25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਚੀਨ ਵਲੋਂ ਨਿਰਯਾਤ ਖੁੱਲ੍ਹਣ ਨਾਲ ਯੂਰੀਆ ਦੀਆਂ ਕੀਮਤਾਂ ਵਿਚ ਵੱਡੀ ਗਿਰਾਵਟ

ਅਜੀਤ ਡੈਸਕ 14-06-2026

ਭਾਰਤ ਦੇ ਤਾਜ਼ਾ ਟੈਂਡਰ ਵਿਚ ਦਰਾਂ 50 ਫ਼ੀਸਦੀ ਤੱਕ ਘਟੀਆਂ
ਕੇਵਲ ਸਿੰਗਲਾ

ਮੂਨਕ, 13 ਜੂਨ -ਕੌਮਾਂਤਰੀ ਮੰਡੀ ਵਿਚ ਕੱਚੇ ਤੇਲ ਅਤੇ ਰਸਾਇਣਕ ਖਾਦਾਂ ਦੇ ਭਾਅ ਵਿਸ਼ਵ ਪੱਧਰੀ ਘਟਨਾਕ੍ਰਮਾਂ, ਜੰਗੀ ਹਾਲਾਤ ਅਤੇ ਸਪਲਾਈ-ਮੰਗ ਦੇ ਸੰਤੁਲਨ 'ਤੇ ਨਿਰਭਰ ਕਰਦੇ ਹਨ | ਭਾਰਤ ਇਨ੍ਹਾਂ ਦੋਵਾਂ ਵਸਤੂਆਂ ਦਾ ਵੱਡੇ ਪੱਧਰ 'ਤੇ ਆਯਾਤ ਕਰਦਾ ਹੈ, ਜਿਸ ਕਾਰਨ ਕੀਮਤਾਂ ਵਿਚ ਹੋਣ ਵਾਲੇ ਉਤਾਰ-ਚੜ੍ਹਾਅ ਦਾ ਸਿੱਧਾ ਅਸਰ ਦੇਸ਼ ਦੀ ਅਰਥਵਿਵਸਥਾ, ਸਰਕਾਰੀ ਖ਼ਜ਼ਾਨੇ ਅਤੇ ਕਿਸਾਨਾਂ ਦੀ ਆਮਦਨ 'ਤੇ ਪੈਂਦਾ ਹੈ | ਭਾਰਤ ਦੇ ਤਾਜ਼ਾ ਯੂਰੀਆ ਆਯਾਤ ਟੈਂਡਰ ਵਿਚ ਕੀਮਤਾਂ ਅਪ੍ਰੈਲ ਮਹੀਨੇ ਦੇ ਮੁਕਾਬਲੇ 50 ਫ਼ੀਸਦੀ ਤੋਂ ਵੀ ਘੱਟ ਦਰਜ ਕੀਤੀਆਂ ਗਈਆਂ ਹਨ | ਸਰਕਾਰੀ ਕੰਪਨੀ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ (ਐਨ. ਐਫ਼. ਐਲ.) ਵਲੋਂ 17 ਲੱਖ ਟਨ ਯੂਰੀਆ ਆਯਾਤ ਕਰਨ ਲਈ ਜਾਰੀ ਕੀਤੇ ਗਏ ਟੈਂਡਰ ਵਿਚ ਪੂਰਬੀ ਤੇ ਪੱਛਮੀ ਤਟ ਲਈ ਸਭ ਤੋਂ ਘੱਟ ਬੋਲੀ 445 ਤੋਂ 449 ਡਾਲਰ ਪ੍ਰਤੀ ਟਨ ਰਹੀ | ਇਸ ਦੇ ਉਲਟ ਅਪ੍ਰੈਲ ਵਿਚ ਇੰਡੀਅਨ ਪੋਟਾਸ਼ ਲਿਮਟਿਡ (ਆਈ.ਪੀ.ਐਲ.) ਦੇ ਟੈਂਡਰ ਵਿਚ ਯੂਰੀਆ ਦੀ ਕੀਮਤ 935 ਤੋਂ 959 ਡਾਲਰ ਪ੍ਰਤੀ ਟਨ ਤੱਕ ਪਹੁੰਚ ਗਈ ਸੀ, ਉਦਯੋਗਿਕ ਸਰੋਤਾਂ ਦੇ ਅਨੁਸਾਰ ਇਸ ਵੱਡੀ ਗਿਰਾਵਟ ਦਾ ਮੁੱਖ ਕਾਰਨ ਚੀਨ ਵਲੋਂ ਯੂਰੀਆ ਨਿਰਯਾਤ 'ਤੇ ਲਗਾਈਆਂ ਪਾਬੰਦੀਆਂ ਵਿਚ ਢਿੱਲ ਦੇਣਾ ਹੈ | ਚੀਨ ਨੇ ਮਾਰਚ 2026 ਤੋਂ ਆਪਣੇ ਨਿਰਯਾਤ 'ਤੇ ਕੜੇ ਨਿਯੰਤਰਨ ਲਗਾਏ ਹੋਏ ਸਨ, ਜਿਸ ਕਾਰਨ ਵਿਸ਼ਵ ਬਾਜ਼ਾਰ ਵਿਚ ਸਪਲਾਈ ਘਟ ਗਈ ਤੇ ਕੀਮਤਾਂ ਵਿਚ ਭਾਰੀ ਵਾਧਾ ਹੋਇਆ ਸੀ | ਹੁਣ ਨਿਰਯਾਤ ਮੁੜ ਸ਼ੁਰੂ ਹੋਣ ਨਾਲ ਵਿਸ਼ਵ ਬਾਜ਼ਾਰ ਵਿਚ ਸਪਲਾਈ ਵਧ ਗਈ ਹੈ | ਯੂਰੀਆ ਦੀਆਂ ਕੀਮਤਾਂ ਵਿਚ ਆਈ ਇਹ ਗਿਰਾਵਟ ਕੇਂਦਰ ਸਰਕਾਰ ਲਈ ਵੀ ਰਾਹਤ ਭਰੀ ਹੈ | ਪੱਛਮੀ ਏਸ਼ੀਆ ਸੰਕਟ ਕਾਰਨ ਤਰਲ ਕੁਦਰਤੀ ਗੈਸ (ਐਲ.ਐਨ.ਜੀ.) ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਇਆ ਹੈ, ਜਿਸ ਕਾਰਨ ਖਾਦ ਉਤਪਾਦਨ ਦੀ ਲਾਗਤ ਵਧੀ ਤੇ ਸਰਕਾਰ ਦੀ ਸਬਸਿਡੀ ਦਾ ਬੋਝ ਵੀ ਤੇਜ਼ੀ ਨਾਲ ਵਧਿਆ ਹੈ | ਵਿੱਤ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਵਿੱਤੀ ਸਾਲ 2026-27 ਲਈ ਬਜਟ ਵਿਚ ਖਾਦ ਸਬਸਿਡੀ ਦਾ ਅੰਦਾਜ਼ਾ 1.7 ਲੱਖ ਕਰੋੜ ਰੁਪਏ ਰੱਖਿਆ ਗਿਆ ਸੀ, ਪਰ ਮੌਜੂਦਾ ਹਾਲਾਤ 'ਚ ਇਹ ਰਕਮ ਵਧ ਕੇ 3.4 ਲੱਖ ਕਰੋੜ ਰੁਪਏ ਤੋਂ ਉੱਪਰ ਜਾ ਸਕਦੀ ਹੈ | ਭਾਰਤ ਆਪਣੀ ਯੂਰੀਆ ਲੋੜ ਦਾ ਵੱਡਾ ਹਿੱਸਾ ਆਯਾਤ ਰਾਹੀਂ ਪੂਰਾ ਕਰਦਾ ਹੈ | ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਜੇ ਯੂਰੀਆ ਦੀਆਂ ਕੀਮਤਾਂ ਮੌਜੂਦਾ ਪੱਧਰ 'ਤੇ ਕਾਇਮ ਰਹਿੰਦੀਆਂ ਹਨ ਤਾਂ ਇਸ ਨਾਲ ਨਾ ਸਿਰਫ਼ ਸਰਕਾਰ ਦਾ ਸਬਸਿਡੀ ਬੋਝ ਘਟੇਗਾ, ਸਗੋਂ ਕਿਸਾਨਾਂ ਲਈ ਖਾਦ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਵਿਚ ਵੀ ਮਦਦ ਮਿਲੇਗੀ |

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਪੁੱਜੇ <br/> ਅਗਲੀ ਖ਼ਬਰ ਹੁਣ ਸਾਲਾਸਰ, ਹਰਿਦੁਆਰ-ਰਿਸ਼ੀਕੇਸ਼ ਅਤੇ ਮਥੁਰਾ-ਵਿ੍ੰਦਾਵਨ ਦੇ ਵੀ ਮੁਫ਼ਤ ਦਰਸ਼ਨ ਕਰਵਾਏਗੀ ਪੰਜਾਬ ਸਰਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।