸੀ.ਏ. ਅੰਕੁਰ ਗਰਗ ਦੀ ਰਿਹਾਇਸ਼ ਅਤੇ ਹੋਰ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ | ਜਾਣਕਾਰੀ ਅਨੁਸਾਰ ਈ.ਡੀ. ਦੀਆਂ ਟੀਮਾਂ ਅੱਜ ਸਵੇਰ ਹੀ ਅੰਕੁਰ ਗਰਗ ਦੇ ਘਰ ਆ ਗਈਆਂ ਸਨ | ਇਹ ਛਾਪੇਮਾਰੀ ਕੈਬਨਿਟ ਮੰਤਰੀ ਸੰਜੀਵ ਅਰੋੜਾ, ਜੋ ਕਿ ਇਸ ਸਮੇਂ ਜੇਲ੍ਹ 'ਚ ਬੰਦ ਹਨ, ਦੇ ਮਾਮਲੇ ਨੂੰ ਲੈ ਕੇ ਕੀਤੀ ਗਈ ਹੈ | ਇਸ ਤੋਂ ਪਹਿਲਾਂ ਵੀ ਅੰਕੁਰ ਗਰਗ ਜੀ.ਐਸ.ਟੀ. ਦੇ ਮਾਮਲੇ 'ਚ ਹੋਈ ਕਥਿਤ ਘਪਲੇਬਾਜ਼ੀ ਦੇ ਦੋਸ਼ਾਂ ਤਹਿਤ ਇਕ ਅਪਰਾਧਿਕ ਮਾਮਲੇ ਦਾ ਸਾਹਮਣਾ ਕਰ ਚੁੱਕੇ ਹਨ ਅਤੇ ਜੇਲ੍ਹ 'ਚ ਰਹਿ ਚੁੱਕੇ ਹਨ |
ਈ.ਡੀ. ਵਲੋਂ ਸੰਜੀਵ ਅਰੋੜਾ ਮਾਮਲੇ 'ਚ ਜਲੰਧਰ, ਲੁਧਿਆਣਾ ਤੇ ਯੂ.ਪੀ. 'ਚ ਛਾਪੇ
ਅਜੀਤ ਡੈਸਕ
10-06-2026