• ਰੇਲਵੇ ਸਟੇਸ਼ਨ ਤੋਂ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
• ਅੰਮਿ੍ਤਸਰ ਤੋਂ ਜੰਮੂ-ਕਸ਼ਮੀਰ ਤੱਕ ਰੇਲ ਸੇਵਾ ਸ਼ੁਰੂ ਕਰਨ ਦਾ ਐਲਾਨ
ਰਾਜੇਸ਼ ਕੁਮਾਰ ਸ਼ਰਮਾ
ਅੰਮਿ੍ਤਸਰ, 16 ਜੂਨ-ਅੱਜ ਅੰਮਿ੍ਤਸਰ-ਕਟੜਾ ਵੰਦੇ ਭਾਰਤ ਐਕਸਪੈ੍ਰੱਸ ਸੇਵਾ ਦੀ ਮੁੜ ਸ਼ੁਰੂਆਤ ਕੀਤੀ ਗਈ, ਜਿਸਨੂੰ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ ਰੱਖੇ ਸਮਾਗਮ 'ਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸ੍ਰੀ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਅੰਮਿ੍ਤਸਰ-ਕਟੜਾ ਵੰਦੇ ਭਾਰਤ ਐਕਸਪੈ੍ਰੱਸ ਦੇ ਚੱਲਣ ਦੀ ਲੰਮੇ ਸਮੇਂ ਤੋਂ ਉਡੀਕ ਸੀ | ਇਸਦੇ ਚੱਲਣ ਨਾਲ ਸ੍ਰੀ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਰਾਹਤ ਮਿਲੇਗੀ | ਉਨ੍ਹਾਂ ਕਿਹਾ ਕਿ ਪਹਿਲਾਂ ਇਹ ਗੱਡੀ ਅੰਮਿ੍ਤਸਰ ਤੋਂ ਵਾਇਆ ਜਲੰਧਰ ਦੇ ਰਸਤੇ ਕਟੜਾ ਜਾਂਦੀ ਸੀ, ਪਰ ਬਟਾਲਾ, ਗੁਰਦਾਸਪੁਰ, ਪਠਾਨਕੋਟ ਦੇ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਇਸਦੇ ਮਾਰਗ 'ਚ ਬਦਲਾਅ ਕੀਤਾ ਗਿਆ | ਉਨ੍ਹਾਂ ਕਿਹਾ ਕਿ ਰੇਲ ਗੱਡੀ ਨੰਬਰ 26405 ਸ਼ਾਮ 4:40 ਵਜੇ ਅੰਮਿ੍ਤਸਰ ਤੋਂ ਰਵਾਨਾ ਹੋਵੇਗੀ, ਜੋ ਰਸਤੇ 'ਚ ਬਟਾਲਾ ਸ਼ਾਮ 5:18 ਵਜੇ, ਗੁਰਦਾਸਪੁਰ ਸ਼ਾਮ 5:58 ਵਜੇ, ਪਠਾਨਕੋਟ ਸ਼ਾਮ 6:32 ਵਜੇ, ਜੰਮੂ ਤਵੀ ਰਾਤ 8:03 ਹੁੰਦੇ ਹੋਏ ਰਾਤ 9:45 ਵਜੇ ਕਟੜਾ ਪਹੁੰਚੇਗੀ | ਜਦਕਿ ਆਪਣੀ ਵਾਪਸੀ ਦੀ ਯਾਤਰਾ 'ਤੇ ਰੇਲ ਗੱਡੀ ਨੰਬਰ-26406 ਸਵੇਰੇ 6:40 ਵਜੇ ਕਟੜਾ ਤੋਂ ਰਵਾਨਾ ਹੋਵੇਗੀ ਅਤੇ ਲਗਭਗ 11:40 ਵਜੇ ਅੰਮਿ੍ਤਸਰ ਪਹੁੰਚੇਗੀ | ਇਹ ਗੱਡੀ ਸਨਿਚਰਵਾਰ ਨੂੰ ਛੱਡ ਕੇ ਹਫ਼ਤੇ ਦੇ ਬਾਕੀ ਸਾਰੇ ਦਿਨ ਚੱਲੇਗੀ | ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕਰਦੇ ਹਨ ਕਿ ਕੇਂਦਰ ਸਰਕਾਰ ਪੰਜਾਬ ਦੇ ਰੇਲ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਬਿੱਟੂ ਨੇ ਕਿਹਾ ਕਿ ਰੇਲਵੇ ਵਲੋਂ ਆਉਂਦੇ ਸਮੇਂ ਹੋਰ ਰੇਲ ਗੱਡੀਆਂ ਚਲਾਉਣ ਦੀ ਯੋਜਨਾ ਹੈ | ਅੰਮਿ੍ਤਸਰ ਤੋਂ ਜੰਮੂ ਕਸ਼ਮੀਰ ਤੱਕ ਰੇਲ ਸੇਵਾ ਸ਼ੁਰੂ ਕਰਨ ਦਾ ਐਲਾਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੰਮਿ੍ਤਸਰ ਤੋਂ ਜੰਮੂ-ਕਸ਼ਮੀਰ ਦੀ ਰੇਲ ਸੇਵਾ ਨੂੰ ਵੀ ਜਲਦ ਸ਼ੁਰੂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਰੇਲਵੇ ਵਲੋਂ ਅੰਮਿ੍ਤਸਰ ਰੇਲਵੇ ਸਟੇਸ਼ਨ ਨੂੰ ਨਵੀਂ ਦਿੱਖ ਦੇਣ ਲਈ ਲਗਭਗ 500 ਕਰੋੜ ਦੇ ਪ੍ਰਾਜੈਕਟ ਨੂੰ ਪਹਿਲਾਂ ਹੀ ਮਨਜ਼ੂਰੀ ਦਿੱਤੀ ਗਈ ਹੈ | ਜਦਕਿ ਬਿਆਸ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਲਈ 62 ਕਰੋੜ ਰੁਪਏ ਦਾ ਪ੍ਰਾਜੈਕਟ ਲਿਆਂਦਾ ਗਿਆ ਹੈ, ਜਿਸਦਾ ਟੈਂਡਰ ਵੀ ਹੋ ਚੱੁਕਾ ਹੈ | ਨਾਲ ਹੀ ਕੇਂਦਰੀ ਰੇਲ ਮੰਤਰੀ ਵਲੋਂ ਪੰਜਾਬ ਲਈ 201 ਕਰੋੜ ਰੁਪਏ ਦੇ ਇਕ ਹੋਰ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ | ਇਸ ਤੋਂ ਇਲਾਵਾ ਬਿਆਸ-ਕਾਦੀਆਂ ਪ੍ਰਾਜੈਕਟ ਵੀ ਲਾਈਨ 'ਚ ਹੈ | ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਦਿੱਲੀ ਰੇਲਵੇ ਸਟੇਸ਼ਨ 'ਤੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ ਤੇ ਰੇਲਵੇ ਸਟੇਸ਼ਨ ਦਾ ਨਾਂਅ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂਅ 'ਤੇ ਰੱਖਣ ਲਈ ਪ੍ਰਧਾਨ ਮੰਤਰੀ ਅਤੇ ਅਮਿਤ ਸ਼ਾਹ ਨੂੰ ਮੰਗ ਕੀਤੀ ਜਾਵੇਗੀ |
ਅੰਮਿ੍ਤਸਰ-ਕਟੜਾ ਵੰਦੇ ਭਾਰਤ ਐਕਸਪੈ੍ਰੱਸ ਸੇਵਾ ਦੀ ਰੇਲ ਰਾਜ ਮੰਤਰੀ ਬਿੱਟੂ ਵਲੋਂ ਸ਼ੁਰੂਆਤ <br/>
ਅਜੀਤ ਡੈਸਕ
17-06-2026