ਅੱਜ ਰਾਸ਼ਟਰਪਤੀ ਮੈਕਰੋਨ ਨਾਲ ਕਰਨਗੇ ਮੁਲਾਕਾਤ
ਨੀਸ (ਫਰਾਂਸ), 13 ਜੂਨ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦੇਸ਼ਾਂ ਦੇ ਦੌਰੇ ਦੌਰਾਨ ਸਨਿਚਰਵਾਰ ਨੂੰ ਫ਼ਰਾਂਸ ਦੇ ਸ਼ਹਿਰ ਨੀਸ ਪਹੁੰਚ ਗਏ | ਉਹ ਇਥੇ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਦੁਵੱਲੀ ਗੱਲਬਾਤ ਕਰਨਗੇ ਅਤੇ ਜੀ-7 ਸੰਮੇਲਨ ਵਿਚ ਵੀ ਹਿੱਸਾ ਲੈਣਗੇ | ਹਵਾਈ ਅੱਡੇ 'ਤੇ ਫ਼ਰਾਂਸ ਦੇ ਸਿੱਖਿਆ ਮੰਤਰੀ ਐਡਵਰਡ ਗੇਫਰੇ, ਉੱਚ ਸਿੱਖਿਆ ਤੇ ਖੋਜ ਮੰਤਰੀ ਫਿਲਿਪ ਬੈਪਟਿਸਟ, ਭਾਰਤ ਵਿਚ ਫ਼ਰਾਂਸ ਦੇ ਰਾਜਦੂਤ ਥੀਏਰੀ ਮੈਥੂ ਅਤੇ ਨੀਸ ਦੇ ਮੇਅਰ ਐਰਿਕ ਸਿਓਟੀ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਵਿਚ ਨੀਸ ਦੇ ਸਿਟੀ ਹਾਲ (ਮੇਅਰ ਦੇ ਦਫ਼ਤਰ) ਵਿਚ ਭਾਰਤੀ ਤਿਰੰਗਾ ਲਹਿਰਾਇਆ ਗਿਆ | ਇਸ ਮੌਕੇ ਭਾਰਤੀ ਭਾਈਚਾਰੇ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿੱਘਾ ਸਵਾਗਤ ਕੀਤਾ ਗਿਆ | ਆਪਣੇ ਦੌਰੇ ਦੇ ਪਹਿਲੇ ਪੜਾਅ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਦੁਵੱਲੀ ਬੈਠਕ ਕਰਨਗੇ ਅਤੇ ਉਨ੍ਹਾਂ ਨਾਲ ਮਿਲ ਕੇ 'ਭਾਰਤ ਇਨੋਵੇਟਸ' ਸਮਾਗਮ ਦਾ ਉਦਘਾਟਨ ਕਰਨਗੇ | ਜਿਸ ਵਿਚ ਭਾਰਤ, ਫ਼ਰਾਂਸ ਅਤੇ ਹੋਰ ਦੇਸ਼ਾਂ ਦੇ ਚੋਟੀ ਦੇ ਇਨੋਵੇਸ਼ਨ ਸਟਾਰਟਅੱਪਸ ਇਕੱਠੇ ਹੋਣਗੇ | ਦੋਵੇਂ ਆਗੂ ਭਾਰਤ-ਫ਼ਰਾਂਸ ਦੇ ਆਪਸੀ ਸੰਬੰਧਾਂ ਦੀ ਸਮੀਖਿਆ ਕਰਨਗੇ | ਪ੍ਰਧਾਨ ਮੰਤਰੀ ਮੋਦੀ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰਾਬਰਟ ਫਿਕੋ ਦੇ ਸੱਦੇ 'ਤੇ 15-16 ਜੂਨ ਨੂੰ ਉਥੋਂ ਦਾ ਦੌਰਾ ਕਰਨਗੇ | ਉਥੇ ਉਹ ਬ੍ਰਾਤੀਸਲਾਵਾ ਵਿਚ ਸਲੋਵਾਕੀਆ ਦੇ ਰਾਸ਼ਟਰਪਤੀ ਪੀਟਰ ਪੇਲੇਗਿ੍ਨੀ ਅਤੇ ਪ੍ਰਧਾਨ ਮੰਤਰੀ ਰੌਬਰਟ ਫਿਕੋ ਨਾਲ ਮੁਲਾਕਾਤ ਕਰਨਗੇ ਅਤੇ ਉਦਯੋਗਪਤੀਆਂ ਨਾਲ ਵੀ ਗੱਲਬਾਤ ਕਰਨਗੇ | 1993 'ਚ ਸਲੋਵਾਕੀਆ ਦੀ ਆਜ਼ਾਦੀ ਤੋਂ ਬਾਅਦ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਹੈ | ਮੋਦੀ 16 ਜੂਨ ਨੂੰ ਪੈਰਿਸ ਆਉਣਗੇ ਅਤੇ ਏਵਿਅਨ ਸ਼ਹਿਰ 'ਚ ਹੋਣ ਵਾਲੇ 17 ਜੂਨ ਨੂੰ ਜੀ-7 ਸਿਖ਼ਰ ਸੰਮੇਲਨ 'ਚ ਹਿੱਸਾ ਲੈਣਗੇ | ਸਿਖ਼ਰ ਸੰਮੇਲਨ 'ਚ ਆਲਮੀ ਅਰਥਚਾਰੇ, ਅੰਤਰਰਾਸ਼ਟਰੀ ਸਹਿਯੋਗ, ਨਵੀਆਂ ਸਾਂਝੇਦਾਰੀਆਂ ਅਤੇ ਏ. ਆਈ. ਦੇ ਮੁੱਦਿਆਂ 'ਤੇ ਚਰਚਾ ਹੋਵੇਗੀ | ਪ੍ਰਧਾਨ ਮੰਤਰੀ ਆਪਣੇ ਫ਼ਰਾਂਸ ਦੌਰੇ ਦੀ ਸਮਾਪਤੀ 18 ਜੂਨ ਨੂੰ ਪੈਰਿਸ ਵਿਚ ਕਰਨਗੇ, ਜਿੱਥੇ ਉਹ ਰਾਸ਼ਟਰਪਤੀ ਮੈਕਰੋਨ ਦੇ ਨਾਲ 'ਵਾਈਵਾਟੈੱਕ 2026' ਸੰਮੇਲਨ ਵਿਚ ਸ਼ਿਰਕਤ ਕਰਨਗੇ¢ ਵਾਈਵਾਟੈੱਕ ਤਕਨਾਲੋਜੀ ਅਤੇ ਇਨੋਵੇਸ਼ਨ ਦੇ ਖੇਤਰ ਵਿਚ ਯੂਰਪ ਦਾ ਸਭ ਤੋਂ ਵੱਡਾ ਸੰਮੇਲਨ ਹੈ | ਇਸ ਵਾਰ ਇਸ ਸੰਮੇਲਨ ਵਿਚ ਭਾਰਤ ਦਾ ਸਭ ਤੋਂ ਵੱਡਾ ਰਾਸ਼ਟਰੀ ਪੈਵੇਲੀਅਨ (ਪ੍ਰਦਰਸ਼ਨੀ ਖੇਤਰ) ਹੋਵੇਗਾ, ਜੋ ਭਾਰਤੀ ਅਤੇ ਯੂਰਪੀਅਨ ਟੈਕਨਾਲੋਜੀ ਜਗਤ ਵਿਚਕਾਰ ਸਾਂਝੇਦਾਰੀ ਦੀਆਂ ਵੱਡੀਆਂ ਸੰਭਾਵਨਾਵਾਂ ਦਾ ਪ੍ਰਤੀਕ ਹੈ¢
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਪੁੱਜੇ <br/>
ਅਜੀਤ ਡੈਸਕ
14-06-2026