24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਸਾਰੇ ਦੇਸ਼ ਸੁਰੱਖਿਅਤ ਸਮੁੰਦਰੀ ਰਸਤੇ ਯਕੀਨੀ ਬਣਾਉਣ-ਮੋਦੀ

ਅਜੀਤ ਡੈਸਕ 17-06-2026

• ਕਿਹਾ, ਵਿਸ਼ਵ ਭਾਈਵਾਲੀ ਭਰੋਸੇ ਤੇ ਬਰਾਬਰੀ 'ਤੇ ਆਧਾਰਿਤ ਹੋਵੇ • ਜੀ7 ਸੰਮੇਲਨ ਦੌਰਾਨ ਆਲਮੀ ਇਕਜੁੱਟਤਾ 'ਤੇ ਦਿੱਤਾ ਜ਼ੋਰ
ਈਵੀਅਨ-ਲੇਸ-ਬੇਂਸ, 16 ਜੂਨ (ਏਜੰਸੀ)-ਸਾਰੇ ਦੇਸ਼ਾਂ ਨੂੰ ਇਹ ਪੱਕਾ ਕਰਨਾ ਚਾਹੀਦਾ ਹੈ ਕਿ ਸਮੁੰਦਰੀ ਰਸਤੇ ਸੁਰੱਖਿਅਤ ਰਹਿਣ ਅਤੇ ਮਲਾਹ ਬਿਨਾਂ ਕਿਸੇ ਡਰ ਦੇ ਆਪਣਾ ਕੰਮ ਕਰ ਸਕਣ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਜੀ7 ਨੇਤਾਵਾਂ (ਜਿਸ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਸ਼ਾਮਿਲ ਸਨ) ਦੀ ਬੈਠਕ 'ਚ ਇਹ ਗੱਲ ਕਹੀ | ਇਹ ਬੈਠਕ ਓਮਾਨ ਦੀ ਖਾੜੀ 'ਚ ਅਮਰੀਕੀ ਸੈਨਾ ਦੇ ਹਮਲੇ 'ਚ 3 ਭਾਰਤੀ ਮਲਾਹਾਂ ਦੀ ਮੌਤ ਹੋਣ ਦੇ ਕੁਝ ਦਿਨਾਂ ਬਾਅਦ ਹੋਈ | ਪ੍ਰਧਾਨ ਮੰਤਰੀ ਨੇ ਜੀ7 ਸਿਖ਼ਰ ਸੰਮੇਲਨ ਦੇ ਇਕ ਆਊਟਰੀਚ ਸੈਸ਼ਨ ਦੌਰਾਨ ਕਿਹਾ ਕਿ ਹੋਰਮੁਜ਼ ਜਲਡਮਰੂ 'ਚ ਸਮੁੰਦਰੀ ਵਪਾਰ 'ਚ ਰੁਕਾਵਟਾਂ ਨਾਲ ਕੌਮਾਂਤਰੀ ਅਰਥ-ਵਿਵਸਥਾ ਨੂੰ ਨੁਕਸਾਨ ਪੁੱਜਾ ਹੈ ਤੇ ਕਈ ਭਾਰਤੀ ਨਾਗਰਿਕਾਂ ਦੀ ਜਾਨ ਗਈ ਹੈ | ਮੋਦੀ ਨੇ ਅਮਰੀਕੀ ਰਾਸ਼ਟਰਪਤੀ ਨਾਲ ਦੁਵੱਲੀ ਗੱਲਬਾਤ ਤੋਂ ਇਕ ਦਿਨ ਪਹਿਲਾਂ ਇਹ ਮੁੱਦਾ ਚੁੱਕਿਆ | ਨਵੀਆਂ ਸਾਂਝੇਦਾਰੀਆਂ ਬਣਾਉਣਾ ਅਤੇ ਅੰਤਰਰਾਸ਼ਟਰੀ ਇਕਜੁੱਟਤਾ ਦਾ ਮੁੜ ਨਿਰਮਾਣ ਵਿਸ਼ੇ 'ਤੇ ਸੈਸ਼ਨ 'ਚ ਸੰਬੋਧਨ 'ਚ ਮੋਦੀ ਨੇ ਕਿਹਾ ਕਿ ਅਸੀਂ ਪੱਛਮੀ ਏਸ਼ੀਆ 'ਚ ਸ਼ਾਂਤੀ ਯਤਨਾਂ 'ਚ ਹੋਈ ਪ੍ਰਗਤੀ ਦਾ ਸਵਾਗਤ ਕਰਦੇ ਹਾਂ | ਇਸ ਟਕਰਾਅ ਕਾਰਨ ਖੇਤਰ 'ਚ ਸਾਡੇ ਮਿੱਤਰ ਦੇਸ਼ਾਂ 'ਚ ਜਾਨ-ਮਾਲ ਦਾ ਨੁਕਸਾਨ ਹੋਇਆ ਹੈ | ਮੋਦੀ ਨੇ ਭੂ-ਰਾਜਨੀਤਕ ਉੱਥਲ-ਪੁਥਲ ਅਤੇ ਘਟਨਾਕ੍ਰਮ 'ਤੇ ਚਰਚਾ ਕਰਦੇ ਹੋਏ ਦੇਸ਼ਾਂ ਦਰਮਿਆਨ ਵਿਸ਼ਵਾਸ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਉਨ੍ਹਾਂ ਤਰਕ ਦਿੱਤਾ ਕਿ ਅੱਜ ਸਭ ਤੋਂ ਮਹੱਤਵਪੂਰਨ ਰਣਨੀਤਕ ਸੰਪਤੀ ਖਣਿਜ, ਤਕਨੀਕ ਜਾਂ ਬਾਜ਼ਾਰ ਨਹੀਂ, ਬਲਕਿ ਆਪਸੀ ਵਿਸ਼ਵਾਸ ਹੈ | ਅੱਜ ਦੀ ਦੁਨੀਆ ਪਹਿਲਾਂ ਤੋਂ ਕਿਤੇ ਜ਼ਿਆਦਾ ਆਪਸ 'ਚ ਜੁੜੀ ਹੋਈ ਅਤੇ ਇਕ-ਦੂਜੇ 'ਤੇ ਨਿਰਭਰ ਹੈ | ਉਨ੍ਹਾਂ ਕਿਹਾ ਕਿ ਕਿਸੇ ਦੇਸ਼ ਦੀ ਊਰਜਾ, ਭੋਜਨ, ਸਿਹਤ ਅਤੇ ਸਾਈਬਰ ਸੁਰੱਖਿਆ, ਨਾਲ ਹੀ ਉਸ ਦੀ ਆਰਥਿਕ ਖੁਸ਼ਹਾਲੀ, ਸਿਰਫ ਉਸਦੀਆਂ ਆਪਣੀਆਂ ਸਰਹੱਦਾਂ ਦੇ ਅੰਦਰ ਤੈਅ ਨਹੀਂ ਹੁੰਦੀ | ਆਵਾਜਾਈ, ਡਾਟਾ, ਪੂੰਜੀ ਅਤੇ ਤਕਨੀਕ-ਇਹ ਸਾਰੇ ਸਾਨੂੰ ਆਪਸ 'ਚ ਜੋੜਦੇ ਹਨ | ਪ੍ਰਧਾਨ ਮੰਤਰੀ ਨੇ ਦੁਨੀਆ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਭਰੋਸੇ ਦੇ ਮਹੱਤਵ 'ਤੇ ਵਿਸਤਾਰ ਨਾਲ ਗੱਲ ਕੀਤੀ | ਮੋਦੀ ਨੇ ਕਿਹਾ ਕਿ ਦੁਨੀਆ ਨੂੰ ਮਦਦ ਦੇਣ ਵਾਲੇ ਅਤੇ ਮਦਦ ਲੈਣ ਵਾਲੇ ਦੇ ਰਿਸ਼ਤੇ ਤੋਂ ਹਟ ਕੇ ਇਕਜੁੱਟਤਾ ਅਤੇ ਬਰਾਬਰੀ 'ਤੇ ਆਧਾਰਿਤ ਹਿੱਸੇਦਾਰੀ ਵੱਲ ਵਧਣਾ ਚਾਹੀਦਾ ਹੈ | ਇਸ ਸੈਸ਼ਨ 'ਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ, ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਦਾ ਸਿਲਵਾ, ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਅਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਸਮੇਤ ਕਈ ਨੇਤਾਵਾਂ ਨੇ ਹਿੱਸਾ ਲਿਆ | ਮੋਦੀ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਮਨੁੱਖਤਾ ਸਭ ਤੋਂ ਪਹਿਲਾਂ ਦੇ ਨਜ਼ਰੀਏ ਨੂੰ ਅਪਣਾਇਆ ਹੈ, ਜੋ ਭਾਰਤ ਦੀ ਅਗਵਾਈ ਵਾਲੇ 'ਅੰਤਰਰਾਸ਼ਟਰੀ ਸੋਲਰ ਅਲਾਇੰਸ', ਕੋਲੀਸ਼ਨ ਫਾਰ ਡਿਜ਼ਾਸਟਰ ਰੇਜ਼ੀਲਿਏਾਟ ਇਨਫ੍ਰਾਸਟ੍ਰਕਚਰ, 'ਗਲੋਬਲ ਬਾਇਓਫਿਊਲ ਅਲਾਇੰਸ', ਮਿਸ਼ਨ ਲਾਈਫ਼ ਅਤੇ 'ਇਕ ਪੇੜ ਮਾਂ ਕੇ ਨਾਮ' ਵਰਗੀਆਂ ਪਹਿਲਕਦਮੀਆਂ 'ਚ ਦਿਖਾਈ ਦਿੰਦਾ ਹੈ |

ਪਿਛਲੀ ਖ਼ਬਰ ਜਥੇਦਾਰ ਗੜਗੱਜ ਦੇ ਫ਼ੈਸਲੇ ਨੇ ਸਰਕਾਰ ਨਾਲ ਪੈਦਾ ਕੀਤੀ ਟਕਰਾਅ ਦੀ ਸਥਿਤੀ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ 16 ਮਹੀਨਿਆਂ ਬਾਅਦ ਟਰੰਪ ਨੂੰ ਮਿਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।