ਕਿਹਾ, ਸੁਖਬੀਰ ਦੇ ਇਸ਼ਾਰੇ 'ਤੇ ਮੇਰੇ ਖ਼ਿਲਾਫ਼ ਸਾਜਿਸ਼ ਰਚੀ ਗਈ, ਜਿਸ ਤੋਂ ਬਾਅਦ ਇਹ ਆਦੇਸ਼ ਜਾਰੀ ਹੋਇਆ
ਚੰਡੀਗੜ੍ਹ, 16 ਜੂਨ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਉਨ੍ਹਾਂ ਨਾਲ ਜੋੜੀ ਜਾ ਰਹੀ ਇਕ ਫ਼ਰਜ਼ੀ ਵੀਡੀਓ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ 'ਤੇ ਉਨ੍ਹਾਂ ਨੂੰ ਬਦਨਾਮ ਕਰਨ ਅਤੇ ਉਨ੍ਹਾਂ ਦੀ ਸਰਕਾਰ ਦੇ ਲੋਕ-ਪੱਖੀ ਫ਼ੈਸਲਿਆਂ ਨੂੰ ਲੀਹ ਤੋਂ ਲਾਹੁਣ ਲਈ ਕੋਝੀ ਹਰਕਤ ਅਤੇ ਸਿਆਸਤ ਤੋਂ ਪ੍ਰੇਰਿਤ ਸਾਜਿਸ਼ ਰਚੀ ਜਾ ਰਹੀ ਹੈ | ਇਸ ਘਟਨਾ ਨੂੰ ਸਰਕਾਰ ਦੇ ਸਖ਼ਤ ਬੇਅਦਬੀ ਵਿਰੋਧੀ ਕਾਨੂੰਨ ਅਤੇ ਪੰਜਾਬ ਪੱਖੀ ਫ਼ੈਸਲਿਆਂ ਤੋਂ ਘਬਰਾ ਕੇ ਬੌਖਲਾਹਟ ਭਰੀ ਕੋਸ਼ਿਸ਼ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਵਿਰੁੱਧ ਕੂੜ ਪ੍ਰਚਾਰ ਕਰਨ ਲਈ ਸਿਆਸੀ ਪ੍ਰਭਾਵ ਹੇਠ ਕੰਮ ਕਰ ਰਹੇ ਅਹੁਦੇਦਾਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ | ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਰਬਉੱਚ ਮੰਨਦੇ ਹਨ ਅਤੇ ਸਤਿਕਾਰ ਵਜੋਂ ਇਸ ਦੀ ਅਥਾਰਟੀ ਅੱਗੇ ਪੂਰੀ ਨਿਮਰਤਾ ਨਾਲ ਸਿਰ ਝੁਕਾਉਂਦੇ ਹਨ | ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਬਦਨਾਮ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਝੀਆਂ ਹਰਕਤਾਂ ਦੀ ਪ੍ਰਵਾਹ ਕੀਤੇ ਬਿਨਾਂ ਉਹ ਪੰਜਾਬ ਦੇ 'ਪਾਣੀ, ਜਵਾਨੀ, ਕਿਸਾਨੀ ਅਤੇ ਬਾਣੀ' ਦੇ ਹਿਤ 'ਚ ਦਲੇਰਾਨਾ ਫ਼ੈਸਲੇ ਲੈਂਦੇ ਰਹਿਣਗੇ | ਐਕਸ 'ਤੇ ਲਿਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ਼ਰੇਆਮ ਅਕਾਲੀ ਦਲ ਦੇ ਪ੍ਰਚਾਰਕ ਬਣ ਗਏ ਹਨ | ਹੁਣ ਤਾਂ ਸਿਰਫ ਇਹੀ ਕਸਰ ਬਾਕੀ ਰਹਿ ਗਈ ਹੈ ਕਿ ਜਥੇਦਾਰ ਸਾਹਿਬ ਰਾਹੀਂ ਇਹ ਫਰਮਾਨ ਜਾਰੀ ਕਰਵਾ ਦਿੱਤਾ ਜਾਵੇ ਕਿ 'ਸੁਖਬੀਰ ਸਿੰਘ ਬਾਦਲ ਨੂੰ ਵੋਟਾਂ ਪਾਓ, ਨਹੀਂ ਤਾਂ ਪੰਥ ਖਤਰੇ 'ਚ ਹੈ |' ਅਜਿਹਾ ਫ਼ੈਸਲਾ ਕਿਸੇ ਵੀ ਵੇਲੇ ਲਿਆ ਜਾ ਸਕਦਾ ਹੈ |' ਇਕ ਵੀਡੀਓ ਸੰਦੇਸ਼ 'ਚ ਮੁੱਖ ਮੰਤਰੀ ਨੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਇਹ ਵੀਡੀਓ ਮੇਰੀ ਨਹੀਂ ਹੈ ਤੇ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਸਾਹਮਣੇ ਪਹਿਲਾਂ ਹੀ ਇਹ ਸਪੱਸ਼ਟ ਕਰ ਦਿੱਤਾ ਸੀ | ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਵੀਡੀਓ 'ਚ ਦਿਖਾਏ ਗਏ ਵਿਅਕਤੀ ਦੀ ਨਾ ਤਾਂ ਸਰੀਰਕ ਬਣਤਰ ਅਤੇ ਨਾ ਹੀ ਚਿਹਰਾ-ਮੋਹਰਾ ਮੇਰੇ ਨਾਲ ਮੇਲ ਖਾਂਦਾ ਹੈ, ਫਿਰ ਵੀ ਮੇਰੇ ਅਕਸ ਨੂੰ ਖਰਾਬ ਕਰਨ ਲਈ ਝੂਠਾ ਤੇ ਗੁਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ | ਇਸ ਮੁੱਦੇ 'ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਹੈਰਾਨੀ ਹੁੰਦੀ ਹੈ ਕਿ ਏਨੀਆਂ ਉੱਚੀਆਂ ਧਾਰਮਿਕ ਪਦਵੀਆਂ 'ਤੇ ਬੈਠੇ ਲੋਕ ਆਪਣੇ-ਆਪ ਨੂੰ ਸਿਆਸੀ ਏਜੰਡੇ ਅਤੇ ਝੂਠੇ ਪ੍ਰਚਾਰ ਦਾ ਹਥਿਆਰ ਬਣਨ ਦੇ ਰਹੇ ਹਨ | ਮੇਰੇ ਅਕਸ ਨੂੰ ਖਰਾਬ ਕਰਨ ਲਈ ਜਾਣਬੁੱਝ ਕੇ ਮੁਹਿੰਮ ਚਲਾਈ ਜਾ ਰਹੀ ਹੈ | ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਸਿਆਸੀ ਤੌਰ 'ਤੇ ਨਿਸ਼ਾਨਾ ਬਣਾਉਣ ਲਈ ਧਰਮ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ | ਅਜਿਹੀਆਂ ਕੋਸ਼ਿਸ਼ਾਂ ਪੂਰੀ ਤਰ੍ਹਾਂ ਮੰਦਭਾਗੀਆਂ ਅਤੇ ਅਸਹਿਣਯੋਗ ਹਨ | ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਆਪਣੀ ਡੂੰਘੀ ਆਸਥਾ ਅਤੇ ਸਤਿਕਾਰ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਬਾਰੇ ਕਦੇ ਸੋਚ ਵੀ ਨਹੀਂ ਸਕਦਾ ਤੇ ਮੈਂ ਕਦੇ ਵੀ ਇਸ ਵਿਸ਼ਵਾਸ ਤੋਂ ਪਿੱਛੇ ਨਹੀਂ ਹਟਿਆ | ਨਾ ਤਾਂ ਮੈਂ ਅਤੇ ਨਾ ਹੀ ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਬਾਰੇ ਸੋਚ ਸਕਦੀਆਂ ਹਨ | ਮੁੱਖ ਮੰਤਰੀ ਨੇ ਕਿਹਾ ਕਿ ਇਹ ਫ਼ੈਸਲੇ ਕੁਝ ਸਵਾਰਥੀ ਲੋਕਾਂ ਨੂੰ ਮਨਜ਼ੂਰ ਨਹੀਂ ਹਨ, ਇਸ ਲਈ ਅਜਿਹੇ ਹੱਥਕੰਡਿਆਂ ਰਾਹੀਂ ਉਨ੍ਹਾਂ ਦੇ ਅਕਸ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਸਿਆਸੀ ਆਕਾਵਾਂ ਦੇ ਇਸ਼ਾਰੇ 'ਤੇ ਉਨ੍ਹਾਂ ਵਿਰੁੱਧ ਪ੍ਰਚਾਰ ਮੁਹਿੰਮ ਚਲਾਏ ਜਾਣ ਵੱਲ ਇਸ਼ਾਰਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਇਨ੍ਹਾਂ ਸੰਸਥਾਵਾਂ 'ਚ ਸਿਆਸੀ ਨਿਯੁਕਤੀਆਂ ਅਤੇ ਫ਼ੈਸਲੇ ਕਿਵੇਂ ਹੁੰਦੇ ਹਨ | ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਵੀਡੀਓ ਨੂੰ ਅਤੇ ਅਜਿਹੇ ਝੂਠੇ ਦੋਸ਼ਾਂ ਰਾਹੀਂ ਮੈਨੂੰ ਬਦਨਾਮ ਕਰਨ ਦੀਆਂ ਕੋਸ਼ਿਸਾਂ ਨੂੰ ਸਿਰੇ ਤੋਂ ਨਕਾਰਦੇ ਹਨ | ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ ਮੇਰੇ ਰੋਮ-ਰੋਮ ਵਿੱਚ ਵਸਿਆ ਹੋਇਆ ਹੈ ਅਤੇ ਮੇਰੇ ਦਿਲ ਦੀ ਹਰ ਧੜਕਣ ਵਿੱਚ ਪੰਜਾਬ ਵਸਦਾ ਹੈ | ਮੈਂ ਸੂਬੇ ਅਤੇ ਇਸ ਦੇ ਲੋਕਾਂ ਦੀ ਭਲਾਈ ਲਈ ਦਿਨ-ਰਾਤ ਕੰਮ ਕਰ ਰਿਹਾ ਹਾਂ | ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਉਹ ਪੁੱਛਦੇ ਸਨ ਕਿ ਸਰਕਾਰ ਬੇਅਦਬੀ ਵਿਰੁੱਧ ਕਾਨੂੰਨ ਕਿਉਂ ਨਹੀਂ ਲਿਆ ਰਹੀ | ਜਦੋਂ ਸਰਕਾਰ ਨੇ ਕਾਨੂੰਨ ਬਣਾ ਦਿੱਤਾ ਤਾਂ ਉਹ ਸਵਾਲ ਕਰਨ ਲੱਗੇ ਕਿ ਉਨ੍ਹਾਂ ਨਾਲ ਸਲਾਹ ਕੀਤੇ ਬਿਨਾਂ ਇਹ ਕਾਨੂੰਨ ਕਿਉਂ ਬਣਾਇਆ ਗਿਆ ਤੇ ਇਥੋਂ ਤੱਕ ਕਿਹਾ ਕਿ ਉਹ ਇਸ ਨੂੰ ਪ੍ਰਵਾਨ ਨਹੀਂ ਕਰਨਗੇ | ਇਹ ਉਨ੍ਹਾਂ ਦੇ ਆਪਾ-ਵਿਰੋਧੀ ਸਟੈਂਡ ਨੂੰ ਸਾਫ ਦਰਸਾਉਂਦਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਲੋਕ ਇਸ ਗੱਲ ਦੇ ਵੀ ਗਵਾਹ ਹਨ ਕਿ ਕਿਵੇਂ ਕੁਝ ਵਿਅਕਤੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਮੰਨਿਆ ਸੀ ਕਿ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ, ਪੁਲਿਸ ਫਾਇਰਿੰਗ ਹੋਈ ਸੀ ਅਤੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਧਿਕਾਰੀਆਂ ਨੂੰ ਨਿਯੁਕਤੀਆਂ ਅਤੇ ਸਿਆਸੀ ਸਰਪ੍ਰਸਤੀ ਦਿੱਤੀ ਗਈ ਸੀ, ਪਰ ਕੁਝ ਦਿਨਾਂ ਬਾਅਦ ਹੀ ਉਹ ਉਨ੍ਹਾਂ ਬਿਆਨਾਂ ਤੋਂ ਮੁੱਕਰ ਗਏ | ਫਿਰ ਵੀ ਇਨ੍ਹਾਂ ਖ਼ਿਲਾਫ ਕੋਈ ਵੀ ਸਖ਼ਤ ਕਾਰਵਾਈ ਕਰਨ ਦੀ ਕੋਈ ਮਨਸ਼ਾ ਨਜ਼ਰ ਨਹੀਂ ਆਉਂਦੀ | ਸੰਗਤ ਨੂੰ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਨਾਨਕ ਨਾਮ ਲੇਵਾ ਸੰਗਤ ਨੂੰ ਅਪੀਲ ਕਰਦੇ ਹਨ ਕਿ ਉਹ ਅਜਿਹੇ ਗੁਮਰਾਹਕੁੰਨ ਅਤੇ ਕੂੜ ਪ੍ਰਚਾਰ ਦਾ ਸ਼ਿਕਾਰ ਨਾ ਹੋਣ | ਅੰਤਿਮ ਫ਼ੈਸਲਾ ਹਮੇਸ਼ਾਂ ਸੰਗਤ ਅਤੇ ਲੋਕਾਂ ਦਾ ਹੀ ਹੋਵੇਗਾ |
ਫ਼ਰਜ਼ੀ ਵੀਡੀਓ ਮੇਰੀ ਨਹੀਂ ਹੈ-ਭਗਵੰਤ ਮਾਨ <br/>
ਅਜੀਤ ਡੈਸਕ
17-06-2026